ਪੰਜਾਬਪਟਿਆਲਾ

ਪੰਜਾਬ ‘ਚ HUNG ਸਰਕਾਰ ਦੇ ਆਸਾਰ

ਮਿਲੀ-ਜੁਲੀ ਸਰਕਾਰ ਨੂੰ ਕੇਂਦਰ ਸਰਕਾਰਾਂ ਨਹੀਂ ਚੱਲਣ ਦਿੱਤਾ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
kanwerbedi1@gmail.com
ਅਗਾਮੀ ਵਿਧਾਨ ਸਭਾ ਚੋਣਾਂ ‘ਚ ਸੱਤਾ ਹਾਸਲ ਕਰਨ ਲਈ ਕਾਹਲੀ ਪਈਆਂ ਸਿਆਸੀ ਪਾਰਟੀਆਂ ‘ਚ ਹੋ ਰਹੀ ਹਿਲਜੁਲ ਅਤੇ ਲੋਕਾਂ ਦਾ ਕਿਸੇ ਵੀ ਪਾਰਟੀ ਵੱਲ ਵੱਧ ਝੁਕਾਅ ਨਾ ਹੋਣ ਕਾਰਨ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਵਿਖਾਈ ਨਹੀਂ ਦੇ ਰਿਹਾ ਹੈ। ਲੋਕਾਂ ਦੇ ਮੂੰਹੋਂ ਵੀ ਇਹ ਗੱਲ ਆਪ ਮੁਹਾਰੇ ਆਉਣ ਲੱਗ ਪਈ ਹੈ ਕਿ ਚੋਣਾਂ ‘ਚ ਦਰਜਨ ਦੇ ਕਰੀਬ ਹਿੱਸਾ ਲੈ ਰਹੀਆਂ ਪਾਰਟੀਆਂ ਦੇ ਚੋਣ ਪਿੜ ‘ਚ ਉਤਰ ਆਉਣ ਨਾਲ ‘ਖਿਚੜੀ’ ਪੱਕਦੀ ਵਿਖਾਈ ਦੇ ਰਹੀ ਹੈ ਅਤੇ ਇੰਝ ਜਾਪਣ ਲੱਗ ਪਿਆ ਹੈ ਕਿ ਪੰਜਾਬ ‘ਲਟਕਵੀਂ’ ਵਿਧਾਨ ਸਭਾ ਵੱਲ ਵੱਧ ਰਿਹਾ ਹੈ ਅਤੇ 2017 ਦੇ ਇਤਿਹਾਸ ‘ਚ ਮੁੜ ‘ਹੰਗ’ ਸਰਕਾਰ ਬਣਨ ਦੇ ਆਸਾਰ ਬਣਦੇ ਜਾ ਰਹੇ ਹਨ।

ਅਕਸਰ ਚੋਣਾਂ ਦਾ ਸਮਾਂ ਨੇੜੇ ਆਉਣ ‘ਤੇ ਲੋਕ ਦੁਖੀ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਬਦਲ ਲੱਭ ਲਿਆ ਕਰਦੇ ਸਨ ਅਤੇ ਏਸ ਵਾਰ ਤੀਜੀ ਧਿਰ ਵਜੋਂ ‘ਆਮ ਆਦਮੀ ਪਾਰਟੀ’ ਭਰਵੀਂ ਹਾਜ਼ਰੀ ਲਗਵਾ ਰਹੀ ਹੈ ਅਤੇ ਲੋਕ ਆਪਣੀ ‘ਵੋਟ’ ਕਿਸ ਪਾਰਟੀ ਨੂੰ ਦੇਣ ਅਜਿਹਾ ਫੈਸਲਾ ਵੀ ਨਹੀਂ ਕਰ ਪਾ ਰਹੇ ਅਤੇ ਹਾਲਾਤ ਇਹ ਬਣੇ ਹੋਏ ਹਨ ਕਿ ਅਕਾਲੀ ਦਲ, ਕਾਂਗਰਸ ਅਤੇ ਆਪ ਦੇ ਹੱਕ ਵਿਚ ਅਜੇ ਤੱਕ ਪੂਰੀ ਹਵਾ ਨਹੀਂ ਬਣ ਸਕੀ।
ਪੰਜਾਬ ਦੀਆਂ ਚੋਣਾਂ ‘ਚ ਬਣਦੀ ਜਾ ਰਹੀ ਉਲਝਣ ਵਾਲੀ ਸਥਿਤੀ ਤੋਂ ਉਪਜਦੇ ਹਾਲਾਤਾਂ ਨੂੰ ਵੇਖ ਕੇ ਲੋਕਾਂ ਨੂੰ 9ਵੀਂ ਵਾਰ ਰਾਸ਼ਟਰਪਤੀ ਰਾਜ ਲੱਗਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਜਦੋਂ ਵੀ ਪੰਜਾਬ ‘ਚ ਗੈਰ-ਪਾਰਟੀਆਂ ਨੇ ਸਿਰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਕੇਂਦਰ ਸਰਕਾਰਾਂ ਨੇ ਉਨ੍ਹਾਂ ਨੂੰ ਚੱਲਣ ਹੀ ਨਹੀਂ ਦਿੱਤਾ। ਅਜਿਹੀ ਸਥਿਤੀ ਬਣ ਜਾ ਕਾਰਨ ਲੋਕਾਂ ਨੂੰ ਰਾਸ਼ਟਰਪਤੀ ਰਾਜ ਦਾ ਇਕ ਫਿਰ ਮੁੜ ਸੰਤਾਪ ਭੋਗਣਾ ਪੈ ਸਕਦਾ।
ਅਗਾਮੀ ਚੋਣਾਂ ‘ਚ ਰਵਾਇਤੀ ਪਾਰਟੀਆਂ, ‘ਆਪ’, ‘ਪੰਜਾਬ ਫਰੰਟ’, ‘ਆਪਣਾ ਪੰਜਾਬ ਪਾਰਟੀ’, ਬਸਪਾ ਤੋਂ ਇਲਾਵਾ ਸੱਤਾ ਪ੍ਰਾਪਤੀ ਲਈ ਭਾਵੇਂ ਕਈ ਪਾਰਟੀਆਂ ਪਰ ਤੋਲ ਰਹੀਆਂ ਹਨ, ਪ੍ਰੰਤੂ ਉਨ੍ਹਾਂ ਕੋਲ ਅਧਾਰਤ ਸੀਮਤ ‘ਵੋਟ’ ਹੋਣ ਕਾਰਨ ਰੰਗ ‘ਚ ਭੰਗ ਪਾਉਣ ਵਾਲੀ ਭੂਮਿਕਾ ਹੀ ਰਹੇਗੀ।
ਇਸ ਵਾਰ ਬਦਲਦੇ ਜਾ ਰਹੇ ਸਮੀਕਰਣ ਇਸ ਗੱਲ ਵੀ ਧਿਆਨ ਦਿਵਾਉਂਦੇ ਹਨ ਕਿ ਜਦੋਂ-ਜਦੋਂ ਵੀ ਪੰਜਾਬ ‘ਚ ਮਿਲੀ-ਜੁਲੀ ਸਰਕਾਰ ਬਣੀ ਹੈ ਤਾਂ ਉਹ ਬਹੁਤ ਹੀ ਘੱਟ ਸਮੇਂ ‘ਚ ਖਿੰਡ-ਪੁੰਡ ਗਈਆਂ ਅਤੇ ਪੰਜਾਬ ‘ਚ ਅੱਠ ਵਾਰ ‘ਹੰਗ ਸਰਕਾਰ’ ਬਣੀ, ਪ੍ਰੰਤੂ ਇਸ ਵਾਰ ਰਵਾਇਤੀ ਪਾਰਟੀਆਂ ਤੋਂ ਇਲਾਵਾ ‘ਆਪ’ ਨੂੰ ਵੀ ਬਹੁਮਤ ਨਾ ਮਿਲਣ ਕਾਰਨ ਪੰਜਾਬ ‘ਚ ਮਿਲੀ-ਜੁਲੀ ਸਰਕਾਰ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਿਆਸੀ ਪਾਰਟੀਆਂ ਵੱਲੋਂ ਇਕ-ਦੂਜੇ ਖਿਲਾਫ਼ ਕੀਤੀ ਜਾ ਰਹੀ ਦੂਸ਼ਣਬਾਜ਼ੀ ਰਾਹੀਂ ਇਹ ਗੱਲ ਸਾਹਮਣੇ ਆ ਚੁੱਕੀ ਹੈ।
ਸਿਆਸੀ ਸਮਾਗਮਾਂ ‘ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਆਪ ਵੱਲੋਂ ਕਾਂਗਰਸ ਉਮੀਦਵਾਰਾਂ ਖਿਲਾਫ਼ ਖੜੇ ਕੀਤੇ ਕਮਜ਼ੋਰ ਉਮੀਦਵਾਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਅਤੇ ਆਪ ‘ਚ ਗੁਪਤ ਸਮਝੌਤਾ ਹੋ ਚੁੱਕਾ ਹੈ ਆਪ ਅਤੇ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲਦਾ ਵਿਖਾਈ ਨਹੀਂ ਦੇ ਰਿਹਾ ।
ਦੂਜੇ ਪਾਸੇ ਕੈਪਟਨ ਅਮਰਿੰਦਰ ਕਹਿ ਰਹੇ ਹਨ ਕਿ ‘ਅਕਾਲੀ’ ਅਤੇ ‘ਆਪ’ ਆਪਸ ਰਲੇ ਹੋਏ ਹਨ, ਜਿਨਾਂ ਪਿਛੇ ਆਰ ਐਸ ਐਸ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ-ਜਿਥੇ ਕਾਂਗਰਸ ਨੇ ਅਕਾਲੀ ਦਲ ਨੂੰ ਮਜ਼ਬੂਤ ਟੱਕਰ ਦੇਣੀ ਹੈ, ਉਥੇ ਆਪ ਪਾਰਟੀ ਨੇ ਕਾਂਗਰਸ ਦੀ ਵੋਟ ਨੂੰ ਸੰਨ ਲਾਉਣ ਲਈ ਅਜਿਹੇ ਚਿਹਰੇ ਚੋਣ ਪਿੜ ‘ਚ ਉਤਾਰੇ ਹਨ ਤਾਂ ਜੋ ਕਾਂਗਰਸੀ ਉਮੀਦਵਾਰਾਂ ਨੂੰ ਹਰਾ ਕੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਇਆ ਜਾ ਸਕੇ। ਉਨ੍ਹਾਂ ਦਾ ਮੰਨਣਾ ਹੈ ਕਿ ਆਪ ਦੀ ਨੀਤ ਤੇ ਨੀਤੀ ਸਪੱਸ਼ਟ ਹੋ ਗਈ ਹੈ, ਜਿਸ ਨਾਲ ਕੇਜਰੀਵਾਲ ‘ਅਕਾਲੀ ਦਲ’ ਦੀ ਸਰਕਾਰ ਬਣਾਉਣ ‘ਚ ਭੂਮਿਕਾ ਨਿਭਾ ਰਹੇ ਹਨ।
ਚੋਣਾਂ ‘ਚ ਹਿੱਸਾ ਲੈ ਰਹੇ ਗਰਮ ਖਿਆਲੀ ਧਿਰਾਂ ਦਾ ਮੰਨਣਾ ਹੈ ਕਿ ਭਾਜਪਾ ਤੇ ਅਕਾਲੀ ਆਰ ਐਸ ਐਸ ਦਾ ਹੱਥ ਠੋਕਾ ਹਨ ਅਤੇ ਕਾਂਗਰਸ ਦੀ ਵਾਗਢੋਰ ਇੰਦਰਾ ਗਾਂਧੀ ਪਰਿਵਾਰ ਕੋਲ ਹੈ, ਜਿਸ ਕਾਰਨ ਸਿੱਖਾਂ ਦੀ ਹੋਂਦ ਖ਼ਤਰੇ ‘ਚ ਹੈ ਅਤੇ ਸਿੱਖ ਅਤੇ ਸਿੱਖੀ ਦਾ ਘਾਣ ਕਰਨ ‘ਚ ਏਨਾ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਮ ਆਦਮੀ ਪਾਰਟੀ’ ਦੇ ਮਨਸੂਬੇ ਸਿੱਖਾਂ ਲਈ ਚੰਗੇ ਨਹੀਂ ਹਨ ਅਤੇ ਇਹ ਪਾਰਟੀ ਵੀ ਗੈਰ ਸਿੱਖ ਧਿਰਾਂ ਦੇ ਹੱਥਾਂ ‘ਚ ਖੇਡ ਰਹੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ‘ਸਪੱਸ਼ਟ-ਬਹੁਮਤ’ ਵਾਲੀ ਸਰਕਾਰ ਨਾ ਬਣਨ ਕਾਰਨ ਜੇ ਪੰਜਾਬ ‘ਚ ‘ਸਮਝੌਤੇ’ ਤਹਿਤ ‘ਮਿਲੀ-ਜੁਲੀ’ ਸਰਕਾਰ ਬਣਦੀ ਵੀ ਹੈ ਤਾਂ ਸਮਾਂ ਪੈਣ ‘ਤੇ ‘ਹੰਗ ਸਰਕਾਰ’ ਬਣਨ ਦੇ ਸੰਕੇਤ ਮਿਲਦੇ ਹਨ ਕਿਉਂਕਿ ਰਵਾਇਤੀ ਪਾਰਟੀਆਂ ਦੀ ਬਣੀ ਹੋਈ ਵਿਚਾਰਧਾਰਾ ਨਾਲ ਕੋਈ ਵੀ ਪਾਰਟੀ ਸਥਿਰ ਸਮੇਂ ਲਈ ਸੱਤਾ ਸੁੱਖ ਨਹੀਂ ਮਾਣ ਸਕੇਗੀ।

Leave a Reply

Your email address will not be published. Required fields are marked *