ਪੰਜਾਬਪਟਿਆਲਾ

‘ਹੌਟ’ ਸੀਟ ‘ਤੇ ਹਾਰ ਚੱਖਣੀ…

ਉਮੀਦਵਾਰ ਐਲਾਨਣ ‘ਚ ਦੇਰੀ : ਸਿਆਸੀ ਸਰਗਰਮੀਆਂ ਮੱਧਮ ਪਈਆਂ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
kanwerbedi1@gmail.com
ਸ਼੍ਰੋਮਣੀ ਅਕਾਲੀ ਵੱਲੋਂ ਉਮੀਦਵਾਰ ਐਲਾਨਣ ‘ਚ ਕੀਤੀ ਜਾ ਰਹੀ ਦੇਰੀ ਨਾਲ ਅਕਾਲੀ ਆਗੂਆਂ ਦੀਆਂ ਸਿਆਸੀ ਸਰਗਰਮੀਆਂ ਮੱਧਮ ਪੈਂਦੀਆਂ ਨਜ਼ਰ ਆ ਰਹੀਆਂ ਹਨ। ਚੋਣਾਂ ‘ਚ ਘੱਟ ਸਮਾਂ ਰਹਿ ਗਿਆ ਇਹ ਜਾਣਦੇ ਹੋਏ ਵੀ ਅਕਾਲੀ ਆਗੂ ਖੁੱਲ੍ਹਮ-ਖੁੱਲ੍ਹਾ ਚੋਣਾਂ ਵਾਲਾ ਮਾਹੌਲ ਬਣਾਉਣ ‘ਚ ਸਫਲ ਨਹੀਂ ਹੋ ਰਹੇ। ਉਮੀਦਵਾਰੀ ਨੂੰ ਲੈ ਕੇ ਸਿਆਸੀ ਸੱਥਾਂ ‘ਚ ਭਾਵੇਂ ਘੁਸਰ-ਮੁਸਰ ਹੁੰਦੀ ਰਹਿੰਦੀ ਹੈ, ਪ੍ਰੰਤੂ ਕੋਣ, ਕਦੋਂ ਅਤੇ ਕਿਹੜਾ ਉਮੀਦਵਾਰ ਹੋਵੇਗਾ ਇਹ ਚਰਚਾ ਵੀ ਇਕ ਪਾਸੇ ਖਿਸਕਦੀ ਜਾ ਰਹੀ ਹੈ।

ਅਕਾਲੀ ਆਗੂਆਂ ਦੀਆਂ ਇੱਕਾ-ਦੁੱਕਾ ਸਰਗਰਮੀਆਂ ਕਾਰਣ ਚੋਣ ਕਸਰਤ ਘੱਟ ਹੋ ਕੇ ਰਹਿ ਗਈ ਹੈ ਅਤੇ ਦਿਲਚਸਪ ਮੁਕਾਬਲਾ ਨਾ ਹੋਣ ਕਾਰਨ ਇਸ ਸੀਟ ‘ਤੇ ਅਕਾਲੀ ਆਗੂਆਂ ‘ਚ ‘ਰੌਚਕਤਾ’ ਵੀ ਨਹੀਂ ਬਣ ਪਾ ਰਹੀ ਅਤੇ ਮੁਕਾਬਲਾ ਇਕ ਪਾਸੜ ਬਣਦਾ ਵਿਖਾਈ ਦੇ ਰਿਹਾ ਹੈ।
ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਆਪ ਪਾਰਟੀ ਵੱਲੋਂ ਡਾ. ਬਲਬੀਰ ਚੋਣ ਮੈਦਾਨ ‘ਚ ਨਿੱਤਰੇ ਹੋਏ ਹਨ, ਜਦੋਂ ਕਿ ਅਕਾਲੀ ਦਲ ਅਜੇ ਤੱਕ ਉਮੀਦਵਾਰ ਬਾਰੇ ਸਥਿਤੀ ਸਪੱਸ਼ਟ ਨਹੀਂ ਕਰ ਸਕਿਆ।
ਆਪ ਵੱਲੋਂ ਭਾਵੇਂ ਕਾਂਗਰਸ ਅਤੇ ਅਕਾਲੀ ਦਲ ਨੂੰ ਟੱਕਰ ਦੇਣ ਲਈ ਡਾ. ਬਲਬੀਰ ਨੂੰ ਉਮੀਦਵਾਰ ਬਣਾਇਆ ਗਿਆ, ਜੋ ਅਜੇ ਤੱਕ ਅਜਿਹੀ ਸਥਿਤੀ ‘ਚ ਨਹੀਂ ਹਨ, ਜਿਸ ਨੂੰ ਵੇਖ ਕੇ ਇੰਝ ਕਿਹਾ ਜਾ ਸਕੇ ਕਿ ਮੁਕਾਬਲਾ ਦਿਲਚਸਪ ਹੋਵੇਗਾ। ਹਾਲਾਂਕਿ ਆਪ ਉਮੀਦਵਾਰ ਡਾ. ਬਲਬੀਰ ਨੇ ਚੋਣ ਸਰਗਰਮੀਆਂ ਬਣਾਈਆਂ ਹੋਈਆਂ, ਜਿਨਾਂ ਵੱਲੋਂ ਨੁੱਕੜ ਮੀਟਿੰਗਾਂ ‘ਚ ਕਾਂਗਰਸ ਅਤੇ ਅਕਾਲੀ ਦਲ ਨੂੰ ਖੁੱਲ੍ਹਕੇ ਰਗੜੇ ਲਗਾ ਕੇ ਸਥਿਤੀ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ, ਪ੍ਰੰਤੂ ਕਾਂਗਰਸ ਪੱਖ ਤੋਂ ਡਾ. ਬਲਬੀਰ ਨੂੰ ਸਿਰਦਰਦੀ ਨਹੀਂ ਮੰਨਿਆ ਜਾ ਰਿਹਾ ਅਜਿਹੀ ਸਥਿਤੀ ਸਾਹਮਣੇ ਆਉਣ ਨਾਲ ਇਹ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਬਣੇਗਾ।
ਉਮੀਦਵਾਰ ਐਲਾਨਣ ‘ਚ ਕੀਤੀ ਜਾ ਰਹੀ ਦੇਰੀ ਕਾਰਣ ਅਕਾਲੀ ਸੱਥਾਂ ‘ਚ ਇਹ ਵੀ ਚਰਚਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਰਾਜਪੁਰਾ ਅਤੇ ਪਟਿਆਲਾ ਸੀਟ ਨੂੰ ਬਦਲਕੇ ਨਵਾਂ ਤਜਰਬਾ ਕਰ ਸਕਦੀਆਂ ਹਨ, ਪ੍ਰੰਤੂ ਅੰਦਰਖਾਤੇ ਅਜੇ ਤੱਕ ਦੋਵੇਂ ਪਾਰਟੀਆਂ ਇਕਮੱਤ ਨਹੀਂ ਹੋ ਸਕੀਆਂ।
ਅਕਾਲੀ ਦਲ ਅਤੇ ਭਾਜਪਾ ਵੱਲੋਂ ਹਲਕਾ ਬਦਲਣ ਲਈ ਕੀਤੇ ਜਾ ਰਹੇ ਸਮਝੌਤੇ ਨੂੰ ਇਸ ਸੰਦਰਭ ਵਿਚ ਵੀ ਵੇਖਿਆ ਜਾ ਰਿਹਾ ਹੈ ਕਿ ਸ਼ਹਿਰ ਦੀ ਭਾਪਾ ਬਰਾਦਰੀ ‘ਚ ਇਕ ਦੂਜੇ ਪ੍ਰਤੀ ਕਾਫੀ ਖਿੱਚੋਤਾਣ ਹੈ, ਜਿਸ ਕਾਰਨ ਅਕਾਲੀ ਦਲ ਦੇ ਵੋਟ ਬੈਂਕ ਨੂੰ ਸੰਨ ਲੱਗ ਸਕਦੀ ਹੈ। ਅਕਾਲੀ ਦਲ ‘ਸੱਪ ਨੂੰ ਮਾਰ ਕੇ ‘ਡਾਂਗ’ ਬਚਾਉਣ ਲਈ ਅਜਿਹੀ ਵਿਉਂਤਬੰਦੀ ਕਰ ਰਿਹਾ ਹੈ ਕਿ ਜੇ ਭਾਜਪਾ ਨਾਲ ਹਲਕਾ ਬਦਲਕੇ ਉਮੀਦਵਾਰ ਲਿਆਂਦਾ ਜਾਂਦਾ ਹੈ ਤਾਂ ਸਦਾ-ਸਦਾ ਲਈ ‘ਭਾਪਾ ਬਿਰਾਦਰੀ’ ‘ਚ ਚੱਲਦੀ ਆ ਧੜੇਬੰਦੀ ਨੂੰ ਖ਼ਤਮ ਕੀਤਾ ਜਾ ਸਕਦਾ।
ਅਕਾਲੀ ਦਲ ਇਹ ਵੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਸ਼ਾਹੀ ਪਰਿਵਾਰ ਦੀ ‘ਹੋਟ’ ਸੀਟ ਹੈ ਇਸ ਸੀਟ ‘ਤੇ ਭਾਵੇਂ ਅਕਾਲੀ ਦਲ ਜਾਂ ਭਾਜਪਾ ਦਾ ਕੋਈ ਵੀ ਉਮੀਦਵਾਰ ਨਿੱਤਰੇ ਉਸ ਨੂੰ ਹਾਰ ਚੱਖਣੀ ਪੈ ਸਕਦੀ ਹੈ, ਪ੍ਰੰਤੂ ਅਕਾਲੀ ਦਲ ਏਸ ਵਾਰ ਭਾਜਪਾ ਨਾਲ ਸਮਝੌਤਾ ਕਰਕੇ ਅਜਿਹਾ ਉਮੀਦਵਾਰ ਚੋਣ ਮੈਦਾਨ ‘ਚ ਉਤਾਰਨਾ ਚਾਹੁੰਦਾ, ਜਿਸ ਨਾਲ ‘ਕੈਪਟਨ’ ਨੂੰ ਘਰ ‘ਚ ਸਖਤ ਟੱਕਰ ਦਿੱਤੀ ਜਾ ਸਕੇ।
ਅਕਾਲੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਜੇ ਸਮਾਂ ਪਾਉਂਦਿਆਂ ‘ਆਪ’ ਦੇ ਹੱਕ ‘ਚ ‘ਹਵਾ’ ਬਣ ਜਾਂਦੀ ਹੈ ਤਾਂ ਇਸ ਵਾਰ ‘ਕੈਪਟਨ’ ਨੂੰ ਹਾਰ ਵਾਲੇ ਪਾਸੇ ਲਿਜਾਇਆ ਜਾ ਸਕਦਾ ਅਤੇ ਅਕਾਲੀ-ਭਾਜਪਾ ਦੀ ਹਲਕਾ ਬਦਲਣ ਦੀ ਵਿਉਂਤਬੰਦੀ ਸਿਰੇ ਚੜ ਸਕਦੀ ਹੈ।
ਸਿਆਰੀ ਮਾਹਿਰਾਂ ਦਾ ਕਹਿਣਾ ਹੈ ਕਿ ਚੋਣ ਪਿੜ ‘ਚ ਆਉਣ ਵਾਲੇ ਉਮੀਦਵਾਰਾਂ ਕੋਲ ਲੋਕਾਂ ‘ਚ ਆਪੋ-ਆਪਣੀ ਗੱਲ ਰੱਖਣ ਦਾ ਘੱਟ ਸਮਾਂ ਰਹਿ ਗਿਆ ਅਤੇ ਦੋਵੇਂ ਪਾਰਟੀਆਂ ਵੱਲੋਂ ਬਿਨਾਂ ਵਜ੍ਹਾ ਕੀਤੀ ਜਾ ਰਹੀ ਦੇਰੀ ਨਾਲ ਹੈਰਾਨੀਜਨਕ ਨਤੀਜਿਆਂ ਦਾ ਮੂੰਹ ਵੇਖਣਾ ਪੈ ਸਕਦਾ।

Leave a Reply

Your email address will not be published. Required fields are marked *