ਪਟਿਆਲਾ ਜ਼ਿਲ੍ਹੇ ਦੀ ਨਵੀ ਵੋਟਰ ਸੂਚੀ ਜਾਰੀ 13 ਲੱਖ 96 ਹਜ਼ਾਰ 960 ਵੋਟਰ ਕਰਨਗੇ ਵੋਟ ਦੇ ਹੱਕ ਦਾ ਇਸਤੇਮਾਲ
ਪਟਿਆਲਾ, 5 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਯੋਗਤਾ ਮਿਤੀ 1-1-2017 ਦੇ ਆਧਾਰ ‘ਤੇ ਅੱਜ ਪ੍ਰਕਾਸ਼ਤ ਹੋਈ ਅੰਤਿਮ ਵੋਟਰ ਸੂਚੀ ਦੀਆਂ ਕਾਪੀਆਂ ਨੂੰ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਮੀਟਿੰਗ ਦੌਰਾਨ ਸੌਂਪੀਆਂ।
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਵੋਟਰ ਸੂਚੀਆਂ ਦੀਆਂ ਕਾਪੀਆਂ ਦੇ ਨਾਲ-ਨਾਲ ਉਸ ਦੀ ਸੀ.ਡੀ. ਵੀ ਮੁਹੱਈਆ ਕਰਵਾਈ। ਸ਼੍ਰੀ ਰਾਮਵੀਰ ਸਿੰਘ ਨੇ ਰਾਜਸੀ ਪਾਰਟੀਆਂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਪ੍ਰਕਾਸ਼ਤ ਹੋਈ ਨਵੀਂ ਵੋਟਰ ਸੂਚੀ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਹੁਣ ਕੁੱਲ 13 ਲੱਖ 96 ਹਜ਼ਾਰ 960 ਵੋਟਰ ਹੋ ਗਏ ਹਨ ਜਿਹਨਾਂ ਵਿੱਚ 7 ਲੱਖ 37 ਹਜ਼ਾਰ 459 ਮਰਦ ਅਤੇ 6 ਲੱਖ 59 ਹਜ਼ਾਰ 451 ਔਰਤ ਵੋਟਰ ਸ਼ਾਮਲ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 50 ਵੋਟਾਂ ਥਰਡ ਜੈਂਡਰ ਵੱਲੋਂ ਬਣਾਈਆਂ ਗਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਵਿੱਚ 1594 ਬੂਥ ਬਣਾਏ ਗਏ ਹਨ ਅਤੇ ਜ਼ਿਲ੍ਹੇ ਦੇ 2038 ਅਪਾਹਜ ਵੋਟਰਾਂ ਲਈ ਉਹਨਾਂ ਦੇ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਵੋਟਾਂ 9 ਜਨਵਰੀ ਤੱਕ ਬਣ ਸਕਣਗੀਆਂ।
ਸ਼੍ਰੀ ਰਾਮਵੀਰ ਸਿੰਘ ਨੇ ਨਵੀਂ ਵੋਟਰ ਸੂਚੀ ਅਨੁਸਾਰ ਪਟਿਆਲਾ ਦੇ 8 ਵਿਧਾਨ ਸਭਾ ਹਲਕਿਆਂ ਦੀਆਂ ਕੁੱਲ ਵੋਟਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 109 ਨਾਭਾ ਵਿਧਾਨ ਸਭਾ ਹਲਕੇ ਵਿੱਚ ਹੁਣ 1 ਲੱਖ 73 ਹਜ਼ਾਰ 833 ਵੋਟਰ ਹਨ ਜਿਹਨਾਂ ਵਿੱਚ 91672 ਮਰਦ ਅਤੇ 82156 ਔਰਤ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 110 ਪਟਿਆਲਾ ਦਿਹਾਤੀ ਵਿੱਚ ਕੁੱਲ 2 ਲੱਖ 3 ਹਜ਼ਾਰ 354 ਵੋਟਰ ਹਨ ਜਿਹਨਾਂ ਵਿੱਚ 1ਲੱਖ 5 ਹਜ਼ਾਰ 914 ਮਰਦ ਅਤੇ 97 ਹਜ਼ਾਰ 432 ਔਰਤ ਵੋਟਰ ਹਨ, 111 ਰਾਜਪੁਰਾ ਵਿੱਚ ਕੁੱਲ 1 ਲੱਖ 64 ਹਜ਼ਾਰ 110 ਜਦ ਕਿ 87 ਹਜ਼ਾਰ 363 ਮਰਦ ਅਤੇ 76 ਹਜ਼ਾਰ 740 ਔਰਤ ਵੋਟਰ ਹਨ, 113 ਘਨੌਰ ਵਿੱਚ 1 ਲੱਖ 54 ਹਜ਼ਾਰ 229 ਕੁੱਲ ਵੋਟਰ ਹਨ ਅਤੇ 83363 ਮਰਦ ਅਤੇ 70862 ਔਰਤ ਵੋਟਰ, 114 ਸਨੌਰ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਹਲਕੇ ਵਿੱਚ ਕੁੱਲ 2 ਲੱਖ 3 ਹਜ਼ਾਰ 48 ਵੋਟਰ ਹਨ ਜਿਹਨਾਂ ਵਿੱਚੋਂ 1 ਲੱਖ 7 ਹਜ਼ਾਰ 407 ਮਰਦ ਅਤੇ 95636 ਔਰਤ ਵੋਟਰ ਸ਼ਾਮਲ ਹਨ, 115 ਪਟਿਆਲਾ (ਸ਼ਹਿਰੀ) ਵਿੱਚ 1 ਲੱਖ 57 ਹਜ਼ਾਰ 858 ਕੁੱਲ ਵੋਟਰ ਹਨ ਜਦ ਕਿ 82429 ਮਰਦ ਅਤੇ 75420 ਔਰਤ ਵੋਟਰ ਸ਼ਾਮਲ ਹਨ, 116 ਸਮਾਣਾ ਹਲਕੇ ਵਿੱਚ ਕੁੱਲ ਵੋਟਰ 1 ਲੱਖ 76 ਹਜ਼ਾਰ 397 ਹਨ ਜਦ ਕਿ 92 ਹਜ਼ਾਰ 269 ਮਰਦ ਅਤੇ 84 ਹਜ਼ਾਰ 115 ਔਰਤ ਵੋਟਰ ਸ਼ਾਮਲ ਹਨ। ਵਿਧਾਨ ਸਭਾ ਹਲਕਾ 117 ਸ਼ੁਤਰਾਣਾ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਇਸ ਹਲਕੇ ਵਿੱਚ ਨਵੀਂ ਵੋਟਰ ਸੂਚੀ ਮੁਤਾਬਕ 1 ਲੱਖ 64 ਹਜ਼ਾਰ 131 ਵੋਟਰ ਹਨ ਜਿਹਨਾਂ ਵਿੱਚੋਂ 87 ਹਜ਼ਾਰ 39 ਮਰਦ ਅਤੇ 77 ਹਜ਼ਾਰ 90 ਔਰਤ ਵੋਟਰ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਅਮਲ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਮੂਹ ਰਾਜਸੀ ਪਾਰਟੀਆਂ ਅਤੇ ਆਮ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ 11 ਜਨਵਰੀ ਤੋਂ 18 ਜਨਵਰੀ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 19 ਜਨਵਰੀ ਨੂੰ ਹੋਵੇਗੀ ਅਤੇ ਕਾਗਜ਼ ਵਾਪਸ ਲੈਣ ਦੀ ਅੰਤਿਮ ਤਾਰੀਖ 21 ਜਨਵਰੀ ਹੈ। ਉਨ੍ਹਾਂ ਦੱਸਿਆ ਕਿ ਵੋਟਾਂ 4 ਫਰਵਰੀ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਵੇਗੀ। ਰਾਜਸੀ ਪਾਰਟੀਆਂ ਨਾਲ ਮੀਟਿੰਗ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਤੋਂ ਇਲਾਵਾ ਐਸ.ਐਸ.ਪੀ. ਪਟਿਆਲਾ ਸ਼੍ਰੀ ਗੁਰਮੀਤ ਸਿੰਘ ਚੌਹਾਨ, ਸ਼੍ਰੀ ਸੰਦੀਪ ਕੁਮਾਰ ਆਈ.ਏ.ਐਸ., ਐਸ.ਪੀ. ਸ਼੍ਰੀ ਸੁਖਦੇਵ ਸਿੰਘ ਵਿਰਕ, ਚੋਣ ਕਾਨੂੰਗੋ ਸ਼੍ਰੀ ਵਿਜੇ ਕੁਮਾਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

