ਬੈਂਕ ਆਫ਼ੀਸਰ ਕਨਫੈਡਰੇਸ਼ਨ ਨੇ ਚੋਣ ਡਿਊਟੀਆਂ ਵਿਚ ਛੂਟ ਸਬੰਧੀ ਡੀ. ਸੀ. ਨੂੰ ਦਿੱਤਾ ਮੰਗ ਪੱਤਰ
ਪਟਿਆਲਾ (ਮਧੂਸਾਰ ਬਿਊਰੋ)
ਆਲ ਇੰਡੀਆ ਬੈਂਕ ਆਫ਼ੀਸਰ ਕਨਫੈਡਰੇਸ਼ਨ (ਏ.ਆਈ.ਬੀ.ਓ.ਸੀ.) ਦੇ ਸਕੱਤਰ ਰਾਜੀਵ ਸਰਹੰਦੀ ਦੀ ਅਗਵਾਈ ਹੇਠ ਬੈਂਕ ਆਫ਼ੀਸਰ ਦੇ ਇਕ ਵਫ਼ਦ ਨੇ ਆਗਾਮੀ ਚੋਣਾਂ ਵਿਚ ਡਿਊਟੀਆਂ ਵਿਚ ਛੂਟ ਸਬੰਧੀ ਡੀ. ਸੀ. ਪਟਿਆਲਾ ਰਾਮਵੀਰ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ।
ਇਸ ਮੌਕੇ ਰਾਜੀਵ ਸਰਹੰਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੇ ਭਾਰਤ ਵਿਚ 3 ਲੱਖ ਤੋਂ ਵੱਧ ਬੈਂਕ ਆਫ਼ੀਸਰਜ਼ ਹਨ ਜੋ ਕਿ ਚੋਣਾਂ ਵਿਚ ਡਿਊਟੀਆਂ ਵਿਚ ਛੂਟ ਸਬੰਧੀ ਪੁਰਜ਼ੋਰ ਮੰਗ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕੇਂਦਰ ਸਰਕਾਰ ਵੱਲੋਂ 500 ਅਤੇ 1 ਹਜ਼ਾਰ ਦੇ ਨੋਟਾਂ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਬੈਂਕਾਂ ਵਿਚ ਕੰਮ ਬਹੁਤ ਜ਼ਿਆਦਾ ਵੱਧ ਗਿਆ ਹੈ ਅਤੇ ਸਮੂਹ ਬੈਂਕ ਆਫ਼ੀਸਰ 12 ਤੋਂ 14 ਘੰਟੇ ਦੀ ਡਿਊਟੀ ਦੇ ਰਹੇ ਹਨ ਅਤੇ ਨਕਦੀ ਦੀ ਘਾਟ ਕਾਰਨ ਰੋਜ਼ ਹੀ ਬੈਂਕਾਂ ਵਿਚ ਗ੍ਰਾਹਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਅਤੇ ਆਏ ਦਿਨ ਆਰ. ਬੀ. ਆਈ. ਵੱਲੋਂ ਕੋਈ ਨਾ ਕੋਈ ਨਵੀਂ ਸਕੀਮ ਲਾਗੂ ਕਰ ਦਿੱਤੀ ਜਾਂਦੀ ਹੈ ਅਤੇ ਬੈਂਕ ਆਫ਼ੀਸਰਜ਼ ਨੂੰ ਉਸ ਸਕੀਮ ਤਹਿਤ ਵਾਧੂ ਸਮਾਂ ਲਗਾ ਕੇ ਕੰਮ ਕਰਨਾ ਪੈਂਦਾ ਹੈ ਅਤੇ ਗ੍ਰਾਹਕਾਂ ਨੂੰ ਨਵੀਂ ਸਕੀਮ ਪ੍ਰਤੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੀ 4 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬੈਂਕ ਅਫ਼ਸਰਜ਼ ਦੀ ਡਿਊਟੀ ਨਾ ਲਗਾਈ ਜਾਵੇ ਅਤੇ ਉਨ੍ਹਾਂ ਨੂੰ ਡਿਊਟੀ ਵਿਚ ਵਿਸ਼ੇਸ਼ ਛੂਟ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਬੈਂਕ ਵਿਚ ਪੈ ਰਹੇ ਭਾਰੀ ਰਸ਼ ਦੇ ਤਹਿਤ ਗ੍ਰਾਹਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਸਕਣ। ਇਸ ਮੌਕੇ ਕਾਮਰੇਡ ਚਮਨ ਸਿੰਗਲਾ ਜਨਰਲ ਸਕੱਤਰ, ਕਾਮਰੇਡ ਜਗਜੀਤ ਸਿੰਘ ਪੀ. ਐਨ. ਬੀ., ਕਾਮਰੇਡ ਜੇ. ਕੇ. ਗੁਪਤਾ, ਕਾਮਰੇਡ ਹਰਿੰਦਰ ਗੁਪਤਾ, ਕਾਮਰੇਡ ਹਰਭਜਨ ਸਿੰਘ, ਕਾਮਰੇਡ ਹਰਸ਼ਵਿੰਦਰ ਸਿੰਘ ਬੈਂਕ ਆਫ਼ ਇੰਡੀਆ, ਕਾਮਰੇਡ ਲਾਜਪਤ ਗੋਇਲ, ਕਾਮਰੇਡ ਐਸ. ਕੇ. ਮਲਿਕ, ਕਾਮਰੇਡ ਬਿਨੀ ਸਿਨ੍ਹਾ, ਕਾਮਰੇਡ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਹੋਰ ਬੈਂਕ ਆਫ਼ੀਸਰਜ਼ ਅਤੇ ਕਨਫੈਡਰੇਸ਼ਨ ਦੇ ਅਧਿਕਾਰੀ ਮੌਜੂਦ ਸਨ।

