ਪੰਜਾਬ

ਆਪ ਅਤੇ ਗਰਮ ਖਿਆਲੀ ਧਿਰਾਂ ਨੇ ਰਲ ਕੇ ਰਚੀ ਹਿੰਸਾ ਦੀ ਸਾਜਿਸ਼: ਸੁਖਬੀਰ ਬਾਦਲ

ਕਿਹਾ ਕਿ ਜਲਾਲਾਬਾਦ ਅਤੇ ਲੰਬੀ ਦੀਆਂ ਘਟਨਾਵਾਂ ਤੋਂ ਕੁੱਝ ਦਿਨ ਪਹਿਲਾਂ ਕੇਜਰੀਵਾਲ ਗਰਮ ਖਿਆਲੀ ਆਗੂਆਂ ਨੂੰ ਮਿਲੇ
ਜਲਾਲਾਬਾਦ /12 ਜਨਵਰੀ/ਮਧੂਸਾਰ ਬਿਊਰੋ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਗਰਮ ਖਿਆਲੀ ਧਿਰਾਂ ਨਾਲ ਮਿਲੀ ਹੋਈ ਹੈ ਅਤੇ ਹਾਲ ਹੀ ਵਿਚ ਜਲਾਲਾਬਾਦ ਅਤੇ ਲੰਬੀ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਇਹਨਾਂ ਦੋਵਾਂ ਧਿਰਾਂ ਦੀ ਸਾਜਿਸ਼ ਦਾ ਨਤੀਜਾ ਸਨ।

ਉਹ ਅੱਜ ਇੱਥੇ ਆਪਣੀ ਪਤਨੀ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਨ ਆਏ ਸਨ , ਜਿਸ ਦੌਰਾਨ ਬੀਬੀ ਬਾਦਲ ਨੇ ਸ਼ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰੇ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਤਾਜ਼ਾ ਹਿੰਸਾ ਦੀਆਂ ਘਟਨਾਵਾਂ ਆਪ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਗਰਮ ਖਿਆਲੀ ਧਿਰਾਂ ਨਾਲ ਕੀਤੀਆਂ ਮੀਟਿੰਗਾਂ ਤੋਂ ਤੁਰੰਤ ਬਾਅਦ ਵਾਪਰੀਆਂ ਹਨ।
ਇਸ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੰਦਿਆਂ ਸ਼ ਬਾਦਲ ਨੇ ਦੱਸਿਆ ਕਿ ਕੇਜਰੀਵਾਲ ਨੇ ਕੁੱਝ ਹੀ ਸਮਾਂ ਪਹਿਲਾਂ ਗਰਮ ਖਿਆਲੀ ਧਿਰਾਂ ਦੇ ਸਮਰਥਨ ਨਾਲ ਆਪੂੰ ਬਣੇ ਤਿੰਨ ਮੁਤਵਾਜ਼ੀ ਜਥੇਦਾਰਾਂ ਅਤੇ ਗਰਮ ਖਿਆਲੀ ਆਗੂ ਮੋਹਕਮ ਸਿੰਘ ਨਾਲ ਮੀਟਿੰਗਾਂ ਕੀਤੀਆਂ ਸਨ। ਵੱਖਵਾਦੀ ਸੰਗਠਨ ਯੂਨਾਈਟਿਡ ਅਕਾਲੀ ਦਲ ਦੇ ਪਹਿਲਾਂ ਰਹੇ ਮੁਖੀ ਵੀ ਪੰਜਾਬ ਵਿਚ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਤਿੰਨ ਦਿਨ ਪਹਿਲਾਂ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਮੋਹਰੀ ਜਥੇਬੰਦੀ ਅਖੰਡ ਕੀਰਤਨੀ ਜਥਾ ਦੇ ਬੁਲਾਰੇ ਆਰ ਪੀ ਸਿੰਘ ਨਾਲ ਵੀ ਬਰੇਕਫਾਸਟ ਕਰਦੇ ਹੋਏ ਮੀਟਿੰਗ ਕੀਤੀ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਗਰਮ ਖਿਆਲੀ ਸਿੱਖ ਆਗੂ ਅਮਰੀਕ ਸਿੰਘ ਅਜਨਾਲਾ ਨੂੰ ਵੀ ਮਿਲ ਚੁੱਕਿਆ ਹੈ, ਜਿਸ ਦੇ ਭਰਾ ਨੇ ਬੀਤੇ ਦਿਨੀ ਮੁੱਖ ਮੰਤਰੀ ਸਾਹਿਬ ਉੱਤੇ ਹਮਲਾ ਕੀਤਾ ਸੀ। ਇਸ ਤੋਂ ਸਾਬਿਤ ਹੁੰਦਾ ਹੈ ਕਿ ਹਿੰਸਾ ਦੀਆਂ ਇਹ ਸਾਰੀਆਂ ਘਟਨਾਵਾਂ ਪੰਜਾਬ ਵਿਚ ਗੜਬੜ ਪੈਦਾ ਕਰਨ ਦੀ ਰਣਨੀਤੀ ਤਹਿਤ ਕਰਵਾਈਆਂ ਗਈਆਂ ਹਨ।
ਇੱਕ ਸਵਾਲ ਦਾ ਜੁਆਬ ਦਿੰਦਿਆਂ ਸ਼ ਬਾਦਲ ਨੇ ਕਿਹਾ ਕਿ ਆਪ ਇਹ ਗੱਲ ਰਸਮੀ ਤੌਰ ਤੇ ਸਵੀਕਾਰ ਕਰ ਚੁੱਕੀ ਹੈ ਕਿ ਇਸ ਨੇ ਲੋਕਾਂ ਨੂੰ ਹਿੰਸਾ ਲਈ ਭੜਕਾਇਆ ਹੈ। ਆਪ ਆਗੂ ਭਗਵੰਤ ਮਾਨ ਨੇ ਹਾਲ ਹੀ ਵਿਚ ਲੋਕਾਂ ਨੂੰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਉੱਤੇ ਪੱਥਰ ਸੁੱਟਣ ਬਾਰੇ ਸ਼ਰੇਆਮ ਕਿਹਾ ਸੀ ਅਤੇ ਇੱਕ ਟੈਲੀਵੀਜ਼ਨ ਨੂੰ ਦਿੱਤੀ ਇੰਟਰਵਿਊ ਵਿਚ ਇਹ ਗੱਲ ਸਵੀਕਾਰ ਵੀ ਕੀਤੀ ਸੀ। ਇਹ ਗੱਲ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦੀ ਜਾ ਚੁੱਕੀ ਹੈ।
ਸ਼ ਬਾਦਲ ਨੇ ਕਿਹਾ ਕਿ ਇਹ ਸਾਰੀਆਂ ਹਿੰਸਕ ਘਟਨਾਵਾਂ ਆਪ ਦੀ ਬੌਖਲਾਹਟ ਦਾ ਨਤੀਜਾ ਹਨ। ਇਸ ਪਾਰਟੀ ਨੂੰ ਮਹਿਸੂਸ ਹੋ ਗਿਆ ਹੈ ਕਿ ਇਸ ਦੇ ਪੈਰਾਂ ਹੇਠਲੀ ਜ਼ਮੀਨ ਖਿਸਕ ਰਹੀ ਹੈ ਅਤੇ ਲੋਕਾਂ ਨੇ ਇਸ ਦੇ ਪੰਜਾਬ ਵਿਰੋਧੀ ਏਜੰਡੇ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਵਜ੍ਹਾ ਕਰਕੇ ਆਪ ਹੋਛੀ ਰਾਜਨੀਤੀ ‘ਤੇ ਉੱਤਰ ਆਈ ਹੈ।
ਆਪ ਨੂੰ ਅਕਾਲੀ ਦਲ ਦੇ ਸਬਰ ਦਾ ਇਮਤਿਹਾਨ ਨਾ ਲੈਣ ਦੀ ਚਿਤਾਵਨੀ ਦਿੰਦੇ ਹੋਏ ਸ਼ ਬਾਦਲ ਨੇ ਕਿਹਾ ਕਿ ਅਕਾਲੀ ਕਾਡਰ ਇਸ ਲਈ ਚੁੱਪ ਹੈ ਕਿਉਂਕਿ ਉਹ ਸ਼ਾਂਤੀ ਪਸੰਦ ਹਨ ਅਤੇ ਅਮਨ ਅਤੇ ਕਾਨੂੰਨ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ। ਪਿਛਲੇ 10 ਸਾਲਾਂ ਦੌਰਾਨ ਪੰਜਾਬ ਵਿਚ ਅਮਨ ਅਤੇ ਭਾਈਚਾਰਕ ਸਾਂਝ ਦਾ ਮਾਹੌਲ ਇਸ ਦੀ ਜੀਉਂਦੀ ਜਾਗਦੀ ਮਿਸਾਲ ਹੈ। ਇਹ ਸ਼ਾਂਤੀ ਦੋ ਦਹਾਕਿਆਂ ਦੀ ਹਿੰਸਾ ਮਗਰੋਂ ਬੜੀ ਮੁਸ਼ਕਿਲ ਨਾਲ ਹਾਸਿਲ ਕੀਤੀ ਗਈ ਸੀ। ਪਰੰਤੂ ਹੁਣ ਕੁੱਝ ਤਾਕਤਾਂ ਰਲ ਕੇ ਗੁੰਡਾਗਰਦੀ ਉੱਤੇ ਉੱਤਰ ਆਈਆਂ ਹਨ। ਸਾਡਾ ਕਾਡਰ ਅਮਨ ਅਤੇ ਸ਼ਾਂਤੀ ਵਿਚ ਵਿਸ਼ਵਾਸ਼ ਜਰੂਰ ਰੱਖਦਾ ਹੈ, ਪਰ ਜੇਕਰ ਇਸ ਦੀ ਅਣਖ ਨੂੰ ਲਲਕਾਰਿਆ ਜਾਵੇ ਤਾਂ ਇਹ ਮੂੰਹ ਤੋੜ ਜੁਆਬ ਦੇਣਾ ਵੀ ਜਾਣਦਾ ਹੈ।

Leave a Reply

Your email address will not be published. Required fields are marked *