ਆਪ ਦੀ ਸਰਕਾਰ ਆਉਣ ‘ਤੇ ਸ਼ਹਿਰ ਨੂੰ ਨਵੀਂ ਦਿੱਖ ਦੇ ਕੇ ਸ਼ਿੰਗਾਰਿਆ ਜਾਵੇਗਾ-ਡਾ. ਬਲਬੀਰ ਸਿੰਘ
ਪਟਿਆਲਾ, 15 ਜਨਵਰੀ (ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਹੱਕ ਵਿਚ ਵੱਖ ਵੱਖ ਥਾਈਂ ਚੋਣ ਪ੍ਰਚਾਰ ਸਭਾਵਾਂ ਦਾ ਆਯੋਜਨ ਕੀਤਾ ਗਿਆ। ਜਿਨ੍ਹਾਂ ਵਿਚ ਸ਼ਹਿਰ ਦੀਆਂ ਕਈ ਸਮਾਜਿਕ ਸੰਸਥਾਵਾਂ ਅਤੇ ਨੌਜਵਾਨ ਸਭਾਵਾਂ ਦੇ ਅਹੁਦੇਦਾਰਾਂ ਨੇ ਡਾ. ਬਲਬੀਰ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸਮੂਹ ਸੰਸਥਾਵਾਂ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਜਿੱਤ ਦਾ ਦਾਅਵਾ ਕੀਤਾ।
ਚੋਣ ਪ੍ਰਚਾਰ ਸਭਾਵਾਂ ਨੂੰ ਸੰਬੋਧਨ ਕਰਦਿਆਂ ਜਗਮੋਹਨ ਸੈਣੀ ਲੀਗਲ ਸੈੱਲ, ਕੁਲਦੀਪ ਸਿੰਘ ਸੇਖੋਂ (ਰਿਟਾ) ਅਤੇ ਜੇ.ਪੀ. ਸਿੰਘ ਨੇ ਕਿਹਾ ਕਿ ਸ਼ਹਿਰ ਦੇ ਲੋਕ ਕਾਂਗਰਸ ਨੂੰ ਜਿਤਾਉਣ ਦਾ ਨਤੀਜਾ ਭੁਗਤ ਚੁੱਕੇ ਹਨ। ਅਕਾਲੀ-ਭਾਜਪਾ ਸਰਕਾਰ ਦੁਆਰਾ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਕੀਤੀ ਜਾ ਰਹੀ ਲੁੱਟ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਹ ਇਨ੍ਹਾਂ ਰਿਵਾਇਤੀ ਸਿਆਸੀ ਪਾਰਟੀਆਂ ਨੂੰ ਸਬਕ ਸਿਖਾਉਣ ਦੇ ਰੌਂਅ ਵਿਚ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਵਿਚ ਇਸ ਵਾਰ ਭਾਰੀ ਉਤਸ਼ਾਹ ਹੈ। ਲੋਕਾਂ ਦੇ ਮਿਲ ਰਹੇ ਭਰਵੇਂ ਪਿਆਰ ਅਤੇ ਸਤਿਕਾਰ ਦੀ ਉਹ ਕਦਰ ਕਰਦੇ ਹਨ। ਇਸ ਵਾਰ ਲੋਕਾਂ ਦੀ ਸਰਕਾਰ ਬਣਾਉਣ ਦਾ ਸੁਨਹਿਰੀ ਮੌਕਾ ਜਨਤਾ ਕੋਲ ਹੈ। ਅਕਾਲੀ ਅਤੇ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਨੇ ਸ਼ਹਿਰ ਨੂੰ 50 ਸਾਲ ਪਿੱਛੇ ਧੱਕ ਦਿੱਤਾ ਹੈ। ਵਿਕਾਸ ਦਾ ਨਾਅਰਾ ਦੇਣ ਵਾਲੀ ਸਰਕਾਰ ਬੁਨਿਆਦੀ ਸਹੂਲਤਾਂ ਦੇਣ ਵਿਚ ਵੀ ਨਾਕਾਮ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਸ਼ਹਿਰ ਦੇ ਲੋਕਾਂ ਦੀ ਗੱਲ ਦੂਰ ਮੁੱਖ ਮੰਤਰੀ ਹੁੰਦਿਆਂ ਆਪਣੇ ਐਮ ਐਲ ਏ ਤੱਕ ਨੂੰ ਨਹੀਂ ਸਨ ਮਿਲਦੇ। ਜਿਸ ਕਾਰਨ ਲੋਕ ਅਕਾਲੀ ਤੇ ਕਾਂਗਰਸ ਨੂੰ ਨਕਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰਨ ਵਿਚ ਦਿਲਚਸਪੀ ਦਿਖਾ ਰਹੇ ਹਨ। ਜੋ ਬਦਲਾਅ ਆਉਣ ਦੀ ਵੱਡੀ ਨਿਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਸ਼ਹਿਰੀਆਂ ਦੇ ਉਨ੍ਹਾਂ ‘ਤੇ ਕੀਤੇ ਭਰੋਸੇ ਨੂੰ ਸਦਾ ਬਰਕਰਾਰ ਰੱਖਣਗੇ। ਆਪ ਦੀ ਸਰਕਾਰ ਆਉਣ ‘ਤੇ ਸ਼ਹਿਰ ਨੂੰ ਨਵੀਂ ਦਿੱਖ ਦੇ ਕੇ ਸ਼ਿੰਗਾਰਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਹੁਲ ਬਲਬੀਰ ਸੈਣੀ, ਪ੍ਰਦੀਪ ਜੋਸ਼ਨ, ਕੁਲਵੰਤ ਸਿੰਘ, ਕਿਰਪਾਲ ਸੈਣੀ, ਰਾਜਵੰਤ ਸਿੰਘ, ਸਾਬਕਾ ਇੰਜ: ਵੀ. ਕੇ. ਗੁਲਾਟੀ, ਪ੍ਰੀਤਮ ਸਿੰਘ ਡੀ.ਐਸ.ਪੀ. (ਰਿਟਾ.), ਹਰਮੇਸ਼ਪਾਲ ਗੁਪਤਾ ਸਾਬਕਾ ਇੰਜ:, ਮੈਡਮ ਜਸਵੀਰ ਕੌਰ, ਜਸਪਿੰਦਰ ਕੌਰ ਢਿੱਲੋਂ, ਡਾ. ਪ੍ਰੇਮਪਾਲ ਸਿੰਘ ਢਿੱਲੋਂ, ਕਰਨ,ਸੰਜੀਵ ਬੰਧੂ, ਸ਼ਵਿੰਦਰ ਧਨੰਜੈ, ਜਸਬੀਰ ਗਾਂਧੀ, ਇੰਦਰਜੀਤ ਸਿੰਘ ਧੀਮਾਨ, ਗੱਜਣ ਸਿੰਘ, ਮੋਹਨ ਲਾਲ ਅਤੇ ਗੁਰਿੰਦਰ ਸਿੰਘ ਹਾਜ਼ਰ ਸਨ।

