ਪੰਜਾਬ

ਕੈਪਟਨ ਅਮਰਿੰਦਰ ਬਾਦਲਾਂ ਦੀ ਕਿਸਮਤ ਨਹੀਂ ਬਦਲ ਸਕਦਾ, ਪਟਿਆਲਾ ਸੀਟ ਵੀ ਹਾਰੇਗਾ ਅਮਰਿੰਦਰ – ਮਾਨ

ਚੰਡੀਗੜ੍ਹ, 16ਜਨਵਰੀ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ (ਆਪ) ਨੇ ਅੱਜ ਕਾਂਗਰਸ ਪਾਰਟੀ ਉਤੇ ਦੋਸ਼ ਲਗਾਇਆ ਹੈ ਕਿ ਸਰਕਾਰ ਵਿਰੋਧੀ ਵੋਟਾਂ ਨੂੰ ਵੰਡ ਕੇ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਬੇਟੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਲੰਬੀ ਅਤੇ ਜਲਾਲਾਬਾਦ ਹਲਕਿਆਂ ਵਿੱਚ ਸ਼ਰਮਨਾਕ ਹਾਰ ਤੋਂ ਬਚਾਉਣਾ ਚਾਹੁੰਦੀ ਹੈ।

ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਜਾਰੀ ਇੱਕ ਬਿਆਨ ਵਿੱਚ ਦੋਸ਼ ਲਗਾਇਆ ਕਿ ਅਕਾਲੀ ਅਤੇ ਕਾਂਗਰਸ ਦੋਵੇਂ ਭਲੀਭਾਂਤੀ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਹਾਸਿਲ ਕਰਨ ਜਾ ਰਹੀ ਹੈ ਅਤੇ ਦੋਵੇਂ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵੱਡੇ ਫਰਕ ਨਾਲ ਆਪਣੀਆਂ ਸੀਟਾਂ ਹਾਰ ਰਹੇ ਹਨ। ਉਨਾਂ ਕਿਹਾ ਕਿ ਬਾਦਲ ਅਤੇ ਕੈਪਟਨ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਦੋਵੇਂ ਪਰਿਵਾਰਾਂ ਵੱਲੋਂ ਇੱਕ-ਦੂਜੇ ਦੇ ਸਿਆਸੀ ਹਿੱਤਾਂ ਦਾ ਖਿਆਲ ਰੱਖਿਆ ਜਾਂਦਾ ਹੈ। ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਰਵਨੀਤ ਬਿੱਟੂ ਨੂੰ ਸੁਖਬੀਰ ਬਾਦਲ ਖਿਲਾਫ ਮੈਦਾਨ ਵਿੱਚ ਉਤਾਰ ਕੇ ਵਿਰੋਧ ਵਿੱਚ ਪੈਣ ਵਾਲੀਆਂ ਵੋਟਾਂ ਨੂੰ ਵੰਡ ਕੇ ਬਾਦਲਾਂ ਨੂੰ ਜਿਤਾਉਣ ਦੀ ਕੋਸ਼ਿਸ਼ ਹੈ।
ਮਾਨ ਨੇ ਕਿਹਾ ਕਿ ਭਾਵੇਂ ਕਾਂਗਰਸ ਅਤੇ ਅਕਾਲੀ ਦਲ ਨੇ ਇੱਕ-ਦੂਜੇ ਦੇ ਸਿਆਸੀ ਆਗੂਆਂ ਨੂੰ ਬਚਾਉਣ ਲਈ ਸਾਜਿਸ਼ ਰਚੀ ਹੈ, ਪਰ ਇਸ ਦੇ ਬਾਵਜੂਦ ਦੋਵੇਂ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਦੋਵਾਂ ਸੀਟਾਂ ਤੋਂ ਸੂਝਵਾਨ ਵੋਟਰਾਂ ਦੇ ਕਾਰਨ ਹਾਰ ਯਕੀਨਨ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਇੱਕ ਕਮਜੋਰ ਉਮੀਦਵਾਰ ਜਨਰਲ ਜੇਜੇ ਸਿੰਘ ਨੂੰ ਪਟਿਆਲਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਨੂੰ ਪੂਰਾ ਯਕੀਨ ਹੈ ਅਤੇ ਬਾਦਲਾਂ ਖਿਲਾਫ ਚੋਣ ਲੜਨ ਲਈ ਉਹ ਗੰਭੀਰ ਹਨ ਤਾਂ ਉਨਾਂ ਨੂੰ ਸਿਰਫ ਲੰਬੀ ਤੋਂ ਚੋਣ ਲੜਨੀ ਚਾਹੀਦੀ ਹੈ, ਨਾ ਕਿ ਦੋ ਥਾਵਾਂ ਉਤੇ। ਮਾਨ ਨੇ ਕਿਹਾ ਕਿ ਦੋ ਸੀਟਾਂ ਉਤੇ ਚੋਣ ਲੜਨ ਤੋਂ ਪ੍ਰਤੀਤ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਨਾਲ ਹੀ ਉਨਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਨਾਂ ਨੇ ਕਿ 10 ਸਾਲ ਪੰਜਾਬ ਨੂੰ ਪੂਰੀ ਤਰਾਂ ਲੁੱਟਿਆ ਹੈ ਉਹ ਲੰਬੀ ਤੋਂ ਬਿਨਾਂ ਹੋਰ ਕਿਤੋਂ ਵੀ ਚੋਣ ਨਹੀਂ ਲੜਨਗੇ ਅਤੇ ਹੁਣ ਕਾਂਗਰਸ ਦੀ ਆੜ ਭਾਲ ਰਹੇ ਹਨ।
ਰਵਨੀਤ ਬਿੱਟੂ ਬਾਰੇ ਉਨਾਂ ਕਿਹਾ ਕਿ ਉਹ ਉਨਾਂ ਨੂੰ ਸ਼ੁੱਭ ਇਛਾਵਾਂ ਦਿੰਦੇ ਹਨ, ਪਰ ਬਿੱਟੂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜਲਾਲਾਬਾਦ ਤੋਂ ਉਸ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਕੈਪਟਨ ਅਮਰਿੰਦਰ ਸਿੰਘ ਮਰਹੂਮ ਬੇਅੰਤ ਸਿੰਘ ਦੇ ਸਿਆਸੀ ਰੁਤਬੇ ਨੂੰ ਖਤਮ ਕਰਨਾ ਚਾਹੁੰਦੇ ਹਨ।
ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਬਾਦਲ ਪਰਿਵਾਰ ਨੂੰ ਲੱਤ ਮਾਰ ਕੇ ਸਿਆਸਤ ਤੋਂ ਬਾਹਰ ਕਰਨ ਦਾ ਫੈਸਲਾ ਕਰ ਲਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋ ਸੀਟਾਂ ਉਤੇ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਲੋਕਾਂ ਦੇ ਵਿਸ਼ਵਾਸ਼ ਨਾਲ ਧੋਖਾ ਹੋਵੇਗੀ।
ਆਪ ਆਗੂ ਨੇ ਸਾਬਕਾ ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਉਤੇ ਪੰਜਾਬ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਦਾ ਆਰੋਪ ਲਗਾਇਆ। ਉਨਾਂ ਕਿਹਾ ਕਿ 84 ਦੇ ਸਿੱਖ ਕਤਲੇਆਮ ਨੂੰ ਲੈ ਕੇ ਸਿੱਧੂ ਨੇ ਕਈ ਵਾਰ ਕਾਂਗਰਸ ਨੂੰ ਦੋਸ਼ੀ ਠਹਿਰਾਇਆ ਹੈ। ਉਨਾਂ ਕਿਹਾ ਕਿ ਸਿੱਧੂ ਨੇ ਕਾਂਗਰਸ ਲਈ ਮੁੰਨੀ ਬਦਨਾਮ ਅਤੇ ਰਾਹੁਲ ਗਾਂਧੀ ਲਈ ਪੱਪੂ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ।
ਮਾਨ ਨੇ ਕਿਹਾ ਕਿ ਸਿੱਧੂ ਦੀ ਪੰਜਾਬ ਲਈ ਕੋਈ ਵਿਚਾਰਧਾਰਾ ਨਹੀਂ ਹੈ ਅਤੇ ਨਾ ਹੀ ਉਹ ਪੰਜਾਬ ਨੂੰ ਲੈ ਕੇ ਗੰਭੀਰ ਹਨ। ਉਨਾਂ ਕਿਹਾ ਕਿ ਜੇਕਰ ਕਾਂਗਰਸ ਸੋਚਦੀ ਹੈ ਕਿ ਸਿੱਧੂ ਉਨਾਂ ਦੀ ਡੁੱਬਦੀ ਬੇੜੀ ਨੂੰ ਬਚਾ ਲਵੇਗਾ, ਤਾਂ ਕਾਂਗਰਸ ਦੀ ਇਹ ਸਭ ਤੋਂ ਵੱਡੀ ਮੂਰਖਤਾ ਹੋਵੇਗੀ ਕਿ ਕਾਂਗਰਸ ਨੂੰ ਪੰਜਾਬ ਵਿੱਚ ਜਮੀਨੀ ਸੱਚਾਈ ਦਾ ਕੋਈ ਗਿਆਨ ਨਹੀਂ। ਮਾਨ ਨੇ ਇੱਕ ਵਾਰ ਫਿਰ ਦੋਹਰਾਇਆ ਕਿ ਕਾਂਗਰਸ ਪਾਰਟੀ ਵੱਲੋਂ ਪੂਰੇ ਸੂਬੇ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਜਾਵੇਗੀ ਅਤੇ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ।

Leave a Reply

Your email address will not be published. Required fields are marked *