ਪੰਜਾਬ

ਭਗਵੰਤ ਮਾਨ ਗੈਰ ਪੰਜਾਬੀਆਂ ਨਾਲ ਮਿਲ ਕੇ ਪੰਜਾਬ ਵਿਰੋਧੀ ਸਾਜ਼ਿਸ਼ਾਂ ਰਚਣ ਤੋਂ ਗੁਰੇਜ਼ ਕਰੋ : ਸਿਰਸਾ

ਚੰਡੀਗੜ੍ਹ, 16ਜਨਵਰੀ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਭਗਵੰਤ ਮਾਨ ਵੱਲੋਂ ਰਾਜ ਦੇ ਹਿਤਾਂ ਖਿਲਾਫ ਕੰਮ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਉਹ ਉਹਨਾਂ ਗੈਰ ਪੰਜਾਬੀ ਤਾਕਤਾਂ ਨਾਲ ਮਿਲ ਕੇ ਰਾਜ ਖਿਲਾਫ ਸਾਜ਼ਿਸ਼ਾਂ ਰਚ ਰਹੇ ਹਨ ਜੋ ਪੰਜਾਬ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਸਰਗਰਮ ਹਨ।

ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਬਣੇ ਸ੍ਰੀ ਮਾਨ ਰਾਜ ਦੇ ਹਿਤਾਂ ਖਿਲਾਫ ਕੰਮ ਕਰ ਰਹੇ ਹਨ ਤੇ ਉਹਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਜੋ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਆਜ਼ਾਦੀ ਸੰਘਰਸ਼ ਦੇ ਪਰਵਾਨੇ ਸ਼ਹੀਦ ਭਗਤ ਸਿੰਘ ਦੇ ਪਸੰਦੀਦਾ ਬਸੰਤੀ ਰੰਗ ਦੀ ਪੱਗ ਬੰਨਦੇ ਹਨ ਪਰ ਕੌੜੀ ਸੱਚਾਈ ਇਹ ਹੈ ਕਿ ਭਗਤ ਸਿੰਘ ਦੀ ਜਨਮ ਭੂਮੀ ਪੰਜਾਬ ਦੇ ਖਿਲਾਫ ਸਰਗਰਮ ਹਨ। ਉਹਨਾਂ ਕਿਹਾ ਕਿ ਅਤਿ ਮੰਦਭਾਗੀ ਗੱਲ ਇਹ ਹੈ ਕਿ ਪੰਜਾਬ ਖਿਲਾਫ ਭਾਸ਼ਾ ਵੀ ਗੈਰ ਪੰਜਾਬੀਆਂ ਵਾਲੀ ਵਰਤ ਰਹੇ ਹਨ ਤੇ ਪੰਜਾਬੀ ਨੌਜਵਾਨਾਂ ਨੂੰ ਨਸ਼ੇੜੀ ਦੱਸਣ ਦੇ ਨਾਲ ਨਾਲ ਰਾਜ ਦਾ ਅਕਸ ਵਿਗਾੜਨ ਲਈ ਹਰ ਤਰ੍ਹਾਂ ਦੇ ਸੰਗੀਨ ਇਲਜ਼ਾਮ ਲਗਾ ਰਹੇ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬੜੀ ਹੀ ਹੈਰਾਨੀ ਵਾਲੀ ਗੱਲ ਹੈ ਕਿ ਇਕ ਵਿਅਕਤੀ ਜੋ ਸੂਬੇ ਵਿਚ ਆਪਣੇ ਵਿਅੰਗ ਕੱਸਣ ਦੀ ਬਦੌਲਤ ਲੋਕਾਂ ਦੀ ਹਰਮਨਪਿਆਰਾ ਸੀ ਹੁਣ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿਚ ਕਠਪੁਤਲੀ ਬਣ ਗਿਆ ਹੈ। ਦੇਸ਼ ਭਗਤਾਂ ਤੇ ਦੇਸ਼ ਲਈ ਮਰ ਮਿਟਣ ਵਾਲਿਆਂ ਲਈ ਜਾਣੀ ਜਾਂਦੀ ਇਸ ਧਰਤੀ ਪੰਜਾਬ ਦਾ ਕੇਜਰੀਵਾਲ ਵੱਧ ਤੋਂ ਵੱਧ ਨੁਕਸਾਨ ਕਰਨ ਦੇ ਰੌਂਅ ਵਿਚ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਦੇ ਕਿਸਾਨ ਦੇਸ਼ ਦੀ ਅੰਨ ਦੀ ਜ਼ਰੂਰਤ ਨੂੰ ਪੂਰਾ ਕਰਦੇ ਹਨ ਪਰ ਪੰਜਾਬ ਦੀ ਸ਼ਾਂਤੀ ਤੇ ਤਰੱਕੀ ਦੇ ਵਿਰੋਧੀ ਲੋਕਾਂ ਨੇ ਸ੍ਰੀ ਭਗਵੰਤ ਮਾਨ ਵਰਗੇ ਲੋਕਾਂ ਦੀਆਂ ਸੇਵਾਵਾਂ ਰਾਜ ਦੇ ਖਿਲਾਫ ਵਰਤਣ ਵਾਸਤੇ ਲੈ ਲਈਆਂ ਹਨ।
ਅਕਾਲੀ ਦਲ ਦੇ ਆਗੂ ਨੇ ਆਪ ਆਗੂ ਨੂੰ ਆਖਿਆ ਕਿ ਉਹ ਕੁੰਭਕਰਨੀ ਨੀਂਦ ਵਿਚੋਂ ਬਾਹਰ ਆਉਣ ਤਾਂ ਕਿ ਉਹਨਾਂ ਨੂੰ ਮਹਿਸੂਸ ਹੋਵੇ ਕਿ ਉਹ ਕੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਲੋਕ ਜਿਹਨਾਂ ਨੇ ‘ਬਿਹਾਰੀਆਂ’ ਤੇ ਹੋਰ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਆਗੂਆਂ ਦਾ ਕੰਮਕਾਜ ਵਾਚਣ ਵਾਸਤੇ ਨਿਯੁਕਤ ਕੀਤਾ ਸੀ, ਨੂੰ ਰਾਜ ਦੇ ਵਿਕਾਸ ਤੇ ਤਰੱਕੀ ਵਿਚ ਕੋਈ ਦਿਲਚਸਪੀ ਨਹੀਂ ਤੇ ਇਕ ਵਾਰ ਸਿਆਸੀ ਸੱਤਾ ਹਾਸਲ ਕਰਨ ਦਾ ਟੀਚਾ ਪੂਰਾ ਹੋਣ ਮਗਰੋਂ ਉਹ ਸ੍ਰੀ ਭਗਵੰਤ ਮਾਨ ਵਰਗੇ ਲੋਕਾਂ ਨੂੰ ਲੱਤ ਮਾਰ ਕੇ ਭਜਾ ਦੇਣਗੇ ਤੇ ਰਾਜ ਨੂੰ ਮੁਗਲਾਂ ਵਾਂਗ ਲੁੱਟਣਗੇ।

Leave a Reply

Your email address will not be published. Required fields are marked *