ਗੁਰਮੇਹਰ ਕੌਰ ਵਿਵਾਦ : ਅਨਿਲ ਵਿੱਜ ਦਾ ਬਿਆਨ ਬਿਮਾਰ ਤੇ ਫਿਰਕੂ ਮਾਨਸਿਕਤਾ ਵਾਲਾ : ਬੀਰ ਦਵਿੰਦਰ ਸਿੰਘ
ਪਟਿਆਲਾ, 2 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ):
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ. ਬੀਰ ਦਵਿੰਦਰ ਸਿੰਘ ਨੇ ਅੱਜ ਇਥੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਵਲੋਂ ਜਾਰੀ ਬਿਆਨ ‘ਤੇ ਤਿੱਖੀ ਪ੍ਰਤੀਕ੍ਰਿਆ ਜਾਹਰ ਕੀਤੀ ਹੈ।
ਉਨ੍ਹਾਂ ਨੇ ਸ੍ਰੀ ਵਿੱਜ ਵਲੋਂ ਦਿਤੇ ਬਿਆਨ ਕਿ ”ਜੋ ਲੋਕ ਗੁਰਮੇਹਰ ਕੌਰ ਦਾ ਸਮੱਰਥਨ ਕਰਦੇ ਹਨ ਉਨ੍ਹਾਂ ਨੂੰ ਦੇਸ਼ ਵਿੱਚੋ ਬਾਹਰ ਕੱਢ ਦੇਣਾ ਚਾਹੀਦਾ ਹੈ।” ਨੂੰ ਹਰਿਆਣਾਂ ਦੇ ਸਿਹਤ ਮੰਤਰੀ ਦੇ ਇਸ ਬਿਆਨ ਨੂੰ ਵਿਸ਼ੈਲ਼ਾ ਦਸਦਿਆਂ ਬੀਮਾਰ ਅਤੇ ਫਿਰਕੂ ਮਾਨਸਿਕਤਾ ਦੀ ਤਰਜ਼ਮਾਨੀ ਕਰਦਾ ਕਰਾਰਾ ਦਿਤਾ ਹੈ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ”ਉਸਦੇ ਬਿਆਨ ਅਨੁਸਾਰ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਵੱਡੀ ਗਿਣਤੀ ਵਿੱਚ ਸਹੀ ਸੋਚ ਰੱਖਣ ਵਾਲੇ, ਸਾਰੇ ਭਾਰਤੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਇੱਕ ਮੰਤਰੀ ਦਾ ਅਜਿਹਾ ਬਿਆਨ ਕੈਸੀ ਘਟੀਆ ਪੱਧਰ ਦੀ ਅਸਿਹਣਸ਼ੀਲਤਾ ਦਾ ਪ੍ਰਗਟਾਵਾ ਕਰਦਾ ਹੈ? ਸ਼੍ਰੀ ਅਨਿਲ ਵਿੱਜ ਨੇ ਇਹ ਬਿਆਨ ਜਾਰੀ ਕਰਕੇ, ਭਾਰਤ ਦੇ ਸੰਵਿਧਾਨ ਦੀਆਂ ਉਨ੍ਹਾਂ ਸਾਰੀਆਂ ਵਿਸ਼ੇਸ਼ ਧਾਰਾਵਾਂ ਦਾ ਘੋਰ ਅਪਮਾਣ ਕੀਤਾ ਹੈ ਜੋ ਬੁਨਿਆਦੀ ਅਧਿਕਾਰਾਂ ਦੀ ਵਿਵਸਥਾ ਦੇ ਅਧੀਨ, ਭਾਰਤ ਦੇ ਹਰ ਨਾਗਰਿਕ ਨੂੰ, ਆਪਣੇ ਵਿਚਾਰ ਸੁਤੰਤਰ ਰੂਪ ਵਿੱਚ ਪ੍ਰਗਟ ਕਰਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਂਦੀਆਂ ਹਨ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ”ਮੈਨੂੰ ਡਰ ਹੈ ਕਿ ਕਿਤੇ ਬੀ.ਜੇ.ਪੀ ਅਤੇ ਆਰ.ਐਸ.ਐਸ ਵਰਗੀਆਂ ਫਿਰਕਾਪ੍ਰਸਤ ਤਾਕਤਾਂ ਦੀ ਸੰਕੀਰਣਤਾ ਦਾ ਵਿਸ਼ੈਲ਼ਾਪਣ, ਧਰਮਨਿਰਪੱਖ, ਸੁਤੰਤਰ ਭਾਰਤ ਨੂੰ, ਸੋਵੀਅਤ ਰੂਸ ਦੇ ਸ਼ਾਸ਼ਕ , ਜੋਸਫ਼ ਸਟਾਲਿਨ ਵੱਲੋਂ ਸਾਲ 1930 ਤੋਂ 1950 ਵਿਚਕਾਰ, ਆਪਣੇ ਸਿਆਸੀ ਵਿਰੋਧੀਆਂ ਨੂੰ ਮਾਨਸਿਕ ਅਤੇ ਸ਼ਰੀਰਕ ਤਸੀਹੇ ਦੇ ਕੇ, ਉਨ੍ਹਾਂ ਦੀ ਸੁਤੰਤਰ ਆਵਾਜ਼ ਕੁਚਲਣ ਲਈ ਲਾਏ ਗਏ, ਸਾਇਬੇਰੀਆ ਦੇ ਵਗਾਰੀ ਕੈਂਪਾਂ ਦੀ ਤਰਾਸਦੀ ਵਿੱਚ ਤਬਦੀਲ ਨਾ ਕਰ ਦੇਵੇ।”
ਉਨ੍ਹਾਂ ਸਵਾਲ ਕੀਤਾ ਕਿ ”ਕੀ ਬੀ.ਜੇ.ਪੀ ਅਤੇ ਆਰ.ਅੇਸ.ਅੇਸ, ਸੋਵੀਅਤ ਰੂਸ ਦੇ ਜੋਸਫ਼ ਸਟਾਲਿਨ ਦੇ ਨਕਸ਼-ਏ-ਕਦਮ ਤੇ ਚਲਦੇ ਹੋਏ ਹਰ ਸੁਤੰਤਰ ਆਵਾਜ਼ ਨੂੰ ਕੁਚਲਣਾ ਤੇ ਖ਼ਾਮੋਸ਼ ਕਰ ਦੇਣਾ ਚਾਹੁੰਦੇ ਹਨ ਜੋ ਉਨ੍ਹਾਂ ਦੀ ਵਿਚਾਰ ਧਾਰਾ ਨਾਲ ਮੇਲ ਨਹੀਂ ਖਾਂਦੀ।ਅਜਿਹਾ ਕਿਵੇਂ ਹੋ ਸਕਦਾ? ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈ, ਭਾਰਤੀ ਸੰਵਿਧਾਨ ਦੀ ਸੁਤੰਤਰ ਆਤਮਾ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਖੁਲ੍ਹ ਨਹੀਂ ਹੈ। ਭਾਵੇਂ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਜਾ ਫੇਰ ਕਿਸੇ ਸੂਬੇ ਦਾ ਮੰਤਰੀ।”

