ਕੁੰਡੀਆਂ ਦੇ ਸਿੰਙ ਫਸ ਗਏ… ਲਾਲ ਸਿੰਘ ਨੂੰ ਸਨੌਰ ਤੇ ਸਮਾਣਾ ‘ਚ ਲੋਕ ਸਬਕ ਸਿਖਾਉਣਗੇ : ਹਰਮੀਤ ਪਠਾਣਮਾਜਰਾ
ਹਲਕਾ ਸਨੌਰ ਤੋਂ ਹਰਮੀਤ ਪਠਾਣਮਾਜਰਾ ਨੇ ਕੀਤੇ ਕਾਗਜ਼ ਦਾਖਲ
ਪੁੱਤਰ ਮੋਹ ‘ਚ ਪ੍ਰੋ. ਚੰਦੂਮਾਜਰਾ ਤੇ ਲਾਲ ਸਿੰਘ ਦਾ ਗੁਪਤ ਸਮਝੌਤਾ ਲੋਕਾਂ ਦੇ ਸਾਹਮਣੇ ਆਇਆ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਹਲਕਾ ਸਨੌਰ ‘ਚ ਚੁਣੌਤੀ ਦੇ ਰੂਪ ‘ਚ ਵਿਰੋਧੀਆਂ ਲਈ ਸਿਰਦਰਦੀ ਬਣ ਹੋਏ ਹਰਮੀਤ ਸਿੰਘ ਪਠਾਣਮਾਜਰਾ ਨੇ ਅਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਦਾਖਲ ਕਰਕੇ ਚੋਣ ਮੈਦਾਨ ਨੂੰ ਮੁੜ ਭਖਾ ਦਿੱਤਾ ਹੈ ਅਤੇ ਉਨ੍ਹਾਂ ਦੀ ਧਰਮਪਤਨੀ ਸਿਮਰਨਜੀਤ ਕੌਰ ਨੇ ਕਵਰੇਜ਼ ਉਮੀਦਵਾਰ ਵਜੋਂ ਕਾਗਜ਼ ਭਰੇ ਹਨ।
ਨਾਮਜ਼ਦਗੀ ਭਰਨ ਤੋਂ ਬਾਅਦ ਹਰਮੀਤ ਸਿੰਘ ਪਠਾਣਮਾਜਰਾ ਅਤੇ ਉਨ੍ਹਾਂ ਦੀ ਧਰਮਪਤਨੀ ਸਿਮਰਨਜੀਤ ਕੌਰ ਨੇ ਜੇਤੂ ਚਿੰਨ ਬਣਾ ਕੇ ਚੋਣ ਮੁਹਿੰਮ ਦਾ ਮੁੜ ਆਗਾਜ਼ ਕਰ ਦਿੱਤਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਪਾਰਟੀਆਂ ਪਰਿਵਾਰਵਾਦ ਨੂੰ ਲੈ ਕੇ ਚੱਲ ਰਹੀਆਂ ਹਨ, ਜਿਸ ਕਾਰਨ ਦੋਵੇਂ ਪਾਰਟੀਆਂ ਕਿਸੇ ਹੋਰ ਵਿਅਕਤੀ ਨੂੰ ਸਿਆਸੀ ਖੇਤਰ ‘ਚ ਅੱਗੇ ਨਹੀਂ ਆਉਣ ਦਿੰਦੀਆਂ। ਉਨ੍ਹਾਂ ਕਿਹਾ ਕਿ ਪ੍ਰੋ. ਚੰਦੂਮਾਜਰਾ ਅਤੇ ਲਾਲ ਸਿੰਘ ਦਰਮਿਆਨ ਗੁਪਤ ਸਮਝੌਤਾ ਹੋਇਆ, ਜਿਸ ਦੀ ਪੋਲ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਆ ਗਈ ਹੈ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਲਾਲ ਸਿੰਘ ਜਿਹੜੀਆਂ ਚਾਲਾਂ ਚੱਲਣੀਆਂ ਚਾਹੁੰਦਾ ਚੱਲ ਲਵੇ, ਪ੍ਰੰਤੂ ਸਨੌਰ ਤੇ ਸਮਾਣਾ ‘ਚ ਭਾਊ ਭਾਈਚਾਰੇ ਵਲੋਂ ਉਸ ਦੇ ਪੁੱਤਰ ਦੀ ਹਾਰ ਲਈ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਲੋਕਾਂ ਨੇ ਸੰਕਲਪ ਲਿਆ ਕਿ ਇਸ ਵਾਰ ਲਾਲ ਸਿੰਘ ਨੂੰ ਚੋਣਾਂ ‘ਚ ਅਜਿਹੀ ਧੂੜ ਚਟਾਈ ਜਾਵੇਗੀ, ਜਿਸ ਨਾਲ ਸਨੌਰ ਤੇ ਸਮਾਣਾ ਵੱਲ ਲਾਲ ਸਿੰਘ ਕਦੇ ਮੂੰਹ ਕਰਨ ਜੋਗਾ ਨਹੀਂ ਰਹੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਅੱਖੋ ਪਰੋਖੇ ਕੀਤੇ ਜਾਣ ਤੋਂ ਬਾਅਦ ਹਲਕਾ ਦੇ ਲੋਕਾਂ ਨੇ ਮੈਨੂੰ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਭੇਜਿਆ ਸੀ, ਪ੍ਰੰਤੂ ਲਾਲ ਸਿੰਘ ਨੇ ਮੈਨੂੰ ਕਾਂਗਰਸ ‘ਚ ਇਹ ਕਹਿ ਕੇ ਸ਼ਾਮਲ ਕਰਵਾਇਆ ਸੀ ਕਿ ਤੇਰੀ ਟਿਕਟ ਧਰਮਰਾਜ ਵੀ ਨਹੀਂ ਬਦਲ ਸਕਦਾ, ਪ੍ਰੰਤੂ ਮੇਰੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਜਿਥੇ ਲਾਲ ਸਿੰਘ ਨੇ ਪੁੱਤਰ ਮੋਹ ‘ਚ ਮੇਰੀ ਪਿੱਠ ‘ਚ ਛੁਰਾ ਮਾਰਿਆ, ਉਥੇ ਹਲਕਾ ਸਨੌਰ ਦੇ ਲੋਕਾਂ ਨਾਲ ਧੋਖਾ ਵੀ ਕੀਤਾ, ਜਿਸ ਦਾ ਜਵਾਬ ਲੋਕ ਆਪਣੀ ਵੋਟ ਨਾਲ ਦੇਣਗੇ।

