ਪੰਜਾਬਪਟਿਆਲਾ

ਡਾ. ਦਲਬੀਰ ਸਿੰਘ ਰੰਧਾਵਾ ਬਣੇ ਸਹਾਇਕ ਡਾਇਰੈਕਟਰ ਸਪੋਰਟਸ

ਪਟਿਆਲਾ 13 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸਮੁੱਚੇ ਪੰਜਾਬੀ ਯੂਨੀਵਰਸਿਟੀ ਖੇਡ ਪਰਿਵਾਰ ਵਿਚ ਉਦੋਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਡਾ. ਦਲਬੀਰ ਸਿੰਘ ਰੰਧਾਵਾ ਸੀਨੀਅਰ ਫੁੱਟਬਾਲ ਕੋਚ ਪੰਜਾਬੀ ਯੂਨੀਵਰਸਿਟੀ ਨੂੰ ਮਾਣਯੋਗ ਉਪ ਕੁਲਪਤੀ ਵੱਲੋਂ ‘ਸਹਾਇਕ ਡਾਇਰੈਕਟਰ ਸਪੋਰਟਸ’ ਦਾ ਅਹੁੱਦਾ ਸੌਂਪਿਆ ਗਿਆ।

ਜ਼ਿਕਰਯੋਗ ਹੈ ਕਿ ਡਾ. ਦਲਬੀਰ ਸਿੰਘ ਰੰਧਾਵਾ ਬਤੌਰ ਫੁੱਟਬਾਲ ਕੋਚ ਪਿਛਲੇ 26 ਸਾਲਾਂ ਤੋਂ ਲਗਾਤਾਰ ਪੰਜਾਬੀ ਯੂਨੀਵਰਸਿਟੀ ਲਈ ਪਹਿਲੇ ਸਥਾਨ ਪ੍ਰਾਪਤ ਕਰਦੇ ਆ ਰਹੇ ਹਨ। ਰਾਸ਼ਟਰੀ ਪੱਧਰ ਦੇ ਓਪਨ ਖੇਡ ਮੁਕਾਬਲਿਆਂ ਤੋਂ ਇਲਾਵਾ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਵਿਚ ਵੀ ਡਾ. ਰੰਧਾਵਾ ਦੀਆਂ ਪ੍ਰਾਪਤੀਆਂ ਦੀ ਫੇਹਰਸਤ ਬਹੁਤ ਲੰਬੀ ਹੈ। ਭਾਰਤ ਦੀ ਯੂਨੀਵਰਸਿਟੀ ਖੇਡ ਮੁਕਾਬਲਿਆਂ ਦੀ ਸਭ ਤੋਂ ਸਨਮਾਨਯੋਗ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ’ ਵਿਚ ਡਾ. ਰੰਧਾਵਾ ਦਾ ਬਤੌਰ ਕੋਚ ਵੱਡਮੁੱਲਾ ਯੋਗਦਾਨ ਰਿਹਾ ਹੈ। ਡਾ. ਰੰਧਾਵਾ ਖੇਡਾਂ ਦੇ ਵਿਸ਼ੇ ਵਿਚ ਵੀ ਡਾਕਟਰੇਟ ਡਿਗਰੀ ਨਾਲ ਸਨਮਾਨੇ ਜਾ ਚੁੱਕੇ ਹਨ।
ਇਸ ਮੌਕੇ ਤੇ ਸਮੁੱਚੇ ਖੇਡ ਵਿਭਾਗ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨਾਂ, ਸਰੀਰਕ ਸਿੱਖਿਆ ਲੈਕਚਰਾਰ ਸਾਹਿਬਾਨਾਂ, ਪੰਜਾਬ ਖੇਡ ਵਿਭਾਗ ਅਤੇ ਸਾਈ ਦੇ ਕੋਚਿਜ਼ ਸਾਹਿਬਾਨਾਂ ਅਤੇ ਵੱਖ ਵੱਖ ਅਦਾਰਿਆਂ ਦੇ ਇੰਚਾਰਜ਼ ਸਾਹਿਬਾਨਾਂ ਵੱਲੋਂ ਡਾ. ਦਲਬੀਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ਬਦਲੇ ਮੁਬਾਰਕਬਾਦ ਦਿੱਤੀ ਗਈ। ਡਾ. ਦਲਬੀਰ ਸਿੰਘ ਰੰਧਾਵਾ ਨੇ ਇਸ ਅਵਸਰ ਤੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਇਸ ਅਹੁੱਦੇ ਦੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕੋਸ਼ਿਸ਼ ਕਰਨਗੇ ਕਿ ਪੰਜਾਬੀ ਯੂਨੀਵਰਸਿਟੀ ਦੀਆਂ ਖੇਡਾਂ ਦਾ ਮਿਆਰ ਪਹਿਲਾਂ ਨਾਲੋਂ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਪਰ ਉੱਚਾ ਉੱਠ ਸਕੇ। ਉਹਨਾਂ ਨੇ ਇਸ ਲਈ ਉਚੇਚੇ ਤੌਰ ਤੇ ਮਾਣਯੋਗ ਉਪ ਕੁਲਪਤੀ ਡਾ. ਬੀ.ਐਸ.ਘੁੰਮਣ ਜੀ ਦਾ ਉਹਨਾਂ ਉੱਪਰ ਭਰੋਸਾ ਜਤਾਉਣ ਲਈ ਤਹਿਦਿਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਮਾਣਯੋਗ ਉਪ ਕੁਲਪਤੀ ਸਾਹਿਬ ਦੇ ਵਿਸ਼ਵਾਸ ਤੇ ਖਰੇ ਉੱਤਰਨਗੇ। ਇਸ ਤੋਂ ਇਲਾਵਾ ਡਾ. ਗੁਰਦੀਪ ਕੌਰ ਰੰਧਾਵਾ ਖੇਡ ਨਿਰਦੇਸ਼ਕਾ ਅਤੇ ਸ਼੍ਰੀਮਤੀ ਮਹਿੰਦਰਪਾਲ ਕੌਰ ਸਹਾਇਕ ਨਿਰਦੇਸ਼ਕਾ ਖੇਡ ਵਿਭਾਗ ਵੱਲੋਂ ਵੀ ਵਿਸ਼ੇਸ਼ ਤੌਰ ਤੇ ਡਾ. ਰੰਧਾਵਾ ਦਾ ਇਸ ਅਹੁੱਦੇ ਤੇ ਵਿਰਾਜਮਾਨ ਹੋਣ ਤੇ ਵਧਾਈ ਦਿੱਤੀ ਗਈ।

Leave a Reply

Your email address will not be published. Required fields are marked *