ਪਟਿਆਲਾ

ਪੰਜਾਬ ‘ਚੋਂ ਰਿਵਾਇਤੀ ਸਿਆਸੀ ਪਾਰਟੀਆਂ ਦਾ ਮੁਕੰਮਲ ਸਫਾਇਆ ਤੈਅ:ਡਾ. ਬਲਬੀਰ ਸਿੰਘ

ਪਟਿਆਲਾ, 24 ਜਨਵਰੀ, (ਮਧੂਸਾਰ ਬਿਊਰੋ)
ਪੰਜਾਬ ਵਿਚੋਂ ਸੱਤਾ ਹਾਸਲ ਕਰਨ ਲਈ ਲੋਕਾਂ ਦੇ ਭੋਲੇਪਣ ਦਾ ਫਾਇਦਾ ਉਠ ਕੇ ਵੋਟਾਂ ਲੈਣ ਵਾਲੀਆਂ ਸਿਆਸੀ ਪਾਰਟੀਆਂ ਦਾ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ‘ਚ ਮੁੰਕਮਲ ਸਫਾਇਆ ਹੋ ਜਾਵੇਗਾ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਵਲੋਂ ਘਰ ਘਰ ਵਿਚ ਚੋਣ ਪ੍ਰਚਾਰ ਮੁਹਿੰਮ ਦੌਰਾਨ ਕੀਤਾ ਗਿਆ।
ਡਾ. ਬਲਬੀਰ ਸਿੰਘ ਨੇ ਆਪਣੇ ਚੋਣ ਪ੍ਰਚਾਰ ਨੂੰ ਸਿਖਰ ‘ਤੇ ਪਹੁੰਚਾਉਂਦਿਆਂ ਪਟਿਆਲਾ ਦੇ ਪ੍ਰਤਾਪ ਨਗਰ ਦੇ ਸਾਰੇ ਬਲਾਕਾਂ, ਮਾਰਕਲ ਕਲੋਨੀ, ਮਥੁਰਾ ਕਲੋਨੀ ਅਤੇ ਰੋੜੀ ਕੁੱਟ ਮੁਹੱਲੇ ਦਾ ਤੂਫਾਨੀ ਦੌਰਾ ਕੀਤਾ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਲੋਕਾਂ ਨੇ ਜਿਥੇ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਉਥੇ ਨਾਲ ਹੀ ਇਸ ਵਾਰ ਪਿਛਲੀਆਂ ਸਰਕਾਰਾਂ ਵਲੋਂ ਉਨ੍ਹਾਂ ਨਾਲ ਕੀਤੀ ਵਾਅਦਾਖਿਲਾਫੀ ਦਾ ਸਬਕ ਸਿਖਾਉਣ ਦੀ ਗੱਲ ਕੀਤੀ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਰਿਵਾਇਤੀ ਸਿਆਸੀ ਪਾਰਟੀਆਂ ਸਿਰਫ ਸੱਤਾ ਹਾਸਲ ਕਰਨ ਲਈ ਲੋਕਾਂ ਦੇ ਭਰੋਸੇ ਦਾ ਗਲਤ ਇਸਤੇਮਾਲ ਕਰਦੀਆਂ ਹਨ। ਲੇਕਿਨ ਸਮੇਂ ਨੇ ਲੋਕਾਂ ਨੂੰ ਸਿਖਾ ਦਿੱਤਾ ਹੈ ਕਿ ਹਰ ਵਾਰ ਇਹ ਭੋਲੇ ਭਾਲੇ ਲੋਕ ਝੂਠੇ ਸਿਆਸੀ ਲੀਡਰਾਂ ਦੇ ਧੋਖੇ ਦਾ ਸ਼ਿਕਾਰ ਨਹੀਂ ਹੋਣਗੇ। ਇਸ ਵਾਰ ਕਾਂਗਰਸ ਅਤੇ ਅਕਾਲੀ ਦਲ ਪ੍ਰਤੀ ਲੋਕ ਮਨਾਂ ਵਿਚ ਰੋਹ ਹੈ। ਲੋਕ ਇਨ੍ਹਾਂ ਰਾਜਸੀ ਪਾਰਟੀਆਂ ਦਾ ਪੰਜਾਬ ‘ਚੋਂ ਬੋਰੀ ਬਿਸਤਰਾ ਗੋਲ ਕਰਕੇ ਹੀ ਸਾਹ ਲੈਣਗੇ। ਡਾ. ਸਿੰਘ ਨੇ ਕਿਹਾ ਕਿ ਆਮ ਜਨਤਾ ਨਾਲ ਧੋਖਾ ਕਮਾਉਣ ਵਾਲੇ ਵੱਡੇ ਸਿਆਸੀ ਨੇਤਾਵਾਂ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਭਾਂਪ ਲਿਆ ਹੈ ਤਾਂ ਹੀ ਇਹ ਲੋਕ ਹੁਣ ਜਨਤਾ ਵਿਚ ਜਾ ਕੇ ਵੋਟਾਂ ਮੰਗਣ ਤੋਂ ਕੰਨੀ ਕਤਰਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਕੈਪਟਨ ਨੇ ਕਦੀ ਵੀ ਪਟਿਆਲਾ ਵੱਲ ਧਿਆਨ ਨਹੀਂ ਦਿੱਤਾ। ਵਿਧਾਨ ਸਭਾ ਅਤੇ ਲੋਕ ਸਭਾ ਵਿਚ ਪਟਿਆਲਾ ਦੇ ਲੋਕਾਂ ਦੀ ਭਲਾਈ ਲਈ ਗੱਲ ਕਰਨ ਦੀ ਥਾਂ ਇਨ੍ਹਾਂ ਪਾਕ ਪਵਿੱਤਰ ਥਾਵਾਂ ਤੋਂ ਗੈਰ ਹਾਜ਼ਰ ਰਹਿ ਕੇ ਲੋਕਾਂ ਨਾਲ ਦਗਾ ਕਮਾਇਆ ਹੈ। ਅਕਾਲੀ ਦਲ ਨੇ ਪਿਛਲੇ ਦਸ ਸਾਲ ਸੱਤਾ ਭੋਗੀ ਪਰ ਪਟਿਆਲਾ ਵਿਚ ਇਕ ਵੀ ਵਿਕਾਸ ਦਾ ਕਾਰਜ ਨਹੀਂ ਕੀਤਾ। ਵੋਟਾਂ ਲੈਣ ਲਈ ਹੁਣ ਪਟਿਆਲਾ ਵਿਚ ਪੈਰਾਸ਼ੂਟ ਰਾਹੀਂ ਉਤਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਬਾਹ ਹੋਏ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲਈ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਜ਼ਰੂਰੀ ਹੈ ਤੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਲੋਕ ਆਮ ਆਦਮੀ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰ ਪਏ ਹਨ।

Leave a Reply

Your email address will not be published. Required fields are marked *