‘ਫਤਿਹ ਬੋਲ ਬਚਨ’ ਸਲੋਗ ਦੀ ਬੇਅਦਬੀ ਕਰਨ ਸਬੰਧੀ ਸਿੱਧੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਕੀਤਾ ਜਾਵੇ ਤਲਬ
ਅੰਮ੍ਰਿਤਸਰ, 24 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਸ਼੍ਰ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਲਈ ਸਾਂਝੇ ਉਮੀਦਵਾਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਆਪਣੇ ਕੱਟੜ ਵਿਰੋਧੀ ਰਹੇ ਸਾਬਕਾ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਂਧਦਿਆਂ ਉਸ ਨੂੰ ਦਸਮ ਪਾਤਸ਼ਾਹ ਦੇ ਨਾਲ ਸਬੰਧਿਤ ‘ਫਤਿਹ ਬੋਲ ਬਚਨ’ ਨਾਲ ਕੀਤੀ ਗਈ ਛੇੜਛਾੜ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰ ਸਿੱਧੂ ਨੇ ਸਿੱਖਾਂ ਦੇ ਬਹੁਤ ਹੀ ਹਰਮਨ ਪਿਆਰੇ ਧਾਰਮਿਕ ਫ਼ਤਿਹ ਦੇ ਨਾਅਰੇ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਲਾਹਾ ਲੈਣ ਲਈ ਸਿੱਧੂ ਨੇ ਇਹ ਕੋਝੀ ਹਰਕਤ ਕੀਤੀ ਹੈ, ਜਿਸ ਲਈ ਉਨ੍ਹਾਂ ਨੂੰ ਧਾਰਮਿਕ ਉਚਿੱਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਹਮੇਸ਼ਾਂ ਹੀ ਸਿੱਖ ਫਲਸਫੇ ਅਤੇ ਰਵਾਇਤਾਂ ਨੂੰ ਦਰਕਿਨਾਰ ਕਰਕੇ ਵਿਵਾਦਾਂ ‘ਚ ਰਿਹਾ ਹੈ।
ਯਾਦ ਰਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਿੱਧੂ ‘ਤੇ ਵੀ ਉਪਰੋਕਤ ਬਿਆਨ ‘ਤੇ ਸਖ਼ਤ ਰਵੱਈਆ ਅਪਨਾਉਂਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਸਬੰਧੀ ਜਰੂਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਸਿੱਧੂ ਨੇ ਇਕ ਰਾਜਨੀਤਿਕ ਭਾਸ਼ਣ ਦੌਰਾਨ ਕਿਹਾ ਸੀ ਕਿ ‘ਜਬ ਤੱਕ ਕਾਂਗਰਸ ਬਹਾਲ ਨਾ ਕਰਾਊਂ, ਤਬ ਤੱਕ ਸਿੱਧੂ ਨਾਮ ਨਾ ਕਹਾਊਂ’ ਜੋ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਫਤਿਹ ਨਾਅਰਾ ਹੈ। ਸ: ਛੀਨਾ ਨੇ ਕਿਹਾ ਕਿ ਇਸ ਵਿਵਾਦ ‘ਤੇ ਸਮੂਹ ਸਿੱਖ ਜਗਤ ਤੋਂ ਮੁਆਫ਼ੀ ਮੰਗਣ ਦੀ ਬਜਾਏ ਸਿੱਧੂ ਨੇ ਆਪਣੇ ਉਪਰੋਕਤ ਬਿਆਨ ਨੂੰ ਸਹੀ ਦੱਸਿਆ, ਜੋ ਕਿ ਉਸਦੀ ਹਓਮੈ ਭਰੇ ਸੁਭਾਅ ਨੂੰ ਦਰਸਾਉਂਦਾ ਹੈ।
ਸ: ਛੀਨਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਹਲਕੇ ‘ਚ ਪਿੰਡ ਬਾਘੜੀਆਂ, ਗੁਰਵਾਲੀ, ਘਨੂੰਪੁਰ ਕਾਲੇ, ਰਣਜੀਤ ਐਵੀਨਿਊ ਅਤੇ ਲਾਰੈਂਸ ਰੋਡ ਵਿਖੇ ਵੱਖ ਵੱਖ ਚੋਣ ਜਲਸਿਆਂ ‘ਚ ਸਿੱਧੂ ਨੂੰ ਕੜੇ ਹੱਥੀਂ ਲੈਂਦਿਆ ਕਿਹਾ ਕਿ ਉਸ ਨੇ ਇੱਥੇ ਪਾਰਲੀਮੈਂਟ ਚੋਣ ਜਿੱਤਣ ਤੋਂ ਬਾਅਦ ਕਦੇ ਹਲਕੇ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਲੋਕ ਸਭਾ ‘ਚ ਆਪਣੀ ਸਭ ਤੋਂ ਘੱਟ ਹਾਜ਼ਰੀ ਲਈ ਵੀ ਜਾਣੇ ਜਾਂਦੇ ਹਨ ਅਤੇ ਲੋਕਾਂ ਦੇ ਮੁੱਦਿਆਂ ਨੂੰ ਉਚ ਪੱਧਰ ‘ਤੇ ਉਠਾਉਣ ‘ਚ ਸਫ਼ਲ ਰਹੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਂਦਰ ‘ਚ ਐਨ. ਡੀ. ਏ. ਦੀ ਸਰਕਾਰ ਜੇਕਰ ਉਹ ਮੈਂਬਰ ਪਾਰਲੀਮੈਂਟ ਵਜੋਂ ਚੁਣ ਕੇ ਜਾਂਦੇ ਹਨ ਤਾਂ ਉਹ ਹਲਕੇ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਦੇਣਗੇ। ਉਨ੍ਹਾਂ ਨੇ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਨੂੰ ਸੁੰਦਰ ਬਣਾਉਣ ਅਤੇ ਇਸ ਨੂੰ ਦੁਨੀਆ ਦੇ ਸੈਰ ਸਪਾਟਾ ਅਤੇ ਵਪਾਰਿਕ ਨਕਸ਼ੇ ‘ਤੇ ਉਭਾਰਣ ਦੀ ਗੱਲ ਵੀ ਕਹੀ। ਉਨ੍ਹਾਂ ਨੇ ਕੇਂਦਰੀ ਗ੍ਰਾਂਟਾਂ, ਸਰਹੱਦੀ ਖੇਤਰਾਂ ਦੇ ਵਿਕਾਸ, ਆਵਾਜਾਈ ਸਾਧਨਾਂ ‘ਚ ਦਰੁਸਤੀ, ਵਿੱਦਿਅਕ, ਸਿਹਤ ਸਹੂਲਤਾਂ ਆਦਿ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਦੁਹਾਰਾਈ।

