ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ “ਕੋਮਾਗਾਟਾਮਾਰੂ-ਇੱਕ ਜ਼ਖਮੀ ਪਰਵਾਜ਼“ ਦੀ ਡੀ.ਵੀ.ਡੀ. ਲੋਕ ਅਰਪਣ

ਪਟਿਆਲਾ, 24 ਜਨਵਰੀ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਅੱਜ ਇਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਥੀਏਟਰ ਅਤੇ ਟੈਲੀਵੀਜ਼ਨ ਵਿਭਾਗ ਦੇ ਮੁਖੀ ਡਾ. ਜਸਪਾਲ ਦਿਓਲ ਦੁਆਰਾ ਨਿਰਦੇਸ਼ਿਤ ਨਾਟਕ “ਕੋਮਾਗਾਟਾਮਾਰੂ-ਇੱਕ ਜ਼ਖਮੀ ਪਰਵਾਜ਼“ ਦੀ ਡੀ.ਵੀ.ਡੀ. ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਸ਼੍ਰੀ ਗੁਰਪ੍ਰੀਤ ਸਿੰਘ ਰਾਤੋਲ ਦੁਆਰਾ ਲਿਖਿਆ ਇਹ ਨਾਟਕ ਇਸੇ ਵਿਸ਼ੇ ਤੇ ਰਚਿਤ ਨਾਟ-ਪੁਸਤਕ ਤੇ ਆਧਾਰਤ ਹੈ। ਇਸ ਨਾਟਕ ਵਿੱਚ ਕੋਮਾਗਾਟਾਮਾਰੂ ਨਾਮੀ ਸਮੁੰਦਰੀ ਜਹਾਜ਼ ਵਿੱਚ ਸਫਰ ਕਰ ਰਹੇ ਸਿੱਖਾਂ ਨਾਲ ਵਾਪਰੀ ਭਿਆਨਕ ਤ੍ਰਾਸਦੀ ਦਿਖਾਈ ਗਈ ਹੈ। ਇਹ ਜਹਾਜ਼ ਕੈਨੇਡਾ ਦੀ ਸਰਕਾਰ ਵਲੋਂ ਰੋਕ ਲਿਆ ਗਿਆ ਸੀ ਅਤੇ ਵਾਪਸ ਕਲਕੱਤਾ ਭੇਜ ਦਿੱਤਾ ਗਿਆ ਜਿਥੇ ਬ੍ਰਿਟਿਸ਼ ਫੋਜ ਵਲੋਂ ਇਨ੍ਹਾਂ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ।

ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਸ ਨਾਟਕ, ਜਿਸ ਦੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ 19 ਸ਼ੋਅ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ, ਦਾ ਮੁੱਖ ਉਦੇਸ਼ ਉਸ ਭਿਆਨਕ ਤ੍ਰਾਸਦੀ, ਜਿਸ ਵਿੱਚ 376 ਯਾਤਰੀਆਂ ਨੂੰ ਬਜ ਬਜ ਘਾਟ, ਕਲਕੱਤਾ ਵਿਖੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਦੇ ਇਤਿਹਾਸਕ ਪਿਛੋਕੜ ਨੂੰ ਦਿਖਾਉਣਾ ਹੈ। ਡਾ. ਜਸਪਾਲ ਸਿੰਘ ਨੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਰੇਲਵੇ ਸਟਾਪ ਦਾ ਨਾਂ ਕੋਮਾਗਾਟਾਮਾਰੂ ਰੱਖਣ ਲਈ ਪੱਛਮੀ ਬੰਗਾਲ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਨਾਟਕ ਥੀਏਟਰ ਦੇ ਖੇਤਰ ਵਿੱਚ ਇਤਿਹਾਸਕ ਮਹੱਤਤਾ ਰੱਖਦਾ ਹੈ ਜੋ ਪਹਿਲਾਂ ਵਿਸ਼ੇ ਦੇ ਪਰਿਪੇਖ ਵਿੱਚ ਧਾਰਮਿਕ ਮਕਸਦ ਪੱਖੋਂ ਔਖਾ ਜਾਪਦਾ ਸੀ। ਇਹ ਪ੍ਰੋਜੈਕਟ ਸਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਗਠਿਤ ਕਮੇਟੀ ਜਿਸ ਵਿੱਚ ਡਾ. ਜਸਪਾਲ ਸਿੰਘ, ਸ਼੍ਰੀ ਤਰਲੋਚਨ ਸਿੰਘ ਅਤੇ ਸ਼੍ਰੀ ਜੋਗਿੰਦਰ ਸਿੰਘ ਜੋਹਲ ਸ਼ਾਮਲ ਹਨ, ਪ੍ਰਾਯੋਜਿਤ ਕੀਤਾ ਗਿਆ ਸੀ।
ਇਸ ਮੌਕੇ ਤੇ ਡਾ. ਜਸਪਾਲ ਸਿੰਘ ਨੇ ਸ੍ਰੀ ਜੋਹਲ ਨੂੰ 150 ਡੀ.ਵੀ.ਡੀਜ਼ ਦਾ ਇੱਕ ਸੈਂਟ ਭੇਟ ਕੀਤਾ ਤਾਂ ਜੋ ਭਾਰਤ ਦੇ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਨੌਜਵਾਨ ਪੀੜੀ ਨੂੰ ਜਾਣੂ ਕਰਵਾਇਆ ਜਾ ਸਕੇ। ਇਸ ਪ੍ਰੋਜੈਕਟ ਨਾਲ ਨੇੜੇ ਤੋਂ ਜੁੜੇ ਯੂਨੀਵਰਸਿਟੀ ਦੇ ਸਾਬਕਾ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਨਾਟਕ ਵਿੱਚ ਥੀਏਟਰ ਵਿਭਾਗ ਦੇ 35 ਕਲਾਕਾਰਾਂ ਦੀ ਸ਼ਮੂਲੀਅਤ ਰਹੀ ਹੈ ਜਿਨ੍ਹਾਂ ਨੇ 53 ਰੋਲ ਅਦਾ ਕੀਤੇ ਹਨ। ਉਨ੍ਹਾਂ ਮਨੁੱਖੀ ਭਾਵਨਾਵਾਂ ਨੂੰ ਪ੍ਰਗਟ ਕਰਦੇ ਇਸ ਨਾਟਕ ਨੂੰ ਸ਼੍ਰੀ ਰਾਤੋਲ ਅਤੇ ਡਾ. ਦਿਓਲ ਦੀ ਮਹਾਨ ਪ੍ਰਾਪਤੀ ਦੱਸਿਆ।
ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਤੇ ਸ਼੍ਰੀ ਜੇ.ਐਸ. ਜੌਹਲ ਅਤੇ ਡਾ. ਗੁਰਨਾਮ, ਡੀਨ ਅਕਾਦਮਿਕ ਮਾਮਲੇ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

Leave a Reply

Your email address will not be published. Required fields are marked *