ਪੰਜਾਬਪਟਿਆਲਾ

ਸੀਪੀਆਈ ਵੱਲੋਂ ਘਨੌਰ ਤੋਂ ਅਜ਼ਾਦ ਉਮੀਦਵਾਰ ਬੀਬੀ ਅਨੂਪਇੰਦਰ ਕੌਰ ਸੰਧੂ ਦੀ ਹਮਾਇਤ ਦਾ ਐਲਾਨ

ਬੀਬੀ ਅਨੂਪਇੰਦਰ ਕੌਰ ਸੰਧੂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਖੱਬੇ ਪੱਖੀ ਫਰੰਟ ਅਹਿਮ ਰੋਲ ਅਦਾ ਕਰੇਗਾ : ਨਿਰਮਲ ਸਿੰਘ ਧਾਲੀਵਾਲ
ਲੋਕਾਂ ਵੱਲੋਂ ਸੰਧੂ ਪਰਿਵਾਰ ਨੂੰ ਫਤਵਾ ਮਿਲਣ ‘ਤੇ ਪਹਿਲ ਦੇ ਆਧਾਰ ‘ਤੇ ਕੰਮ ਹੋਣਗੇ : ਬੀਬੀ ਸੰਧੂ
ਪਟਿਆਲਾ (ਮਧੂਸਾਰ ਬਿਊਰੋ) ਹਲਕਾ ਘਨੌਰ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਬੀਬੀ ਅਨੂਪਇੰਦਰ ਕੌਰ ਸੰਧੂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਸੀਪੀਆਈ ਕੌਮੀ ਕੌਂਸਲ ਦੇ ਮੈਂਬਰ ਅਤੇ ਸੀਪੀਆਈ ਜ਼ਿਲ੍ਹਾ ਪਟਿਆਲਾ ਦੇ ਇੰਚਾਰਜ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਚੋਣ ਲੜ ਰਹੇ ਬੀਬੀ ਅਨੂਪਇੰਦਰ ਕੌਰ ਸੰਧੂ ਦੀ ਹਮਾਇਤ ਕਰਨ ਦਾ ਐਲਾਨ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬੇ ਭਰ ‘ਚ ਵੱਖ-ਵੱਖ ਥਾਵਾਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੀ ਸੀਪੀਆਈ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਖੱਬੇ ਪੱਖੀ ਫਰੰਟ ਨੇ ਸਰਬਸੰਮਤੀ ਨਾਲ ਬੀਬੀ ਅਨੂਪਇੰਦਰ ਕੌਰ ਸੰਧੂ ਦੀ ਜਿੱਤ ਨੂੰ ਇਤਿਹਾਸਕ ਬਣਾਉਣ ਦਾ ਅਹਿਮ ਫੈਸਲਾ ਕੀਤਾ। ਧਾਲੀਵਾਲ ਨੇ ਕਿਹਾ ਕਿ ਸੀਪੀਆਈ ਨਾਲ ਜੁੜ ਕੇ ਬਹੁਤ ਸਾਰੀਆਂ ਮੁਲਾਜ਼ਮ ਜਥੇਬਦੀਆਂ ਇਕ ਸਾਂਝੇ ਪਲੇਟਫਾਰਮ ‘ਤੇ ਕੰਮ ਕਰ ਰਹੀਆਂ, ਜਿਨ੍ਹਾਂ ਦੀ ਵੋਟ ਨਾਲ ਚੋਣਾਂ ਦੌਰਾਨ ਹੈਰਾਨੀਜਨਕ ਨਤੀਜੇ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਮੁਲਾਜ਼ਮ ਜਥੇਬੰਦੀਆਂ ਨੇ ਰਵਾਇਤੀ ਪਾਰਟੀਆਂ ਦੀ ਹਮਾਇਤ ਕੀਤੀ, ਪ੍ਰੰਤੂ ਸੱਤਾ ਪ੍ਰਾਪਤੀ ਤੋਂ ਬਾਅਦ ਕਦੇ ਵੀ ਸਰਕਾਰਾਂ ਨੇ ਮੁਲਾਜ਼ਮਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਇਸ ਵਾਰ ਸੀਪੀਆਈ ਮਿਲੀ-ਜੁਲੀ ਵਿਚਾਰਧਾਰਾ ਵਾਲੇ ਉਮੀਦਵਾਰਾਂ ਦੀ ਜਿੱਤ ਲਈ ਕੰਮ ਕਰੇਗੀ।
ਉਨ੍ਹਾਂ ਕਿਹਾ ਕਿ ਹਲਕਾ ਘਨੌਰ ‘ਚ ਸਵ. ਜਸਦੇਵ ਸਿੰਘ ਸੰਧੂ ਨੇ ਪੰਜ ਵਾਰ ਚੋਣ ਲੜੀ ਅਤੇ ਜਿੱਤੀ, ਜਿਨ੍ਹਾਂ ਦੇ ਇਤਿਹਾਸ ਤੋਂ ਹਰ ਵਰਗ ਵਾਕਫ ਹੈ। ਉਨ੍ਹਾਂ ਕਿਹਾ ਕਿ ਹਲਕਾ ਘਨੌਰ ਦੇ ਵਾਸੀਆਂ ਨਾਲ ਪਹੁੰਚ ਕਰਕੇ ਵੋਟਰਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਰਾਜਨੀਤੀ ‘ਚ ਬੇਦਾਗ ਰਹਿਣ ਵਾਲੇ ਸੰਧੂ ਪਰਿਵਾਰ ਦੀਆਂ ਬੇਹਰਤੀਨ ਸੇਵਾਵਾਂ ਨੂੰ ਵੇਖਦੇ ਹੋਏ ਬੀਬੀ ਅਨੂਪਇੰਦਰ ਕੌਰ ਸੰਧੂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਅਤੇ ਜਿੱਤਾ ਕੇ ਵਿਧਾਨ ਸਭਾ ਭੇਜਣ।
ਇਸ ਮੌਕੇ ਉਮੀਦਵਾਰ ਬੀਬੀ ਅਨੂਪਇੰਦਰ ਕੌਰ ਸੰਧੂ ਨੇ ਕਿਹਾ ਕਿ ਹਲਕਾ ਘਨੌਰ ਵਾਸੀਆਂ ਨੇ ਆਪਣੀ ਵੋਟ ਨਾਲ ਅਕਾਲੀ ਦਲ ਅਤੇ ਕਾਂਗਰਸ ਨੂੰ ਵੋਟ ਪਾ ਕੇ ਵੇਖ ਲਈ ਹੈ, ਜਿਨ੍ਹਾਂ ਨੇ ਕਦੇ ਵੀ ਲੋਕਾਂ ਦੀਆਂ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇ ਇਸ ਵਾਰ ਘਨੌਰ ਦੇ ਵੋਟਰਾਂ ਨੇ ਸੰਧੂ ਪਰਿਵਾਰ ਦੇ ਹੱਕ ‘ਚ ਫਤਵਾ ਦਿੱਤਾ ਤਾਂ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਪਹਿਲ ਦੇ ਆਧਾਰ ਹੱਲ ਕੀਤੀਆਂ ਜਾਣਗੀਆਂ।
ਇਸ ਦੌਰਾਨ ਤੇਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਰਵਾਇਤੀਆਂ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਅਤੇ ਆਮ ਆਦਮੀ ਪਾਰਟੀ ਤੋਂ ਵੀ ਲੋਕਾਂ ਦਾ ਭਰੋਸਾ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵੋਟਰ ਬੇਦਾਗ ਤੇ ਪੜ੍ਹੇ ਲਿਖੇ ਉਮੀਦਵਾਰ ਦੀ ਚੋਣ ਕਰਕੇ ਵੋਟ ਪਾਉਣ।

Leave a Reply

Your email address will not be published. Required fields are marked *