ਪਰਮਜੀਤ ਸਰਨਾ ਕੈਪਟਨ ਅਮਰਿੰਦਰ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਨਿੱਤਰੇ
ਪਟਿਆਲਾ ਵਿਖੇ ਵੱਖ-ਵੱਖ ਮੀਟਿੰਗਾਂ ਨੂੰ ਕੀਤਾ ਸੰਬੋਧਨ
ਪਟਿਆਲਾ (ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਦੇ ਸਕੱਤਰ ਹਰਵਿੰਦਰ ਸਿੰਘ ਨਿੱਪੀ ਵੱਲੋਂ ਵਾਰਨ ਨੰ. 24 ਜੋਨ ਨੰ. 1 ਵਿਖੇ ਕੇ.ਕੇ. ਮਲੋਹਤਰਾ ਦੇ ਸਹਿਯੋਗ ਨਾਲ ਰਖਵਾਈ ਗਈ ਕਾਂਗਰਸ ਪਾਰਟੀ ਦੀ ਭਰਵੀਂ ਮੀਟਿੰਗ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਪਟਿਆਲਾ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਸਰਨਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਮੌਜੂਦਾ ਸਮੇਂ ਵਿਚ ਲੋਕਾਂ ਵਿਚ ਕੇਜਰੀਵਾਲ ਪ੍ਰਤੀ ਕੋਈ ਉਤਸ਼ਾਹ ਨਹੀਂ ਹੈ। ਕੇਜਰੀਵਾਲ ਵੱਲੋਂ ਦਿੱਲੀ ਵਿਚ ਆਪਣੇ ਵਿਰੋਧ ਤੋਂ ਘਬਰਾ ਕੇ ਪੰਜਾਬ ਵੱਲ ਚਾਲੇ ਪਾ ਲਏ ਹਨ। ਪੰਜਾਬ ਨੂੰ ਨਸ਼ਾਮੁਕਤ ਕਰਨ ਵਾਲੇ ਕੇਜਰੀਵਾਲ ਵੱਲੋਂ ਦਿੱਲੀ ਵਿਚ ਤਕਰੀਬਨ 60 ਸ਼ਰਾਬ ਦੇ ਨਵੇਂ ਠੇਕੇ ਖੋਲੇ ਹਨ। ਅਕਾਲੀ ਭਾਜਪਾ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਜੋ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਕਹਿੰਦਾ ਨੇ ਅਕਾਲ ਤਖਤ ਦੇ ਗੁਰਦੁਆਰਿਆਂ ਦੀ ਬੇਅਦਬੀ ਦੀਆਂ ਹੱਦਾਂ-ਬੰਨ੍ਹੇ ਟੱਪ ਗਿਆ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਪੂਰੀ ਤਰ੍ਹਾਂ ਨਸ਼ਿਆਂ ਵਿਚ ਰੋਲ ਕੇ ਰੱਖ ਦਿੱਤਾ ਹੈ। ਜੇਕਰ ਪੰਜਾਬ ਵਾਸੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਪੰਜਾਬ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿਚ ਦਿਓ। ਇਸ ਮੌਕੇ ਤੇ ਵਿਧਾਇਕਾ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦਾ ਵਿਕਾਸ ਸਿਰਫ-ਸਿਰਫ ਤੇ ਅਮਰਿੰਦਰ ਸਿੰਘ ਹੀ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ ਵੀ ਪਟਿਆਲਾ ਦਾ ਜੋ ਵਿਕਾਸ ਹੋਇਆ ਸੀ ਉਹ ਕੈਪਟਨ ਅਤੇ ਕਾਂਗਰਸ ਦੀ ਸਰਕਾਰ ਸਮੇਂ ਹੀ ਹੋਇਆ। ਇਸ
ਮੌਕੇ ਪੀ.ਕੇ.ਪੁਰੀ, ਕੇ.ਕੇ. ਮਲਹੋਤਰਾ, ਕੇ.ਕੇ. ਸਹਿਗਲ, ਹਰਵਿੰਦਰ ਸਿੰਘ ਨਿੱਪੀ, ਯੋਗਿੰਦਰ ਸਿੰਘ ਯੋਗੀ, ਜਗਮੋਹਨ ਫੁੱਲ, ਸੰਤ ਲਾਲ ਬਾਂਗਾ, ਸੰਦੀਪ ਮਲਹੋਤਰਾ, ਨਿਖਿਲ ਕਾਕਾ, ਕੁਲਦੀਪ ਸਿੰਘ ਖਾਲਸਾ, ਮਨੀ ਨਰੂਲਾ, ਹਰਕੁੰਵਰ ਸਿੰਘ ਹੈਰੀ, ਰੈਲਿਫ਼ ਸੋਢੀ, ਬਿੱਟੂ ਜਲੋਟਾ, ਮਿੰਟੂ ਵਰਮਾ, ਹਰਮੀਤ ਨੋਨੀ ਤੋਂ ਇਲਾਵਾ ਜਸਵਿੰਦਰ ਜੁਲਕਾ ਵੀ ਹਾਜਰ ਸਨ।

