ਸ਼ੇਰਗਿੱਲ ਫਾਰਮ ਮੰਜਾਲ ਵਿਖੇ ਮਹਿੰਦਰਾ ਕਾਲਜ ਦੇ ਵਿਦਿਆਰਥੀਆਂ ਨੂੰ ਫ਼ਸਲੀ ਵਿਭਿੰਨਤਾ ਬਾਰੇ ਦਿੱਤੀ ਜਾਣਕਾਰੀ
ਤਿੰਨ ਦਿਨਾਂ ਟ੍ਰੇਨਿੰਗ ਕੈਂਪ ਲਗਾਉਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ
ਡਕਾਲਾ, ਪਟਿਆਲਾ, 27 ਮਈ:( (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਕਾਰੀ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਤ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਵਿਭਾਗ ਦੇ ਮੁਖੀ ਪ੍ਰੋ. ਡਾ. ਅੰਬਿਕਾ ਬੇਰੀ ਦੀ ਅਗਵਾਈ ਹੇਠ ਬੀ.ਐੱਸ.ਸੀ ਐਗਰੀਕਲਚਰ ਦੇ ਭਾਗ ਤੀਜਾ ਵਿਦਿਆਰਥੀਆਂ ਨੂੰ ਫਸਲੀ ਵਿਭਿੰਨਤਾ ਬਾਰੇ ਟ੍ਰੇਨਿੰਗ ਲੈਣ ਲਈ ਸ਼ੇਰਗਿੱਲ ਐਗਰੀਕਲਚਰਲ ਫ਼ਾਰਮ ਮੰਜਾਲ ਖੁਰਦ ਵਿਖੇ ਤਿੰਨ ਦਿਨਾ ਟ੍ਰੇਨਿੰਗ ਕੈਂਪ ਲਗਾਇਆ ਗਿਆ। ਸ਼ੇਰਗਿੱਲ ਫਾਰਮ ਦੇ ਸੰਚਾਲਕ ਅਤੇ ਖੇਤੀਬਾੜੀ ਵਿਭਿੰਨਤਾ ਵਿਚ ਕੌਮੀ ਪੁਰਸਕਾਰ ਜੇਤੂ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਵੱਲੋਂ ਵਿਦਿਆਰਥੀਆਂ ਨੂੰ ਫਸਲੀ ਵਿਭਿੰਨਤਾ ਦੇ ਗੁਰ ਸਿਖਾਏ ਗਏ ਅਤੇ ਰਵਾਇਤੀ ਖੇਤੀ ਨਾਲੋਂ ਫੁੱਲਾਂ, ਫਲਾਂ ਅਤੇ ਹੋਰ ਬਦਲਵੀ ਖੇਤੀ ਦੇ ਵਿਕਲਪਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਬਾਗ਼ਬਾਨੀ ਵਿਭਾਗ ਪੰਜਾਬ ਵੱਲੋਂ ਚੱਲ ਰਹੀਆਂ ਸਕੀਮਾ ਅਤੇ ਬਾਗ਼ਬਾਨੀ ਵਿੱਚ ਆਪਣਾ ਭਵਿੱਖ ਬਣਾਉਣ ਦੀ ਜਾਣਕਾਰੀ ਦੇਣ ਲਈ ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਿਰਵੰਤ ਸਿੰਘ ਨੇ ਵਿਸ਼ੇਸ ਤੌਰ ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਬਾਗ਼ਬਾਨੀ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਟ੍ਰੇਨਿੰਗ ਕੈਂਪ ਦੇ ਅੰਤਿਮ ਦਿਨ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।
ਟ੍ਰੇਨਿੰਗ ਦੇ ਅੰਤਿਮ ਇਨਾਮ ਵੰਡਦਿਆਂ ਗੁਰਪ੍ਰੀਤ ਸ਼ੇਰਗਿੱਲ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਟਰੇਨਿੰਗ ਕੈਂਪ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲ ਕੰਮ ਕਰਕੇ ਆਪਣੇ ਗਿਆਨ ਚ ਵਾਧਾ ਕੀਤਾ। ਸ ਸ਼ੇਰਗਿੱਲ ਨੇ ਦੱਸਿਆ ਕਿ ਉਨ੍ਹਾਂ ਵਿਦਿਆਰਥੀਆਂ ਨੂੰ ਫੁੱਲਾਂ ਦੀ ਖੇਤੀ, ਗੰਡੋਇਆਂ ਦੀ ਕਾਸ਼ਤ ਅਤੇ ਪੌਲੀ ਹਾਊਸ ਵਿੱਚ ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਵਿਹਾਰਕ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦੁਜੇ ਟ੍ਰੇਨਿੰਗ ਕੈਂਪ ਵਿੱਚ ਮਹਿੰਦਰਾ ਕਾਲਜ ਦੇ ਬੀ.ਐੱਸ. ਸੀ ਐਗਰੀਕਲਚਰਲ ਜਮਾਤ ਦੇ ਭਾਗ ਤੀਜਾ ਦੇ 22 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਜਿਕਰਯੋਗ ਹੈ ਕਿ ਸ. ਸ਼ੇਰਗਿੱਲ ਪਿਛਲੇ ਕਈ ਸਾਲਾਂ ਤੋਂ ਮਹਿੰਦਰਾ ਕਾਲਜ ਪਟਿਆਲਾ ਸਮੇਤ ਖੇਤੀਬਾੜੀ ਨਾਲ ਜੁੜੀਆਂ ਕਈ ਵਿੱਦਿਅਕ ਸੰਸਥਾਵਾਂ ਲਈ ਟਰੇਨਿੰਗ ਕੈਂਪਾਂ ਦਾ ਆਯੋਜਨ ਕਰ ਰਹੇ ਹਨ।

