ਹਲਕਾ ਇੰਚਾਰਜ ਦੀ ਗ਼ੈਰ ਅਸੂਲੀ ਪੋਸਟ ਨੇ ਕੀਤਾ ਭ੍ਰਿਸ਼ਟਾਚਾਰ ‘ਚ ਵਾਧਾ: ਅਰੁਣਾ ਚੌਧਰੀ
ਪੰਜਾਬ ਸਰਕਾਰ ਦੀ ਹਲਕਾ ਇੰਚਾਰਜ ਵਾਲੀ ਰਵਾਇਤ ਹੀ ਡੋਬੇਗੀ ਗੱਠਜੋੜ ਦੀ ਬੇੜੀ
ਹਲਕੇ ਦਾ ਜਿੱਤਿਆ ਵਿਧਾਇਕ ਹੀ ਹੁੰਦਾ ਖੇਤਰ ਦਾ ਅਸਲੀ ਇੰਚਾਰਜ
ਦੀਨਾਨਗਰ, 30 ਜਨਵਰੀ (ਸਰਬਜੀਤ ਸਾਗਰ)
ਦੀਨਾਨਗਰ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਅਤੇ ਮੌਜੂਦਾ ਵਿਧਾਇਕਾ ਸ਼੍ਰੀਮਤੀ ਅਰੁਣਾ ਚੌਧਰੀ ਨੇ ਪੰਜਾਬ ਸਰਕਾਰ ਵੱਲੋਂ ਆਪਣੇ ਰਾਜ ਵਿੱਚ ਲਿਆਂਦੇ ਹਲਕਾ ਇੰਚਾਰਜ ਦੇ ਅਹੁਦੇ ਨੂੰ ਗ਼ੈਰ ਅਸੂਲੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਦੀ ਇਹ ਰਵਾਇਤ ਹੀ ਗੱਠਜੋੜ ਦੀ ਬੇੜੀ ਡੋਬੇਗੀ।
ਉਨ੍ਹਾਂ ਕਿਹਾ ਕਿ ਅਸੂਲੀ ਤੌਰ ‘ਤੇ ਖੇਤਰ ਦਾ ਜਿੱਤਿਆ ਵਿਧਾਇਕ ਹੀ ਪੂਰੇ ਹਲਕੇ ਦਾ ਇੰਚਾਰਜ ਹੁੰਦਾ ਹੈ ਪਰ ਅਕਾਲੀ-ਭਾਜਪਾ ਸਰਕਾਰ ਨੇ ਅਸੂਲਾਂ ਨੂੰ ਛਿੱਕੇ ਟੰਗ ਕੇ ਹਲਕਾ ਇੰਚਾਰਜ ਦੇ ਰੂਪ ਵਿੱਚ ਇੱਕ ਅਜਿਹਾ ਅਹੁਦਾ ਸਥਾਪਿਤ ਕਰ ਦਿੱਤਾ, ਜਿਸ ਨਾਲ ਭ੍ਰਿਸ਼ਟਾਚਾਰ ‘ਚ ਇਜ਼ਾਫ਼ਾ ਹੋਇਆ ਅਤੇ ਲੋਕਾਂ ‘ਤੇ ਅੱਤਿਆਚਾਰ ਵਧਿਆ। ਸ਼੍ਰੀਮਤੀ ਚੌਧਰੀ ਨੇ ਇਹ ਗੱਲਾਂ ਅੱਜ ਪਿੰਡ ਡਾਲਾ, ਸਮਸ਼ੇਰਪੁਰ, ਨਾਭਾ ਦਾਸ ਕਾਲੌਨੀ ਝਬਕਰਾ, ਤਾਰੂਵਾਲ, ਅਵਾਂਖਾ ਅਤੇ ਕੋਠੇ ਪੰਜਾਬ ਸਿੰਘ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੀਆਂ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਦੀਨਾਨਗਰ ਅੰਦਰ ਭਾਜਪਾ ਦੇ ਇੱਕ ਅਜਿਹੇ ਨੇਤਾ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਜੋ ਉਨ੍ਹਾਂ ਕੋਲੋਂ ਪਿਛਲੀਆਂ ਚੋਣਾਂ ਵਿੱਚ 13 ਹਜ਼ਾਰ ਦੇ ਕਰੀਬ ਵੋਟਾਂ ਨਾਲ ਹਾਰ ਗਿਆ ਸੀ। ਉਨ੍ਹਾਂ ਕਿਹਾ ਕਿ ਜਿਸ ਉਮੀਦਵਾਰ ਨੂੰ ਹਲਕੇ ਦੀ ਜਨਤਾ ਨੇ ਹੀ ਨਕਾਰ ਦਿੱਤਾ ਫਿਰ ਕਿਵੇਂ ਉਸਨੂੰ ਲੋਕਾਂ ਉੱਤੇ ਇੰਚਾਰਜ ਬਣਾ ਕੇ ਥੋਪਿਆ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਇਸ ਹਲਕਾ ਇੰਚਾਰਜ ਨੇ ਵੱਡੇ ਪੱਧਰ ‘ਤੇ ਸਰਕਾਰੀ ਗਰਾਂਟਾਂ ਵਿੱਚੋਂ ਕਮਿਸ਼ਨਾਂ ਖਾਧੀਆਂ ਅਤੇ ਆਪਣੀ ਹੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਦਾਰੀ ਕਰਕੇ ਦੋਰਾਂਗਲਾ ਬਲਾਕ ਸੰਮਤੀ ਦੀ ਚੇਅਰਮੈਨੀ ਹੱਥਿਆ ਲਈ। ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਜਗ੍ਹਾ-ਜਗ੍ਹਾ ‘ਤੇ ਹਲਕਾ ਇੰਚਾਰਜ ਬਿਸ਼ਨ ਦਾਸ ਧੁੱਪੜ ਦੇ ਪੁਤਲੇ ਫੂਕੇ ਗਏ ਅਤੇ ਚੋਣਾਂ ਵਿੱਚ ਬਾਈਕਾਟ ਦਾ ਐਲਾਨ ਕੀਤਾ ਗਿਆ। ਅਰੁਣਾ ਚੌਧਰੀ ਨੇ ਕਿਹਾ ਕਿ ਜਿਹੜਾ ਨੇਤਾ ਆਪਣੀ ਭਾਈਵਾਲ ਪਾਰਟੀ ਨਾਲ ਧੋਖਾ ਕਰ ਸਕਦਾ ਹੈ, ਉਸ ਕੋਲੋਂ ਆਮ ਜਨਤਾ ਨੂੰ ਕੀ ਉਮੀਦ ਹੋਵੇਗੀ।
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੋਕ ਚੌਧਰੀ ਨੇ ਵੀ ਇਸੇ ਵਿਸ਼ੇ ‘ਤੇ ਗੱਲ ਕਰਦਿਆਂ ਹਲਕਾ ਇੰਚਾਰਜ ਦੇ ਅਹੁਦੇ ਨੂੰ ਗ਼ਲਤ ਦੱਸਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕਾਂ ਨੂੰ ਮੂੰਹ ਨਾ ਲਾਉਣ। ਚੌਧਰੀ ਨੇ ਕਿਹਾ ਕਿ ਬਿਸ਼ਨ ਦਾਸ ਧੁੱਪੜ ਨੇ ਪੰਜ ਸਾਲ ਹਲਕਾ ਇੰਚਾਰਜ ਰਹਿੰਦਿਆਂ ਜਿੱਥੇ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਕੀਤਾ ਉੱਥੇ ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਕਥਿਤ ਤੌਰ ‘ਤੇ ਜ਼ਬਰੀ ਭਾਜਪਾ ‘ਚ ਸ਼ਾਮਲ ਕਰਨ ਲਈ ਧਮਕਾਇਆ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਅਜਿਹੇ ਲੋਕਾਂ ਕੋਲੋਂ ਆਮ ਜਨਤਾ ਨਾਲ ਕੀਤੀਆਂ ਬੇਇਨਸਾਫ਼ੀਆਂ ਦਾ ਹਿਸਾਬ ਲਿਆ ਜਾਵੇਗਾ। ਇਸ ਮੌਕੇ ਪਿੰਡਾਂ ਦੇ ਮੋਹਤਬਰ ਤੇ ਆਮ ਲੋਕ ਵੱਡੀ ਗਿਣਤੀ ‘ਚ ਮੌਜੂਦ ਸਨ।

