ਪੰਜਾਬਪਟਿਆਲਾ

ਪੰਜਾਬ ਵਿਚ ਖੇਡਦੇ ਹਨ ਅਕਾਲੀਆਂ-ਕਾਂਗਰਸੀ ਫ੍ਰੈਂਡਲੀ ਮੈਚ : ਸੰਜੇ ਸਿੰਘ

-ਬੇਅਦਬੀ ਕਰਨ ਵਾਲਿਆਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾਵੇਗਾ
-ਅਮ੍ਰਿਤਸਰ ਸਾਹਿਬ ਅਤੇ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਬਣਾਵਾਂਗੇ
ਪਟਿਆਲਾ, 31 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਸ਼ੁਰੂ ਤੋਂ ਪੰਜਾਬ ਦੀ ਲੁੱਟ ਕਰਦੇ ਆ ਰਹੇ ਹਨ। ਕੁਰਸੀ ਲਈ ਇੰਨ੍ਹਾਂ ਦੋਹਾਂ ਪਾਰਟੀਆਂ ਨੇ ਲੰਬਾ ਸਮਾਂ ਪਹਿਲਾਂ ਹੀ ਸਮਝੌਤਾ ਕਰ ਲਿਆ ਸੀ ਅਤੇ ਅੱਜ ਤੱਕ ਇਹ ਉਸੇ ਸਮਝੌਤੇ ਦੇ ਤਹਿਤ ਚੋਣਾਂ ਲੜਦੇ ਆ ਰਹੇ ਹਨ।

ਉਹ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਦੇ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਦੇ ਹੱਕ ਵਿਚ ਐਸ.ਐਸ.ਟੀ. ਨਗਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਸਮਝੌਤੇ ਦੇ ਅਧੀਨ ਹੀ ਪਿਛਲੇ 10 ਸਾਲ ਅਕਾਲੀ ਦਲ ਨੇ ਪੰਜਾਬ ‘ਤੇ ਰਾਜ ਕੀਤਾ ਅਤੇ ਹੁਣ ਫਿਰ ਸਮਝੌਤੇ ਦੇ ਤਹਿਤ ਹੀ ਕਾਂਗਰਸ 10 ਸਾਲ ਰਾਜ ਕਰਨ ਦੇ ਸੁਪਨੇ ਵੇਖ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਲੰਬਾ ਸਮਾਂ ਇੰਨ੍ਹਾਂ ਦੇ ਇਸ ਫ੍ਰੈਂਡਲੀ ਮੈਚ ਨੂੰ ਸਮਝ ਨਹੀ ਸਕੇ ਅਤੇ ਵਾਰੀ-ਵਾਰੀ ਦੋਹਾਂ ਪਾਰਟੀਆਂ ਤੋਂ ਲੁੱਟ ਕਰਵਾਉਂਦੇ ਰਹੇ। ਪਰੰਤੂ ਹੁਣ ਲੋਕਾਂ ਨੂੰ ਇੰਨ੍ਹਾਂ ਦੀ ਇਸ ‘ਸੈਟਿੰਗ’ ਦੀ ਸਮਝ ਆ ਗਈ ਹੈ ਅਤੇ ਪੰਜਾਬ ਦੇ ਲੋਕ ਹੁਣ ਇੰਨ੍ਹਾਂ ਦੀ ਇਹ ਖੇਡ ਖਰਾਬ ਕਰਨ ਦੀ ਤਿਆਰੀ ਵਿਚ ਹਨ।
ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਦੇਸ਼ ਦੇ ਹਰ ਸੂਬੇ ਵਿਚ ਸਿਆਸਤ ਕੁਝ ਇਕ ਪਰਿਵਾਰਾਂ ਤੱਕ ਸਿਮਟ ਕੇ ਰਹਿ ਗਈ ਹੈ ਜੋ ਵਾਰੀ ਵਾਰੀ ਲੋਕਾਂ ‘ਤੇ ਰਾਜ ਕਰਕੇ ਲੁੱਟ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਇਹੀ ਸਿਲਸਿਲਾ ਚਲਦਾ ਰਿਹਾ ਹੈ ਅਤੇ ਅਕਾਲੀ ਅਤੇ ਕਾਂਗਰਸੀ 70 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਦੇ ਆ ਰਹੇ ਹਨ। ਹੁਣ ਆਮ ਆਦਮੀ ਪਾਰਟੀ ਇੰਨ੍ਹਾਂ ਦੇ ਪਰਿਵਾਰਵਾਦ ਅਤੇ ਤਿਜੋਰੀਆਂ ਭਰਨ ਦੇ ਸਿਲਸਿਲੇ ਨੂੰ ਚੁਣੌਤੀ ਦੇ ਰਹੀ ਹੈ ਜਿਸ ਕਾਰਨ ਇੰਨ੍ਹਾਂ ਦੋਹਾਂ ਪਾਰਟੀਆਂ ਦਾ ਆਪਣਾ ਪੂਰਾ ਜੋਰ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਲਗਾਇਆ ਜਾ ਰਿਹਾ ਹੈ। ਆਪਣੇ ਨਿੱਜੀ ਸਵਾਰਥਾਂ ਕਰਕੇ ਅਕਾਲੀਆਂ ਅਤੇ ਕਾਂਗਰਸੀਆਂ ਨੇ ਆਪਸੀ ਦੁਸ਼ਮਣੀ ਭੁੱਲਾ ਕੇ ਆਪਸ ਵਿਚ ਗਲਵੱਕੜੀ ਪਾ ਲਈ ਹੈ ਅਤੇ ਲੋਕਾਂ ਨੂੰ ਫਿਰ ਗੁੰਮਰਾਹ ਕਰਕੇ ਸੱਤਾ ‘ਤੇ ਕਬਜ਼ਾ ਕਰਨ ਦੇ ਸੁਪਨੇ ਲੈ ਰਹੇ ਹਨ। ਪਰੰਤੂ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਹਨ। ਇਤਿਹਾਸ ਗਵਾਹ ਹੈ ਕਿ ਪੰਜਾਬ ਤੋਂ ਉੱਠਣ ਵਾਲੇ ਇਨਕਲਾਬਾਂ ਨੇ ਵੱਡੇ-ਵੱਡੇ ਦਰਿਆਵਾਂ ਦੇ ਮੂੰਹ ਮੋੜ ਦਿੱਤੇ ਹਨ ਅਤੇ ਇਸ ਵਾਰ ਵੀ ਇਹ ਇਨਕਲਾਬ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਸੱਤਾ ਤੋਂ ਬਾਹਰ ਕਰ ਦੇਵੇਗਾ ਅਤੇ ਪੰਜਾਬ ਵਿਚ ਲੋਕਾਂ ਦੀ ਆਪਣੀ ਸਰਕਾਰ ਆਵੇਗੀ।
ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਵੀ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਪੰਜਾਬੀਆਂ ਨੂੰ ਸਸਤੀ ਬਿਜਲੀ, ਮੁਫਤ ਆਧੁਲਿਕ ਸਿਹਤ ਸਹੂਲਤਾਂ, ਨਵੇਂ ਅਤੇ ਆਧੁਨਿਕ ਸਰਕਾਰੀ ਸਕੂਲਾਂ ਤੋਂ ਇਲਾਵਾ ਭ੍ਰਿਸਟਾਚਾਰ ਅਤੇ ਰਿਸ਼ਵਤਖੋਰੀ ਖਤਮ ਕੀਤੀ ਜਾਵੇਗੀ। ਕਿਸਾਨਾਂ ਦੇ ਕਰਜ਼ਿਆਂ ‘ਤੇ ਲਕੀਰ ਮਾਰੀ ਜਾਵੇਗੀ ਅਤੇ ਵਪਾਰੀਆਂ ਨੂੰ ਇੰਸਪੈਕਟਰੀ ਰਾਜ ਤੋਂ ਮੁਕਤੀ ਦਿਵਾਈ ਜਾਵੇਗੀ। ਪੰਜਾਬ ਦੇ ਨੌਜਵਾਨਾਂ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਉਨ੍ਹਾਂ ਨੂੰ ਨੌਕਰੀਆਂ ਅਤੇ ਰੁਜਗਾਰ ਮੁਹੱਈਆ ਕਰਵਾਏ ਜਾਣਗੇ।

Leave a Reply

Your email address will not be published. Required fields are marked *