ਪੰਜਾਬ ਵਿਚ ਮੁੜ ਕਾਲੇ ਦਿਨ ਲਿਆਉਣ ਦੀ ਕੋਝੀ ਚਾਲ : ਬਾਦਲ
ਬੰਬ ਧਮਾਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੀਆਂ ਘਟਨਾਵਾਂ ਨਾਲ ਸ਼ੁਰੂ ਹੋਈ ਸਾਜਿਸ਼ ਦਾ ਹੀ ਹਿੱਸਾ
ਬਾਦਲ, 1 ਫਰਵਰੀ (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੀਆਂ ਹੋਈਆਂ ਘਟਨਾਵਾਂ ਅਤੇ ਕੱਲ੍ਹ ਰਾਤ ਮੌੜ ਮੰਡੀ ਵਿਚ ਹੋਏ ਬੰਬ ਧਮਾਕੇ ਇਕੋ ਹੀ ਸਾਜਿਸ਼ ਦਾ ਹਿੱਸਾ ਹਨ, ਜਿਸ ਦਾ ਮਕਸਦ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਲੜਾ ਕੇ ਬਹੁਤ ਹੀ ਕੁਰਬਾਨੀਆਂ ਤੋਂ ਬਾਅਦ ਸੂਬੇ ਵਿਚ ਸਥਾਪਿਤ ਕੀਤੀ ਗਈ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰਨਾ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹੀ ਸਥਿਤੀ ਨੂੰ ਵਾਪਰਨ ਤੋਂ ਰੋਕਣ ਲਈ ਪੂਰੀ ਤਰ੍ਹਾਂ ਚੌਕੰਨੀ ਹੈ ਅਤੇ ਸੂਬੇ ਦਾ ਅਮਨ ਭੰਗ ਕਰਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਤੋਂ ਕੋਈ ਹੈਰਾਨੀ ਨਹੀਂ ਹੋਈ ਹੈ, ਕਿਉਂਕਿ ਇਹ ਸ਼ਰਾਰਤੀ ਅਨਸਰਾਂ ਵਲੋਂ ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰਕੇ ਰਾਜਸੀ ਲਾਹਾ ਲੈਣ ਦੀ ਚੱਲੀ ਗਈ ਕੋਝੀ ਚਾਲ ਹੈ ਅਤੇ ਬੰਬ ਧਮਾਕੇ ਦੀ ਇਹ ਘਟਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੀਆਂ ਘਟਨਾਵਾਂ ਦੀ ਸਾਜਿਸ਼ ਦੀ ਹੀ ਇਕ ਕੜੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖ ਅਤੇ ਅਫਸੋਸ ਦੀ ਗੱਲ ਹੈ ਕਿ ਜ਼ਿੰੰਮੇਵਾਰ ਰਾਜਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਅਮਨ ਸ਼ਾਂਤੀ ਦੀਆਂ ਦੋਖੀ ਤਾਕਤਾਂ ਨਾਲ ਗਿਟ-ਮਿਟ ਕਰ ਰਹੇ ਹਨ। ਅਜਿਹੀਆਂ ਪਾਰਟੀਆਂ ਦੇ ਆਗੂ ਅਮਨ ਸ਼ਾਂਤੀ ਦੇ ਵਿਰੋਧੀ ਤੱਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਲਈ ਗੰਢ-ਤਰੁੱਪ ਕਰਨ ਵਿਚ ਲੱਗੇ ਹੋਏ ਹਨ। ਸ. ਬਾਦਲ ਨੇ ਕਿਹਾ ਕਿਹਾ ਕਿ ਅਮਨ ਭੰਗ ਕਰਨ ਵਾਲੀ ਹਰ ਘਟਨਾ ਤੋਂ ਬਾਅਦ ਰਾਜਸੀ ਆਗੂ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬਿਆਨਬਾਜ਼ੀ ਕਰਦੇ ਹਨ, ਕਿਉਂਕਿ ਸਾਡੇ ਰਾਜਸੀ ਵਿਰੋਧੀਆਂ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਉਹ ਆਪਣਾ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੋਂ ਬਿਨਾ ਹਾਸਲ ਨਹੀਂ ਕਰ ਸਕਦੇ। ਪੰਜਾਬ ਦੇ ਅਮਨ ਦੀਆਂ ਦੋਖੀ ਤਾਕਤਾਂ ਸਾਡੇ ਰਾਜਸੀ ਵਿਰੋਧੀਆਂ ਤੋਂ ਸਰਗਰਮ ਅਤੇ ਅਨੈਤਿਕ ਮਦਦ ਹਾਸਲ ਕਰ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਾਲੀਆਂ ਤਾਕਤਾਂ ਨੂੰ ਇਹ ਪਤਾ ਹੈ ਕਿ ਜੇਕਰ ਕਿਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਰਾਹ ਵਿਚੋਂ ਪਾਸੇ ਹਟਾ ਦਿੱਤਾ ਜਾਵੇ ਤਾਂ ਉਹ ਆਪਣੇ ਕੋਝੇ ਮਕਸਦਾਂ ਨੂੰ ਪੂਰਾ ਕਰਨ ਵਿਚ ਸਫਲ ਹੋ ਸਕਦੀਆਂ ਹਨ। ਇਸੇ ਲਈ ਹੀ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਮੈਨੂੰ (ਪ੍ਰਕਾਸ਼ ਸਿੰਘ ਬਾਦਲ) ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝਦੀਆਂ ਹਨ। ਇਹ ਤਾਕਤਾਂ ਸਾਡੇ ਰਾਜਸੀ ਵਿਰੋਧੀਆਂ ਨੂੰ ਆਪਣਾ ਮਿੱਤਰ ਮੰਨਦੀਆਂ ਹਨ ਅਤੇ ਉਨ੍ਹਾਂ ਨਾਲ ਹੀ ਮਿਲ ਚੁੱਕੀਆਂ ਹਨ।
ਸ. ਬਾਦਲ ਨੇ ਕਿਹਾ ਕਿ ਇਹ ਬੰਬ ਧਮਾਕਾ ਅਤੇ ਪਹਿਲਾਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਹੁਰਮਤੀ ਦੀਆਂ ਘਟਨਾਵਾਂ ਸਪਸ਼ਟ ਰੂਪ ਵਿਚ ਸਪਸ਼ਟ ਰੂਪ ਵਿਚ ਅਸਥਿਰ ਕਰਨ ਦੇ ਮਕਸਦ ਨਾਲ ਕਰਵਾਈਆਂ ਗਈਆਂ ਹਨ ਅਤੇ ਇਸਦਾ ਸਾਰਾ ਦੋਸ਼ ਗਲਤ ਤੌਰ ‘ਤੇ ਅਕਾਲੀ-ਭਾਜਪਾ ਸਰਕਾਰ ਸਿਰ ਮੜ੍ਹਿਆ ਜਾ ਰਿਹਾ ਹੈ।
ਮੁੱਖ ਮੰਤਰੀ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਦੀ ਤਰ੍ਹਾਂ ਹੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ, ਪੰਜਾਬੀਆਂ ਵਿਚ ਵੰਡੀਆਂ ਪਾਉਣ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਦੇ ਵਿਰੁੱਧ ਚੱਟਾਨ ਵਾਂਗ ਖੜ੍ਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਪੰਜਾਬ ਵਿਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਪੈਦਾ ਕਰਨ ਲਈ ਲਗਾ ਦਿੱਤੀ ਹੈ ਅਤੇ ਇਸਦੀ ਰਾਖੀ ਲਈ ਉਹ ਆਪਣੇ ਖੂਨ ਦਾ ਆਖਰੀ ਕਤਰਾ ਤੱਕ ਵਹਾ ਦੇਣਗੇ।
ਮੌੜ ਮੰਡੀ ਵਿਖੇ ਬੀਤੀ ਰਾਤ ਹੋਏ ਬੰਬ ਧਮਾਕੇ ਉਤੇ ਟਿੱਪਣੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੀਆਂ ਘਟਨਾਵਾਂ ਦੀ ਸਾਜਿਸ਼ ਦੀ ਸਿਖਰ ਹੈ ਅਤੇ ਇਸ ਸਾਜਿਸ਼ ਦਾ ਮਕਸਦ ਪੰਜਾਬ ਨੂੰ ਮੁੜ ਕਾਲੇ ਦਿਨਾਂ ਵਿਚ ਧੱਕਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਬੰਬ ਧਮਾਕੇ ਦੀ ਘਟਨਾ ਲਈ ਚੁਣੇ ਗਏ ਸਮੇਂ ਤੋਂ ਇਹ ਸਪਸ਼ਟ ਹੈ ਕਿ ਅਮਨ ਵਿਰੋਧੀ ਅਨਸਰ ਇਸ ਘਟਨਾ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਉਤੇ ਪਾ ਕੇ ਉਸਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੇ ਅਰਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਉਸਦੀ ਸਰਕਾਰ ਨੇ ਭੜਕਾਹਟ ਦੇ ਬਾਵਜੂਦ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਬੜੀ ਹੀ ਸਫਲਤਾ ਨਾਲ ਰਾਖੀ ਕੀਤੀ ਹੈ ਅਤੇ ਹੁਣ ਸਾਰੀ ਪ੍ਰਬੰਧਕੀ ਅਤੇ ਪੁਲਿਸ ਮਸ਼ੀਨਰੀ ਦਾ ਕੰਟਰੋਲ ਚੋਣ ਕਮਿਸ਼ਨ ਦੇ ਹੱਥ ਵਿਚ ਹੈ । ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਤੱਤਾਂ ਨੇ ਇਹ ਘਟਨਾ ਉਦੋਂ ਕੀਤੀ ਹੈ ਜਦੋਂਕਿ ਸਾਰੀ ਸਰਕਾਰੀ ਮਸ਼ੀਨਰੀ ਚੋਣਾਂ ਕਰਵਾਉਣ ਦੇ ਪ੍ਰਬੰਧ ਵਿਚ ਰੁਝੀ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਉਹ ਜਿਉਂਦੇ ਹਨ ਉਹ ਆਪਣੇ ਆਖਰੀ ਸਾਹ ਤੱਕ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇ ਦੇਣਗੇ।

