ਕਰਨਵੀਰ ਟਿਵਾਣਾ ਨੂੰ ਜਿਤਾ ਕੇ ਤੁਸੀਂ ਵਿਧਾਨ ਸਭਾ ਭੇਜ ਰਹੇ ਹੋ ਅਤੇ ਵੱਡੀ ਜ਼ਿੰਮੇਵਾਰੀ ਦੇ ਕੇ ਅਸੀਂ ਭੇਜਾਂਗੇ : ਸਿਸੋਦੀਆ
ਪਟਿਆਲਾ ਦਿਹਾਤੀ ਦੇ ਲੋਕ ਹਰ ਧੜੇਬੰਦੀ ਤੋਂ ਉਪਰ ਉਠ ਕੇ ਪਹੁੰਚੇ ਕਰਨਵੀਰ ਟਿਵਾਣਾ ਦੇ ਰੋਡ ਸ਼ੌਅ ‘ਚ
ਪਟਿਆਲਾ, 2 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਨੇ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਇਕ ਵਿਸ਼ਾਲ ਰੋਡ ਸ਼ੌਅ ਕੱਢਿਆ, ਜਿਸ ਵਿਚ ਸੈਂਕੜੇ ਦੀ ਗਿਣਤੀ ਵਿਚ ਕਾਰਾਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਮੋਟਰਸਾਈਕਲ ਤੇ ਸਕੂਟਰ ਸ਼ਾਮਲ ਹੋਏ। ਇਸ ਰੋਡ ਸ਼ੌਅ ਨੇ ਅੱਜ ਪਟਿਆਲਾ ਦਿਹਾਤੀ ਦੇ ਰਾਜਨੀਤਕ ਸਮੀਕਰਨ ਕੁੱਝ ਇਸ ਤਰ੍ਹਾਂ ਬਦਲੇ ਕਿ ਕਰਨਵੀਰ ਟਿਵਾਣਾ ਦੇ ਵਿਰੋਧੀਆਂ ਦੇ ਖੇਮੇ ਵਿਚ ਬੁਖਲਾਹਟ ਸਾਫ ਦਿਖਾਈ ਦਿੰਦੀ ਸੀ।
ਰੋਡ ਸ਼ੌਅ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਸ਼੍ਰੀ ਮੁਨੀਸ਼ ਸਿਸੋਦੀਆ ਨੇ ਰਾਜਪੁਰਾ ਰੋਡ ਤੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਰਵਾਨਾ ਕੀਤਾ ਅਤੇ ਪੂਰੇ ਹਲਕੇ ਵਿਚ ਖੁਦ ਮੁਨੀਸ਼ ਸਿਸੋਦੀਆ ਕਰਨਵੀਰ ਟਿਵਾਣਾ ਨਾਲ ਰੋਡ ਸ਼ੌਅ ਦੌਰਾਨ ਰਹੇ। ਜਿਥੇ ਥਾਂ-ਥਾਂ ‘ਤੇ ਕਰਨਵੀਰ ਟਿਵਾਣਾ ਦਾ ਲੋਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਟਿਵਾਣਾ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਸੀ ਕਿ ਲੋਕਾਂ ਨੇ ਕੋਠਿਆਂ ‘ਤੇ ਖੜ੍ਹੇ ਹੋ ਕੇ ਫੁੱਲਾਂ ਦੀ ਵਰਖਾ ਕੀਤੀ। ਬਜ਼ੁਰਗਾਂ ਨੇ ਜਿਥੇ ਰੋਡ ਸ਼ੌਅ ਨੂੰ ਖੜ੍ਹਾ ਖੜ੍ਹਾ ਕੇ ਟਿਵਾਣਾ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ, ਉਥੇ ਹਰ ਵਰਗ ਦੇ ਲੋਕਾਂ ਨੇ ਥਾਂ-ਥਾਂ ‘ਤੇ ਟਿਵਾਣਾ ਦਾ ਸਵਾਗਤ ਕੀਤਾ। ਲੋਕਾਂ ਨੇ ਖੁਦ ਹੀ ਆਪਣੇ ਪੈਸੇ ਖਰਚ ਕਰਕੇ ਲੰਗਰ ਲਾਏ ਹੋਏ ਸਨ ਤੇ ਬਾਕੀ ਪਾਰਟੀਆਂ ਦੇ ਉਲਟ ਟਿਵਾਣਾ ਦੇ ਰੋਡ ਸ਼ੌਅ ਵਿਚ ਲੋਕ ਆਪ ਮੁਹਾਰੇ ਆਪਣੇ ਸਾਧਨਾ ‘ਤੇ ਆਪਣਾ ਤੇਲ ਖਰਚ ਕਰਕੇ ਪਹੁੰਚੇ ਹੋਏ ਸਨ। ਇਹ ਰੋਡ ਸ਼ੌਅ ਅਟਵਾਲ ਪੈਟਰੋਲ ਪੰਪ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਨਗਰ, ਤਫੱਜਲਪੁਰਾ, ਫੈਕਟਰੀ ਏਰੀਆ, ਬੰਨ੍ਹਾ ਰੋਡ, ਤ੍ਰਿਪੜੀ ਟਾਊਨ ਤੋਂ ਹੁੰਦਾ ਹੋਇਆ ਪਟਿਆਲਾ ਦਿਹਾਤੀ ਦੇ ਪਿੰਡਾਂ ਵਿਚੋਂ ਆਲੋਵਾਲ ਵਿਖੇ ਖਤਮ ਹੋਇਆ। ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਸ਼੍ਰੀ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਕਰਨਵੀਰ ਸਿੰਘ ਟਿਵਾਣਾ ਨੂੰ ਤੁਸੀਂ ਜਿਤਾ ਕੇ ਵਿਧਾਨ ਸਭਾ ਭੇਜ ਰਹੇ ਹੋ ਅਤੇ ਮੈਂ ਵਾਅਦਾ ਕਰਦਾ ਹਾਂ ਕਿ ਉਸ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਅਸੀਂ ਭੇਜਾਂਗੇ ਤਾਂ ਕਿ ਤੁਹਾਡੇ ਲੋਕਾਂ ਨਾਲ ਜਿਹੜੇ ਵੀ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਇਕ ਵੱਡੀ ਸ਼ਕਤੀ ਬਣ ਕੇ ਕਰਨਵੀਰ ਟਿਵਾਣਾ ਨਾ ਕੇਵਲ ਪੂਰਾ ਕਰੇਗਾ, ਸਗੋਂ ਹਰ ਵੋਟਰ ਦੀ ਦਿਨ ਰਾਤ ਸੇਵਾ ਕਰਕੇ ਉਸ ਦਾ ਕਰਜ ਵੀ ਉਤਾਰੇਗਾ। ਸ਼੍ਰੀ ਮੁਨੀਸ਼ ਸਿਸੋਦੀਆ ਨੇ ਲੋਕਾਂ ਨੂੰ ਭਾਵਨਾਤਮਕ ਅਪੀਲ ਕਰਦਿਆਂ ਦੱਸਿਆ ਕਿ ਕਾਂਗਰਸ ਤੇ ਅਕਾਲੀ ਆਪਸ ਵਿਚ ਮਿਲ ਕੇ ਫਰੈਂਡਲੀ ਮੈਚ ਖੇਡਦੇ ਹਨ, ਇਸ ਲਈ ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਹ ਪੈਸੇ ਤੇ ਸ਼ਰਾਬ ਵੀ ਵੰਡ ਸਕਦੇ ਹਨ। ਇਨ੍ਹਾਂ ਤੋਂ ਪੈਸੇ ਤੇ ਸ਼ਰਾਬ ਲਓ ਪਰ ਵੋਟਾਂ ਕਰਨਵੀਰ ਟਿਵਾਣਾ ਨੂੰ ਪਾਓ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਸਮੁੱਚੇ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣਗੇ ਅਤੇ ਹੁਣ ਤੱਕ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਲੁੱਟਣ ਵਾਲਿਆਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਵੇਗਾ। ਸਿਸੋਦੀਆ ਨੇ ਕਿਹਾ ਕਿ ਕਰਨਵੀਰ ਟਿਵਾਣਾ ਇਕ ਹੋਣਹਾਰ ਅਤੇ ਸਮਾਜ ਵਿਚ ਵਿਚਰਨ ਵਾਲਾ ਅਗਾਂਹਵਧੂ ਨੌਜਵਾਨ ਹੈ, ਜਿਹੜਾ ਆਪਣੀ ਸੁਚੱਜੀ ਸੋਚ ਨਾਲ ਹਲਕੇ ਨੂੰ ਤਰੱਕੀਆਂ ਦੀਆਂ ਲੀਹਾਂ ‘ਤੇ ਲੈ ਕੇ ਜਾਵੇਗਾ।

