ਪਟਿਆਲਾ

ਪਾਕਿਸਤਾਨ ਦੀ ਸਰਕਾਰ ਵੱਲੋਂ ਪੰਜਾਬੀ ਬਾਲ ਸਾਹਿਤ ਦੀ ਤਰੱਕੀ ਲਈ ਪੁਸਤਕਾਂ ਨੂੰ ਇਨਾਮ ਦੇਣ ਦੀ ਯੋਜਨਾ

ਸਰਬੋਤਮ ਪੁਸਤਕ ਲਈ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ
ਪਟਿਆਲਾ (ਮਧੂਸਾਰ ਬਿਊਰੋ)
ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਯੋਗਦਾਨ ਪਾ ਰਹੇ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ਼,ਆਰਟ ਅਤੇ ਕਲਚਰ ਵਿਭਾਗ, ਲਾਹੌਰ ਵੱਲੋ ਸਾਲ 2017 ਤੋਂ ਪੰਜਾਬੀ ਬਾਲ ਸਾਹਿਤ ਦੀ ਤਰੱਕੀ ਲਈ ਪੁਸਤਕਾਂ ਨੂੰ ਇਨਾਮ ਦੇਣ ਦੀ ਯੋਜਨਾ ਆਰੰਭ ਕੀਤੀ ਗਈ ਹੈ।

ਬੱਚਿਆਂ ਨੂੰ ਕੌਮਾਂਤਰੀ ਪੱਧਰ ‘ਤੇ ਪੰਜਾਬੀ ਭਾਸ਼ਾ ਨਾਲ ਜੁੜਨ ਦੀ ਪ੍ਰੇਰਣਾ ਦੇਣ ਵਾਲੇ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਲਾਹੌਰ ਤੋਂ ਨਿਰੰਤਰ ਛਪਦੇ ਇਕੋ ਇਕ ਪੰਜਾਬੀ ਬਾਲ ਰਸਾਲੇ ‘ਪਖੇਰੂ’ ਦੇ ਸੰਪਾਦਕ ਅਸ਼ਰਫ਼ ਸੁਹੇਲ ਦੇ ਹਵਾਲੇ ਨਾਲ ਕਿਹਾ ਹੈ ਕਿ ਇੰਸਟੀਚਿਊਟ ਵੱਲੋਂ ਇਹ ਇਨਾਮ ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਸ਼ਫ਼ਕਤ ਤਨਵੀਰ ਮਿਰਜ਼ਾ ਦੀ ਯਾਦ ਵਿਚ ਹਰ ਸਾਲ ਦੇਣ ਦਾ ਨਿਰਣਾ ਲਿਆ ਹੈ। ਇੰਸਟੀਚਿਊਟ ਵੱਲੋਂ ਲਏ ਫ਼ੈਸਲੇ ਤਹਿਤ ਹਰ ਸਾਲ ਪੰਜਾਬੀ ਦੀ ਸਰਬੋਤਮ ਬਾਲ ਪੁਸਤਕ ਲਈ ਇੱਕ ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਇਆ ਕਰੇਗਾ। ਇਸੇ ਤਰ੍ਹਾਂ ਦੂਜੇ ਸਥਾਨ ਤੇ ਆਉਣ ਵਾਲੀ ਪੁਸਤਕ ਲਈ 50,000 ਰੁਪਏ ਅਤੇ ਤੀਜੇ ਸਥਾਨ ਤੇ ਆਉਣ ਵਾਲੀ ਪੁਸਤਕ ਲਈ 30,000 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਹ ਇਨਾਮ ਸਾਲ ਕੇਵਲ 2016 ਵਿਚ ਛਪੀਆਂ ਪੁਸਤਕਾਂ ਉਪਰ ਹੀ ਦਿੱਤੇ ਜਾਣੇ ਹਨ। ਡਾ. ਆਸ਼ਟ ਅਨੁਸਾਰ ਇਹਨਾਂ ਇਨਾਮਾਂ ਨਾਲ ਪਾਕਿਸਤਾਨ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਆਪਣੀ ਮਾਤ-ਭਾਸ਼ਾ ਪ੍ਰਤੀ ਉਤਸ਼ਾਹ ਵਧੇਗਾ ਅਤੇ ਪੰਜਾਬੀ ਭਾਸ਼ਾ ਬੋਲੀ,ਸਾਹਿਤ,ਸੱਭਿਆਚਾਰ ਦਾ ਰੁਤਬਾ ਹੋਰ ਬੁਲੰਦ ਹੋਵੇਗਾ।ਪੰਜਾਬੀ ਬਾਲ ਸਾਹਿਤ ਤੋਂ ਇਲਾਵਾ ਡਾਇਰੈਕਟੋਰੇਟ ਵੱਲੋਂ ਪ੍ਰੋੜ੍ਹ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਪੰਜਾਬੀ ਪੁਸਤਕਾਂ ਉਪਰ ਵੀ ਵੱਖ ਵੱਖ ਤਿੰਨ ਪੁਰਸਕਾਰ ਦਿੱਤੇ ਜਾਣੇ ਹਨ ਜਿਨ੍ਹਾਂ ਦੀ ਰਾਸ਼ੀ ਇੰਨੀ ਹੀ ਹੋਵੇਗੀ।

Leave a Reply

Your email address will not be published. Required fields are marked *