ਖ਼ਾਲਸਾ ‘ਵਰਸਿਟੀ ਦੇ ਉੱਪ ਕੁਲਪਤੀ ਡਾ. ਚਾਹਲ ਨੂੰ ਪੀ. ਯੂ. ਨੇ ‘ਆਨਰੇਰੀ ਪ੍ਰੋਫੈਸਰ’ ਦੇ ਅਹੁੱਦੇ ਦੀ ਉਪਾਧੀ ਦਿੱਤੀ
ਅੰਮ੍ਰਿਤਸਰ, 7 ਫਰਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਐੱਸ. ਐੱਸ. ਚਾਹਲ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ‘ਆਨਰੇਰੀ ਪ੍ਰੋਫੈਸਰ’ ਦੀ ਉਪਾਧੀ ਨਾਲ ਨਿਵਾਜਿਆ ਗਿਆ ਹੈ। ਇਹ ਪਦਵੀਂ ਉਨ੍ਹਾਂ ਨੂੰ ਭਾਰਤ ਦੇ ਉੱਪ ਰਾਸ਼ਟਰਪਤੀ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਕੁਲਪਤੀ ਹਨ, ਵੱਲੋਂ ਪ੍ਰਦਾਨ ਕੀਤੀ ਗਈ ਹੈ। ਇਸ ਸਬੰਧੀ ਪੰਜਾਬ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ: ਅਰੁਣ ਗਰੋਵਰ ਨੇ ਆਪਣੇ ਪੱਤਰ ‘ਚ ਲਿਖਿਆ ਹੈ ਕਿ ਡਾ. ਚਾਹਲ ਨੂੰ ਇਹ ਪਦਵੀਂ ਉਨ੍ਹਾਂ ਵੱਲੋਂ ਖੇਤੀਬਾੜੀ ਵਿਸ਼ੇ ‘ਚ ਕੀਤੀ ਗਈ ਖੋਜ਼ ਲਈ ਦਿੱਤੀ ਗਈ ਹੈ।
ਉਨ੍ਹਾਂ ਦੇ ਇਸ ਅਹੁੱਦੇ ‘ਤੇ ‘ਵਰਸਿਟੀ ਦੇ ਚਾਂਸਲਰ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਪ੍ਰੋ-ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਹਾਰਦਿਕ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਡਾ. ਚਾਹਲ ਜੋ ਕਿ ਬਤੌਰ ਉੱਪ ਕੁਲਪਤੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ, ਉਦੈਪੁਰ (ਰਾਜਸਥਾਨ) ਵਿਖੇ ਵੀ ਉਕਤ ਅਹੁੱਦੇ ਵਜੋਂ ਸੇਵਾ ਨਿਭਾਅ ਚੁੱਕੇ ਹਨ, ਪੂਰੇ ਦੇਸ਼ ‘ਚ ਖੇਤੀਬਾੜੀ ਸਾਇੰਸਦਾਨ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡਾ. ਚਾਹਲ ਤੋਂ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਅਤੇ ਸਮਝਣ ਨੂੰ ਮਿਲੇਗਾ। ਡਾ. ਚਾਹਲ ਜੋ ਕਿ 8 ਵੱਖ–ਵੱਖ ਕਿਤਾਬਾਂ ਲਿਖ ਚੁੱਕੇ ਹਨ ਅਤੇ ਜਿਨ੍ਹਾਂ ਦੇ ਬਹੁਤ ਸਾਰੇ ਜਰਨਲ ਖੋਜ ਪੱਤਰ ਛਪ ਚੁੱਕੇ ਹਨ।

