ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿਧਾਂਤ ਬਾਰੇ ਵਿਦਵਾਨਾਂ ਵੱਲੋਂ ਸੈਮੀਨਾਰ ‘ਚ ਚਰਚਾ
ਪਟਿਆਲਾ (ਜਸਵਿੰਦਰ ਸਿੰਘ ਬਾਗੀ/ਮਧੂਸਾਰ ਬਿਊਰੋ)
ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਚਲ ਰਹੇ ਦਸ ਰੋਜਾ ਸੈਮੀਨਾਰ ਲੜੀ ਦੇ ਵਿਦਾਇਗੀ ਸ਼ੈਸ਼ਨ ਵਿਚ ਡਾ. ਦੇਵਿੰਦਰ ਸਿੰਘ, ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਧਾਨਗੀ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਅਕਾਦਮਿਕ ਸਮਾਗਮਾਂ ਵਿਚ ਸੈਮੀਨਾਰਾਂ ਲੜੀ ਦਾ ਆਯੋਜਨ ਕਰਵਾਕੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਨੇ ਨਵੀਂ ਪਿਰਤ ਪਾਈ ਹੈ।
ਇਨ੍ਹਾਂ ਸੈਮੀਨਾਰਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਸਿਧਾਂਤ ਬਾਰੇ ਵਿਦਵਾਨਾਂ ਨੇ ਖੁੱਲ ਕੇ ਚਰਚਾ ਕੀਤੀ ਹੈ। ਇਨ੍ਹਾਂ ਸੈਮੀਨਾਰਾਂ ਵਿਚ ਜਨਮ ਸਾਖੀ ਪਰੰਪਰਾ, ਅਹਿੰਸਾ, ਗੁਰੂ ਜੀ ਦੇ ਯੁੱਧਾਂ, ਬਾਣੀਆਂ, ਜੀਵਨ, ਕਾਵਿ-ਰਚਨਾਵਾਂ, ਸੂਰਬੀਰਤਾ, ਬਲੀਦਾਨਤਾ, ਖਾਲਸਾ ਪੰਥ, ਸਮਾਜਿਕ ਸਰੋਕਾਰ ਆਦਿਕ ਵਿਸ਼ੇ ਚਰਚਾ ਦਾ ਆਧਾਰ ਰਹੇ।
ਮੰਚ ਦਾ ਸੰਚਾਲਨ ਡਾ. ਮੁਹੰਮਦ ਹਬੀਬ ਨੇ ਕੀਤਾ।ਡਾ. ਗੁਰਮੇਲ ਸਿੰਘ ਨੇ ਦਸ-ਰੋਜਾ ਸੈਮੀਨਾਰ ਲੜੀ ਦੀ ਰਿਪੋਰਟ ਪੜ੍ਹੀ। ਆਖਿਰ ਵਿਚ ਡਾ. ਗੁਰਮੀਤ ਸਿੰਘ ਸਿੱਧੂ ਨੇ ਇਸ ਸੈਮੀਨਾਰ ਲੜੀ ਨੂੰ ਮੁਕਾਮ ਤੇ ਪਹੁੰਚਾਉਣ ਲਈ ਆਏ ਹੋਏ ਸਰੋਤਿਆਂ ਦਾ ਧੰਨਵਾਦ ਕਰਦਿਆਂ ਇਸ ਨੂੰ ਆਪਣਾ ਸੁਭਾਗ ਸਮਾਂ ਦੱਸਿਆ।
ਅੱਜ ਦੇ ਸਮਾਗਮ ਵਿਚ ਦੋ ਸ਼ੈਸ਼ਨ ਹੋਏ। ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਡਾ. ਮੇਹਰ ਸਿੰਘ ਗਿੱਲ, ਜੌਗਰਫੀ ਵਿਭਾਗ, ਪੰਜਾਬੀ ਯੂਨੀਵਰਸਿਟੀ ਨੇ ਰੱਬ ਪ੍ਰਤੀ ਆਪਣੇ ਭਾਵ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਨੂੰ ਜਾਣਿਆ ਹੀ ਨਹੀਂ ਜਾ ਸਕਦਾ ਉਸ ਦਾ ਨਾਮ ਭਾਵੇਂ ਕੁਝ ਵੀ ਰੱਖ ਲਵੋ, ਉਹ ਹਮੇਸ਼ਾ ਦਿਲਾਂ ਵਿਚ ਹੀ ਹੋਵੇਗਾ। ਧਰਮ ਸਾਰੀ ਕਾਇਨਾਤ ਲਈ ਹੈ, ਨਾਂ ਕਿ ਕਿਸੇ ਖਾਸ ਦੇਸ਼, ਖਿੱਤੇ ਅਤੇ ਥਾਂ ਲਈ। ਇਸ ਸ਼ੈਸ਼ਨ ਵਿਚ ਪ੍ਰੋ. ਸ਼ਰਨ ਕੌਰ, ਹਿੰਦੀ ਵਿਭਾਗ ਨੇ ਆਪਣਾ ਪਰਚਾ ਪ੍ਰਸਤੁਤ ਕਰਦਿਆਂ ਕਿਹਾ ਕਿ ਦਸਮ ਗ੍ਰੰਥ ਦੀ ਮਹੱਤਤਾ ਗੁਰੂ ਗ੍ਰੰਥ ਸਾਹਿਬ ਵਿਚ ਆਏ ਹਵਾਲਿਆਂ ਦਾ ਵਿਸਥਾਰ ਵੇਰਵਾ ਹੋਣ ਕਰਕੇ ਹੈ। ਦਸਮ ਗ੍ਰੰਥ ਨੂੰ ਪੜ੍ਹ ਅਤੇ ਵਿਚਾਰ ਕੇ ਵੈਦਿਕ ਸਾਹਿਤ ਦੀ ਜਾਣਕਾਰੀ ਅਤੇ ਇਸਦੇ ਸਹੀ ਸਿਧਾਂਤ ਦਾ ਪਤਾ ਚਲਦਾ ਹੈ। ਡਾ. ਗੁਰਮੀਤ ਸਿੰਘ ਸਿੱਧੂ, ਮੁਖੀ, ਧਰਮ ਅਧਿਐਨ ਵਿਭਾਗ ਨੇ ਆਪਣਾ ਪਰਚੇ ਸਿੱਖ ਪਹਿਚਾਣ ਦੀ ਮੌਲਿਕਤਾ ਅਤੇ ਖਾਲਸੇ ਦੀ ਉਤਪਤੀ ਵਿਸ਼ੇ ਤੇ ਗੱਲ ਕਰਦਿਆਂ ਕਿਹਾ ਕਿ ਸਿੱਖ ਪਹਿਚਾਣ ਦੀ ਆਪਣੀ ਮੌਲਿਕਤਾ ਹੈ। ਸਿੱਖ ਪਹਿਚਾਣ ਦਾ ਵਿਸ਼ਵਾਸ਼ ਦੇ ਪੱਧਰ ਤੇ ਮੂਲ ਅਧਾਰ ਗੁਰੂ ਅਤੇ ਗੁਰਬਾਣੀ ਹੈ, ਜਦੋਂ ਕਿ ਸੰਸਾਰਕ ਪੱਧਰ ਤੇ ਖਾਲਸਾ ਰੂਪ। ਇਸ ਸ਼ੈਸ਼ਨ ਵਿਚ ਮੰਚ ਦਾ ਸੰਚਾਲਨ ਡਾ. ਰਮਿੰਦਰਜੀਤ ਕੌਰ ਨੇ ਨਿਭਾਇਆ ਅਤੇ ਧੰਨਵਾਦ ਦੀ ਰਸਮ ਪ੍ਰੋ. ਹਰਪਾਲ ਸਿੰਘ ਪੰਨੂੰ ਨੇ ਕੀਤੀ।
ਇਸ ਮੌਕੇ ਪ੍ਰੋ. ਇੰਦਰ ਮੋਹਨ ਸਿੰਘ, ਪ੍ਰੋ. ਹੁਕਮ ਚੰਦ ਰਾਜਪਾਲ, ਪ੍ਰੋ. ਪਰਮਵੀਰ ਸਿੰਘ, ਪ੍ਰੋ. ਸੁਖਦਿਆਲ ਸਿੰਘ, ਪ੍ਰੋ. ਜਸਪ੍ਰੀਤ ਕੌਰ ਸੰਧੂ, ਮੁਖੀ ਵਿਸ਼ਵਕੋਸ਼ ਵਿਭਾਗ, ਪ੍ਰੋ. ਸ਼ਮਸ਼ੇਰ ਸਿੰਘ, ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਜਸਵਿੰਦਰ ਸਿੰਘ, ਡਾ. ਅਰਵਿੰਦ ਰਿਤੁਰਾਜ ਦੇ ਨਾਲ ਵਿਭਾਗ ਦੇ ਅਤੇ ਹੋਰਨਾਂ ਵਿਭਾਗਾਂ ਦੇ ਵਿਦਿਆਰਥੀਆਂ ਤੇ ਖੋਜਾਰਥੀਆਂ ਨੇ ਨਿੱਘੀ ਸ਼ਮੂਲੀਅਤ ਕੀਤੀ।

