ਪੰਜਾਬੀ ਯੂਨੀਵਰਸਿਟੀ ‘ਚ ਸ਼ਹੀਦ ਨਾਨਕ ਸਿੰਘ ਯਾਦਗਾਰੀ ਭਾਸ਼ਣ ਆਯੋਜਿਤ
ਪਟਿਆਲਾ 8 ਜਨਵਰੀ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਬਹਾਦਰ ਰਾਸ਼ਟਰੀ ਏਕਤਾ ਚੇਅਰ ਵਲੋਂ ਅੱਜ ਇਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਸਾਲਾਨਾ ਸ਼ਹੀਦ ਨਾਨਕ ਸਿੰਘ ਯਾਦਗਾਰੀ ਭਾਸ਼ਣ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਇਹ ਯਾਦਗਾਰੀ ਭਾਸ਼ਣ ਡਾ. ਜੀ.ਐਸ.ਐਲ. ਦੇਵੜਾ, ਸਾਬਕਾ ਵਾਈਸ-ਚਾਂਸਲਰ, ਕੋਟਾ ਯੂਨੀਵਰਸਿਟੀ, ਕੋਟਾ ਵਲੋਂ ਦਿੱਤਾ ਗਿਆ।
“ਪੰਜਾਬ ਦਾ ਭੁੱਲਿਆ ਵਿਸਰਿਆ ਲੱਖੀ ਜੰਗਲ”-ਮਨੁੱਖ ਅਤੇ ਕੁਦਰਤ ਵਿਚਕਾਰ ਚੱਲ ਰਹੀ ਲੜਾਈ“ ਵਿਸ਼ੇ ਤੇ ਯਾਦਗਾਰੀ ਭਾਸ਼ਣ ਦਿੰਦਿਆਂ ਡਾ. ਜੀ.ਐਸ.ਐਲ. ਦੇਵੜਾ, ਸਾਬਕਾ ਵਾਈਸ-ਚਾਂਸਲਰ, ਕੋਟਾ ਯੂਨੀਵਰਸਿਟੀ, ਕੋਟਾ ਨੇ ਲੱਖੀ ਜੰਗਲ ਦੀ ਮੂਲ ਉਤਪਤੀ, ਵਿਸਤਾਰ ਅਤੇ ਪੰਜਾਬ ਦੇ ਰਾਜਨੀਤਕ, ਸਮਾਜਿਕ ਅਤੇ ਸਭਿਆਚਾਰਕ ਇਤਿਹਾਸ ਵਿੱਚ ਇਸ ਦੀ ਮਹੱਤਤਾ ਤੇ ਚਾਨਣਾ ਪਾਇਆ। ਉਨ੍ਹਾਂ ਵਿਸਥਾਰ ਸਹਿਤ ਦੱਸਦਿਆਂ ਕਿਹਾ ਕਿ ਕਿਸ ਤਰ੍ਹਾਂ ਮੱਧਕਾਲੀ ਯੁੱਗ ਵਿੱਚ ਨਦੀਆਂ ਦੇ ਪਾਣੀਆਂ ਦਾ ਵਹਾਅ ਬਦਲਣ ਅਤੇ ਮਨੁੱਖ ਦੁਆਰਾ ਰਹਿਣ ਲਈ ਬਸਤੀਆਂ ਸਥਾਪਤ ਕਰਨ ਨਾਲ ਲੱਖੀ ਜੰਗਲ ਦੀ ਹੋਂਦ ਨੂੰ ਖਤਰਾ ਪੈ ਗਿਆ।
ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਲੱਖੀ ਜੰਗਲ ਦੀ ਬਰਬਾਦੀ ਕਾਰਨ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੀ ਆਰਥਿਕਤਾ ਤੇ ਬੁਰਾ ਅਸਰ ਪਵੇਗਾ। ਇਸ ਮੌਕੇ ਤੇ ਡਾ. ਜਸਪਾਲ ਸਿੰਘ ਵਲੋਂ ਡਾ. ਦੇਵੜਾ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ।
ਇਸ ਤੋਂ ਪਹਿਲਾਂ ਸ਼੍ਰੀ ਗੁਰੂ ਬਹਾਦਰ ਰਾਸ਼ਟਰੀ ਏਕਤਾ ਚੇਅਰ ਦੇ ਇੰਚਾਰਜ ਡਾ. ਦਲਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਯਾਦਗਾਰੀ ਭਾਸ਼ਣ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਪੰਜਾਬੀ ਯੂਨੀਵਰਸਿਟੀ ਦੇ ਡੀਨ ਕਾਲਜਾਂ ਡਾ. ਕੁਲਬੀਰ ਸਿੰਘ ਢਿਲੋਂ ਨੇ ਆਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ।

