ਜਨਰਲ ਜੇ.ਜੇ. ਸਿੰਘ ਦੀ ਸ਼ਿਕਾਇਤ ‘ਤੇ ਅਮਰਜੀਤ ਸਿੰਘ ਜੇਜੀ ਖਿਲਾਫ਼ ਮਾਮਲਾ ਦਰਜ
ਸੇਵਾ ਸਿੰਘ ਠੀਕਰੀਵਾਲਾ ਬੁੱਤ ‘ਤੇ ਹਾਰ ਪਾਉਣ ਦਾ ਮਾਮਲਾ
ਅਕਾਲੀ ਉਮੀਦਵਾਰ ਨੇ ਚੋਣ ਕਮਿਸ਼ਨਰ ਕੋਲ ਕੀਤੀ ਸੀ ਸ਼ਿਕਾਇਤ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਤੋਂ ਅਕਾਲੀ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੂੰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ‘ਤੇ ਹਾਰ ਪਾਉਣ ਤੋਂ ਰੋਕਣ ਦੇ ਮਾਮਲੇ ਨੂੰ ਲੈ ਕੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਆਪਣੇ ਆਪ ਨੂੰ ਸੇਵਾ ਸਿੰਘ ਠੀਕਰੀਵਾਲਾ ਦਾ ਵਾਰਸ ਦੱਸਣ ਵਾਲੇ ਅਮਰਜੀਤ ਸਿੰਘ ਜੇਜੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਵਲ ਲਾਈਨ ਵਿਖੇ ਪੁਲਿਸ ਨੇ ਅਮਰਜੀਤ ਸਿੰਘ ਜੇਜੀ ਪੁੱਤਰ ਵਜੀਰ ਸਿੰਘ ਵਾਸੀ 24 ਭਾਖੜਾ ਇੰਨਕਲੇਵ ਠੀਕਰੀਵਾਲਾ ਬਾਗ ਖਿਲਾਫ਼ ਧਾਰਾ 341 (ਰੋਕਣਾ) ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਖਿਲਾਫ਼ ਧਾਰਾ 506 ਤਹਿਤ ਮਾਮਲਾ ਦਰਜ ਕੀਤਾ ਹੈ।
ਦੱਸਣਯੋਗ ਹੈ ਕਿ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੇ ਹੱਕ ‘ਚ ‘ਸਾਇਕਲ ਰੈਲੀ’ ਦਾ ਆਯੋਜਨ ਕੀਤਾ ਗਿਆ ਸੀ। ਸਾਇਕਲ ਰੈਲੀ ਰਵਾਨਾ ਹੋਣ ਤੋਂ ਪਹਿਲਾਂ ਜਦੋਂ ਜਨਰਲ ਜੇ.ਜੇ. ਸਿੰਘ ਨੇ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਬੁੱਤ ‘ਤੇ ਫੁੱਲ ਮਲਾਵਾਂ ਅਰਪਿਤ ਕਰਨੀਆਂ ਚਾਹੀਆਂ ਤਾਂ ਅਮਰਜੀਤ ਸਿੰਘ ਜੇਜੀ ਨੇ ਆਪਣੇ ਆਪ ਨੂੰ ਸੇਵਾ ਸਿੰਘ ਠੀਕਰੀਵਾਲਾ ਦਾ ਵਾਰਸ ਦੱਸਦੇ ਹੋਏ ਫੁੱਲ ਮਲਾਵਾਂ ਅਰਪਿਤ ਕਰਨ ਤੋਂ ਰੋਕ ਦਿੱਤਾ ਸੀ। ਅਮਰਜੀਤ ਸਿੰਘ ਜੇਜੀ ਨੇ ਭੱਦੀ ਸ਼ਬਦਾਂਵਲੀ ਦੀ ਵਰਤੋਂ ਅਕਾਲੀ ਉਮੀਦਵਾਰ ਨੂੰ ਅਜਿਹਾ ਕਰਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ।
ਅਕਾਲੀ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਮਾਮਲਾ ਨੂੰ ਤੁਲ ਨਾ ਦਿੰਦਿਆਂ ਫੁੱਲ ਮੁਲਾਵਾਂ ਚੌਂਕ ਦੀ ਆਂ ਗਰਿੱਲਾਂ ‘ਤੇ ਰੱਖ ਕੇ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸਾਇਕਲ ਰੈਲੀ ਨੂੰ ਰਵਾਨਾ ਕੀਤਾ। ਇਸ ਸਬੰਧ ‘ਚ ਜਨਰਲ ਜੇ.ਜੇ ਸਿੰਘ ਨੇ ਚੋਣ ਕਮਿਸ਼ਨ ਕੋਲ ਕਾਰਵਾਈ ਲਈ ਸ਼ਿਕਾਇਤ ਦਰਜ ਕਰਵਾਈ ਸੀ।

