ਸਟੇਟ ਕਾਲਜ ਦੇ ਸਾਹਮਣੇ ਤੋਂ ਕੂੜਾ ਚੁਕਾਉਣ ਲਈ ਧਰਨਾ ਜਾਰੀ
ਪਟਿਆਲਾ, 09 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਟੇਟ ਕਾਲਜ ਦੇ ਸਾਹਮਣੇ ਲੱਗੇ ਕੂੜੇ ਦੇ ਵੱਡੇ ਢੇਰ ਨੂੰ ਚੁਕਾਉਣ ਲਈ ਅਗਾਂਹ ਵਧੂ ਸੋਚ ਵਾਲੇ ਸ਼ਹਿਰ ਨਿਵਾਸੀਆਂ ਵਲੋਂ ਲਗਾਇਆ ਗਿਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਹ ਧਰਨਾਂ ਸਮਾਜ ਸੇਵੀ ਸਰਬਜੀਤ ਸਿੰਘ ਉੱਖਲਾ ਦੀ ਅਗਵਾਈ ਵਿਚ ਲਗਾਇਆ ਗਿਆ ਹੈ।
ਧਰਨੇ ‘ਤੇ ਬੈਠੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਕੂੜੇ ਦੇ ਡੰਪ ਨੂੰ ਇਥੋਂ ਹਟਾਇਆ ਨਹੀਂ ਜਾਂਦਾ ਉਦੋਂ ਤੱਕ ਉਹ ਧਰਨਾ ਨਹੀਂ ਚੁੱਕਣਗੇ। ਕੂੜੇ ਨੂੰ ਹਟਾਉਣ ਦੀ ਮੰਗ ਦਾ ਸਮਰਥਨ ਕਰਦਿਆਂ ਐਨ ਆਰ ਆਈਜ਼ ਵਲੋਂ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਸਰਬਜੀਤ ਉੱਖਲਾ ਨੇ ਕਿਹਾ ਕਿ 10 ਫਰਵਰੀ ਨੂੰ ਇਸ ਕੂੜੇ ਦੇ ਢੇਰ ਨੂੰ ਚੁਕਾਉਣ ਲਈ ਮਨੁੱਖੀ ਚੇਨ ਬਣਾਈ ਜਾ ਰਹੀ ਹੈ। ਜਿਸ ਵਿਚ ਸਟੇਟ ਕਾਲਜ, ਫਿਜ਼ੀਕਲ ਕਾਲਜ, ਮਲਟੀਪਰਪਜ਼ ਸਕੂਲ ਦੇ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰ ਕਾਰਨ ਸਟੇਟ ਕਾਲਜ, ਫਿਜ਼ੀਕਲ ਕਾਲਜ, ਸਰਕਾਰੀ ਮਲਟੀਪਰਪਜ਼ ਪ੍ਰਾਇਮਰੀ ਸਕੂਲ, ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਵਿਕਰਮ ਕਾਲਜ ਦੇ ਨਾਲ ਨਾਲ ਰਾਹਗੀਰਾਂ ਅਤੇ ਇਥੇ ਵਸਦੇ ਬਾਸ਼ਿੰਦਿਆਂ ਦਾ ਜਿਉੂਣਾ ਦੁਸ਼ਵਾਰ ਹੋਇਆ ਪਿਆ ਹੈ। ਨਗਰ ਨਿਗਮ ਦੀ ਅਣਗਹਿਲੀ ਕਾਰਨ ਇਸ ਕੂੜੇ ਦੇ ਢੇਰ ਦੀ ਬਦਬੂ ਇਕ ਕਿਲੋਮੀਟਰ ਤੱਕ ਫੈਲੀ ਹੋਈ ਹੈ। ਸਰਬਜੀਤ ਉੱਖਲਾ ਨੇ ਕਿਹਾ ਕਿ ਪੂਰਾ ਦਿਨ ਇਸ ਕੂੜੇ ਦੇ ਢੇਰ ‘ਤੇ ਅਵਾਰਾ ਪਸ਼ੂਆਂ ਦੀ ਆਮਦ ਰਹਿੰਦੀ ਹੈ। ਜਿਸ ਕਾਰਨ ਕਈ ਦੁਰਘਟਨਾਵਾਂ ਵੀ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਇਸ ਕੂੜੇ ਦੇ ਢੇਰ ਨੇੜੇ ਇਕ ਹਸਪਤਾਲ ਵੀ ਹੈ ਪ੍ਰੰਤੂ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਜਾਣੂ ਹੋਣ ਦੇ ਬਾਵਜੂਦ ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਕੂੜੇ ਦੇ ਡੰਪ ਨੂੰ ਇਸ ਜਗ੍ਹਾ ਤੋਂ ਹਟਾਉਣ ਤੋਂ ਬਾਅਦ ਹੀ ਉਹ ਧਰਨਾ ਖਤਮ ਕਰਨਗੇ। ਇਸ ਮੌਕੇ ਜੇ ਪੀ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਗਰੇਵਾਲ, ਇੰਦਰਜੀਤ ਧੀਮਾਨ, ਕਮਲਦੀਪ ਸਿੰਘ, ਪਰਮਿੰਦਰ ਕੌਰ ਐਨ ਆਰ ਆਈ, ਰੀਤਇੰਦਰ ਕੌਰ ਯੂ ਕੇ, ਕੁਲਵੰਤ ਧੀਮਾਨ, ਕੁਲਦੀਪ ਸਿੰਘ ਅਬਲੋਵਾਲ, ਕਰਮ ਸਿੰਘ ਮਾਡਲ ਟਾਊਨ, ਪਰਮਿੰਦਰ ਸਿੰਘ ਅਤੇ ਮਨੋਜ ਭੱਟ ਮੌਜੂਦ ਸਨ।

