ਪੰਜਾਬੀ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਲੋਂ ਰਾਸ਼ਟਰੀ ਸੈਮੀਨਾਰ
ਪਟਿਆਲਾ, 09 ਫਰਵਰੀ (ਜਸਵਿੰਦਰ ਸਿੰਘ ਬਾਗੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਲੋਂ ਅੱਜ ਇਥੇ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ “ਰਸਾਇਣ ਵਿਗਿਆਨਾਂ ਵਿੱਚ ਨਵੇਂ ਆਯਾਮ: ਸਿੰਥੈਟਿਕ ਅਤੇ ਵਿਸ਼ਲੇਸ਼ਣਾਤਮਕ ਪਰਿਪੇਖ-2017“ ਵਿਸ਼ੇ ਤੇ ਇੱਕ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਸੈਮੀਨਾਰ ਦਾ ਉਦਘਾਟਨ ਡਾ. ਐਸ. ਚੰਦਰਸ਼ੇਖਰ, ਡਾਇਰੈਕਟਰ, ਇੰਡੀਅਨ ਇੰਸਟੀਚਿਊਟ ਆਫ ਕੈਮਿਕਲ ਟੈਕਨਾਲੋਜੀ, ਹੈਦਰਾਬਾਦ ਨੇ ਕੀਤਾ।
ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਵਿਗਿਆਨ ਬਿਨਾਂ ਜ਼ਿੰਦਗੀ ਸੰਭਵ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਖੇਤਰ ਹੋਵੇ, ਵਿਗਿਆਨਕ ਪਹੁੰਚ ਹੋਣੀ ਜਰੂਰੀ ਹੈ। ਡਾ. ਜਸਪਾਲ ਸਿੰਘ ਨੇ ਹੋਰ ਕਿਹਾ ਕਿ ਕੈਮਿਕਲ ਸਾਇੰਸਜ਼ ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।
ਉਦਘਾਟਨੀ ਸ਼ਬਦ ਸਾਂਝੇ ਕਰਦਿਆਂ ਡਾ. ਐਸ. ਚੰਦਰਸ਼ੇਖਰ ਨੇ ਕਿਹਾ ਕਿ ਸਿਹਤ ਸੁਵਿਧਾਵਾਂ ਦੀਆਂ ਪੂਰੀਆਂ ਆਧੁਨਿਕ ਸਹੂਲਤਾਂ ਹੋਣ ਦੇ ਬਾਵਜੂਦ ਮੌਤ ਦਰ ਵੱਧਦੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਂਸਰ ਅਤੇ ਇਨਫੈਕਸ਼ਨ ਨਾਲ ਪ੍ਰਭਾਵਿਤ ਬਿਮਾਰੀਆਂ ਦੀਆਂ ਦਵਾਈਆਂ ਦੀ ਖੋਜ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਮੂਲ ਕਾਰਨ ਲੱਭਣ ਦੀ ਲੋੜ ਹੈ। ਡਾ. ਚੰਦਰਸ਼ੇਖਰ ਨੇ ਕਿਹਾ ਕਿ ਕੁਦਰਤੀ ਉਤਪਾਦ ਅਤੇ ਸਿੰਥੈਟਿਕ ਮੋਲੀਕਿਊਲਜ਼ ਦਵਾਈਆਂ ਦੀ ਖੋਜ ਵਿੱਚ ਵਰਦਾਨ ਸਾਬਤ ਹੋਏ ਹਨ।
ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ. ਰਮਨ ਕੇ. ਵਰਮਾ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਸੈਮੀਨਾਰ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਡਾ. ਬਲਬੀਰ ਕੌਰ ਨੇ ਆਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ।

