ਆਲ ਇੰਡੀਆ ਬੈਂਕ ਇੰਪਲਾਈਜ਼ ਦੀ ਹੜ੍ਹਤਾਲ ਆਗਾਮੀ 28 ਫਰਵਰੀ ਨੂੰ
ਪਟਿਆਲਾ, 14 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਦੀ ਆਲ ਇੰਡੀਆ ਬੈਂਕ ਆਫਿਸਰਜ਼ ਕਨਫੈੱਡਰੇਸ਼ਨ ਵਲੋਂ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਬੈਨਰ ਹੇਠ ਆਗਾਮੀ 28 ਫਰਵਰੀ ਨੂੰ ਹੋਣ ਵਾਲੀ ਬੈਂਕ ਇੰਪਲਾਈਜ਼ ਦੀ ਹੜ੍ਹਤਾਲ ਸਬੰਧੀ ਇਕ ਮੀਟਿੰਗ ਕਰਦਿਆ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਕਨਫੈੱਡਰੇਸ਼ਨ ਵਲੋਂ ਕਾਮਰੇਡ ਚਮਨ ਸਿੰਗਲਾ ਅਤੇ ਜੁਆਇੰਟ ਸਕੱਤਰ ਰਾਜੀਵ ਸਰਹਿੰਦੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਮੁਲਾਜਮਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਅਤੇ ਇਸ ਵਿਚ ਸੁਧਾਰਾਂ ਨੂੰ ਲਾਗੂ ਕਰਵਾਉਣ ਲਈ ਆਗਾਮੀ 28 ਫਰਵਰੀ ਨੂੰ ਹੋਣ ਵਾਲੀ ਹੜ੍ਹਤਾਲ ਵਿਚ ਪੂਰੇ ਭਾਰਤ ਦੇ ਲਗਭਗ 3 ਲੱਖ ਦੇ ਕਰੀਬ ਬੈਂਕ ਕਰਮਚਾਰੀ ਅਤੇ ਪੰਜਾਬ ਦੇ ਤਕਰੀਬਨ 10 ਹਜ਼ਾਰ ਦੇ ਕਰੀਬ ਬੈਂਕ ਕਰਮਚਾਰੀ ਹੜ੍ਹਤਾਲ ‘ਤੇ ਰਹਿਣਗੇ। ਉਹਨਾਂ ਦੱਸਿਆ ਕਿ ਆਫਿਸਰ ਕਨਫੈੱਡਰੇਸ਼ਨ ਬੈਂਕਿੰਗ ਖੇਤਰ ਵਿਚ ਲੇਬਰ ਦੇ ਸੁਧਾਰਾਂ ਦਾ ਵਿਰੋਧ ਕਰਦੀ ਹੈ ਅਤੇ ਇਸਦੇ ਨਾਲ ਹੀ ਸਰਕਾਰ ਟ੍ਰੇਡ ਯੂਨੀਅਨ ਦੇ ਅਧਿਕਾਰੀਆਂ ‘ਤੇ ਡਾਕੇ ਮਾਰ ਰਹੀ ਹੈ ਅਤੇ ਪੱਕੀਆਂ ਨੌਕਰੀਆਂ ਨੂੰ ਆਉਟ ਸੋਰਸ ਤੋਂ ਰੱਖਣ ਦਾ ਵੀ ਸਿੱਧੇ ਤੌਰ ‘ਤੇ ਵਿਰੋਧ ਕਰਦੀ ਹੈ। ਇਸ ਦੇ ਨਾਲ ਹੀ ਉਹਨਾਂ ਅੱਗੇ ਦੱਸਿਆ ਕਿ ਉਹਨਾਂ ਦੀਆਂ ਮੁੱਖ ਮੰਗਾਂ ਵਿਚ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਤਰਸ ਦੇ ਆਧਾਰ ‘ਤੇ ਸਾਰੀਆਂ ਨੌਕਰੀਆਂ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ, ਬੈਂਕਾਂ ਵਿਚ ਕੰਮ ਕਰਨ ਦੇ ਦਿਨ 6 ਦੀ ਥਾਂ 5 ਵਰਕਿੰਗ ਦਿਨ ਬਣਾਏ ਜਾਣ, ਗ੍ਰੈਚੂਟੀ ਐਕਟ 1972 ਦੇ ਅਨੁਸਾਰ ਗ੍ਰੈਚੂਟੀ ਅਤੇ ਲੀਵ ਇਨ ਕੈਸ਼ਮੈਂਟ ਨੂੰ ਆਮਦਨ ਕਰ ਵਿਚ ਛੂਟ ਦਿੱਤੀ ਜਾਵੇ, ਪੇ-ਕਮਿਸ਼ਨ ਦੀਆਂ ਸਾਰੀ ਆਂ ਅਤੇ ਲੋੜੀਂਦੀਆਂ ਸਿਫਾਰਸ਼ਾਂ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ, ਆਰ.ਬੀ. ਆਈ. ਤੇ ਕੇਂਦਰੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਹੀ ਪੁਰਾਣੇ ਅਤੇ ਨਵੇਂ ਰਿਟਾਇਰ ਹੋਣ ਵਾਲੇ ਬੈਂਕ ਕਰਮਚਾਰੀਆਂ ਦੀਆਂ ਪੈਨਸ਼ਨਾ ਵਿਚ ਸੋਧ ਕਰਕੇ ਇਸਨੂੰ ਨਵੇਂ ਸਿਰੇ ਤੋਂ ਲਾਗੂ ਕੀਤਾ ਜਾਵੇ ਅਤੇ ਬੈਂਕ ਲੋਨ ਨੂੰ ਨਾ ਚੁਕਾਉਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇ। ਉਹਨਾਂ ਕਿਹਾ ਕਿ ਇਨ੍ਹਾਂ ਮੰਗਾਂ ਤਹਿਤ ਉਹ ਬੈਂਕਿੰਗ ਖੇਤਰ ਅਤੇ ਗਾਹਕਾਂ ਦੇ ਵਿਚ ਵਧੀਆ ਤਾਲਮੇਲ ਤਹਿਤ ਸੁਧਾਰਾਂ ਦੀ ਇਸ ਲੜੀ ਨੂੰ ਜਲਦ ਤੋਂ ਜਲਦ ਲਾਗੂ ਕਰਵਾਉੁਣਾ ਚਾਹੁੰਦੇ ਹਨ ਤਾਂ ਜੋ ਕਰਮਚਾਰੀ ਅਤੇ ਗਾਹਕ ਵਧ ਤੋਂ ਵਧ ਚੰਗੀਆਂ ਸਹੂਲਤਾਂ ਦਾ ਲਾਭ ਲੈ ਸਕਣ। ਆਲ ਇੰਡੀਆ ਬੈਂਕ ਕਨਫੈੱਡਰੇਸ਼ਨ ਦੀ
ਮੈਨੇਜਮੈਂਟ ਦੇ ਮੈਂਬਰਾਂ ਨੇ ਸਮੂਹ ਯੂਨੀਅਨਾਂ ਅਤੇ ਬੈਂਕ ਕਰਮਚਾਰੀਆਂ ਨੂੰ ਆਗਾਮੀ 28 ਫਰਵਰੀ ਦੀ ਹੜ੍ਹਤਾਲ ਵਿਚ ਸ਼ਾਮਲ ਹੋ ਕੇ ਇਸਨੂੰ ਸਫਲ ਬਣਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਬਿੰਨੀ ਸਿਨਹਾ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਸੁਰਿੰਦਰ ਮਲਿਕ, ਜੇ. ਪੀ. ਗੁਪਤਾ, ਯਾਦਵਿੰਦਰ ਸਿੰਗਲਾ, ਵਿਕਾਸ ਚੋਰਸੀਆ, ਗੁਰਮੁੱਖ ਸਿੰਘ, ਦਿਨੇਸ਼ ਪ੍ਰਸਾਦ ਅਤੇ ਅਭੈ ਭਾਰਦਵਾਜ ਤੋਂ ਇਲਾਵਾ ਕਨਫੈੱਡਰੇਸ਼ਨ ਦੇ ਹੋਰ ਮੈਂਬਰ ਵੀ ਮੌਕੇ ‘ਤੇ ਹਾਜ਼ਰ ਸਨ।

