ਪਟਿਆਲਾ

ਸਟਰਾਂਗ ਰੂਮ ਵਿੱਚ ਵੋਟਿੰਗ ਮਸ਼ੀਨਾਂ ਪੂਰੀ ਤਰ੍ਹਾਂ ਸੁਰੱਖਿਅਤ-ਜ਼ਿਲ੍ਹਾ ਚੋਣ ਅਫ਼ਸਰ

ਪਟਿਆਲਾ(ਮਧੂਸਾਰ ਬਿਊਰੋ)
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਵਿਧਾਨ ਸਭਾ ਹਲਕਾ –109 ਨਾਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਗੁਰਦੇਵ ਸਿੰਘ ਵੱਲੋਂ ਪਟਿਆਲਾ ਦੇ ਗੁਰਸੇਵਕ ਸਿੰਘ ਫਿਜੀਕਲ ਕਾਲਜ ਦੇ ਜਿਮਨੇਜੀਅਮ ਹਾਲ ਵਿਖੇ ਵੋਟਿੰਗ ਮਸ਼ੀਨਾਂ ਸਬੰਧੀ ਉਠਾਏ ਇਤਰਾਜ ਬਾਰੇ ਸਪੱਸ਼ਟ ਕਰਦਿਆਂ ਦੱਸਿਆ ਕਿ ਜਿਮਨੇਜੀਅਮ ਹਾਲ ਵਿਖੇ 11 ਮਾਰਚ ਨੂੰ ਵਿਧਾਨ ਸਭਾ ਹਲਕਾ ਨਾਭਾ ਅਤੇ ਵਿਧਾਨ ਸਭਾ ਹਲਕਾ –110 ਪਟਿਆਲਾ ਦਿਹਾਤੀ ਦੀਆਂ ਵੋਟਾਂ ਦੀ ਗਿਣਤੀ ਹੋਣ ਕਾਰਨ ਇਥੇ ਪਏ ਪੁਰਾਣੇ ਸਮਾਨ ਨੂੰ ਹੀ ਚੁੱਕਿਆ ਜਾ ਰਿਹਾ ਸੀ। ਉਸ ਸਮਾਨ ਦਾ ਹਾਲ ਹੀ ਵਿੱਚ ਹੋਇਆ ਵਿਧਾਨ ਸਭਾ ਚੋਣਾਂ ਵਾਲੀਆਂ ਵੋਟਿੰਗ ਮਸ਼ੀਨਾਂ ਨਾਲ ਕੋਈ ਸਬੰਧ ਨਹੀਂ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਗਿਣਤੀ ਕੇਂਦਰ ਲਈ ਜਗ੍ਹਾ ਘੱਟ ਹੋਣ ਕਾਰਨ ਕੁਝ ਬੰਦ ਪਏ ਕਮਰਿਆਂ ਵਿਚੋਂ ਪੁਰਾਣੇ ਸਮਾਨ ਨੂੰ ਚੁੱਕਿਆ ਜਾ ਰਿਹਾ ਸੀ ਜਿਹਨਾਂ ਵਿਚੋਂ ਇੱਕ ਕਮਰੇ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦਾ ਪਹਿਲਾਂ ਹੋਈਆਂ ਮਿਊਸਪਲ ਚੋਣਾਂ ਸਬੰਧੀ ਕੁਝ ਸਮਾਨ ਪਿਆ ਸੀ ਇਸ ਸਬੰਧੀ ਰਿਟਰਨਿੰਗਿ ਅਧਿਕਾਰੀ ਨਾਭਾ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ ‘ਤੇ ਇਹ ਕਮਰਾ ਖਾਲੀ ਕਰਨ ਲਈ ਕਿਹਾ ਗਿਆ ਸੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ-109 ਨਾਭਾ ਦੀ ਰਿਟਰਨਿੰਗ ਅਧਿਕਾਰੀ ਸ਼੍ਰੀਮਤੀ ਜਸ਼ਨਪ੍ਰੀਤ ਕੌਰ ਗਿੱਲ ਵੱਲੋਂ ਇਹ ਸਮਾਨ ਇਥੋਂ ਤਬਦੀਲ ਕਰਨ ਸਬੰਧੀ ਸਾਰੇ ਉਮੀਦਵਾਰਾਂ ਨੂੰ ਅਗਾਓ ਨੋਟਿਸ ਵੀ ਭੇਜਿਆ ਸੀ ਕਿ ਉਹ ਆਪਣੀ ਹਾਜਰੀ ਵਿੱਚ 13 ਫਰਵਰੀ ਨੂੰ ਇਹ ਕਮਰਾ ਖੁਲਵਾਉਣ। ਉਹਨਾਂ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਗੁਰਦੇਵ ਸਿੰਘ ਦੀ ਹਾਜਰੀ ਵਿੱਚ ਇਹ ਕਮਰਾ ਖੋਲਿਆ ਗਿਆ ਅਤੇ ਉਥੇ ਪਏ ਟਰੰਕਾਂ ਵਿਚੋਂ ਵਿੱਚ ਵੋਟਿੰਗ ਮਸ਼ੀਨਾਂ ਹੋਣ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਗੁਰਦੇਵ ਸਿੰਘ ਵੱਲੋਂ ਇਹਨਾਂ ਮਸ਼ੀਨਾਂ ਨੂੰ ਉਥੋਂ ਤਬਦੀਲ ਕਰਨ ਸਬੰਧੀ ਇਤਰਾਜ ਉਠਾਉਣ ਕਾਰਨ ਰਿਟਰਨਿੰਗ ਅਧਿਕਾਰੀ ਵੱਲੋਂ ਉਸੇ ਵੇਲੇ ਇਸ ਕਾਰਜ ਨੂੰ ਉਥੇ ਹੀ ਰੋਕ ਦਿੱਤਾ ਅਤੇ ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਉਮਦੀਵਾਰ ਸ਼੍ਰੀ ਗੁਰਦੇਵ ਸਿੰਘ ਨੇ ਉਸ ਕਮਰੇ ‘ਤੇ ਆਪਣਾ ਨਿੱਜੀ ਤਾਲਾ ਲਗਾ ਦਿੱਤਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸ਼੍ਰੀ ਗੁਰਦੇਵ ਸਿੰਘ ਵੱਲੋਂ ਇਹ ਮਾਮਲਾ ਮੁੱਖ ਚੋਣ ਅਧਿਕਾਰੀ ਕੋਲ ਉਠਾਉਣ ਕਾਰਨ ਉਹਨਾਂ ਵੱਲੋਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਸੰਦੀਪ ਹੰਸ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਗੁਰਦੇਵ ਸਿੰਘ ਦੀ ਹਾਜਰੀ ਵਿੱਚ ਇਸ ਇਮਾਰਤ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਇਸ ਕਮਰੇ ਵਿੱਚ ਸਥਿਤ ਵੋਟਿੰਗ ਮਸ਼ੀਨਾਂ ਈ.ਸੀ.ਆਈ.ਐਲ. ਕੰਪਨੀ ਦੀਆਂ ਸਨ ਜੋ ਕਿ 2001, 2006 ਅਤੇ 2007 ਦੀਆਂ ਬਣੀਆਂ ਹੋਈਆਂ ਹਨ ਅਤੇ ਉਹਨਾਂ ਨੂੰ 2015 ਵਿੱਚ ਹੋਈਆਂ ਮਿਊਸਪਲ ਚੋਣਾਂ ਦੌਰਾਨ ਵਰਤਿਆ ਗਿਆ ਸੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਸਥਿਤ ਦੋਵੇਂ ਸਟਰਾਂਗ ਰੂਮ ਪੂਰੀ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਸੀ.ਆਰ.ਪੀ.ਐਫ. ਦੀ ਨਿਗਰਾਨੀ ਹੇਠ ਹਨ ਅਤੇ ਬਾਹਰ ਲਗਾਏ ਐਲ.ਸੀ.ਡੀਜ਼. ‘ਤੇ ਸਾਰੇ ਉਮੀਦਵਾਰਾਂ ਦੇ ਨੁਮਾਇੰਦੇ ਉਸ ਦੀ ਨਿਗਰਾਨੀ ਕਰ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਸਟਰਾਂਗ ਰੂਮ ਵਿੱਚ ਵੋਟਿੰਗ ਮਸ਼ੀਨਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਸ ਸਬੰਧੀ ਮੁੱਖ ਚੋਣ ਅਧਿਕਾਰੀ ਨੂੰ ਲਿਖਤੀ ਰਿਪੋਰਟ ਭੇਜ ਦਿੱਤੀ ਗਈ ਹੈ।

Leave a Reply

Your email address will not be published. Required fields are marked *