ਪੰਜਾਬੀ ਯੂਨੀਵਰਸਿਟੀ ਵਿਖੇ “ਖੋਜ ਕਾਰਜ-ਵਿਧੀ ਨਾਲ ਸਬੰਧਤ ਮੁੱਦੇ“ ਵਿਸ਼ੇ ਤੇ ਸੱਤ ਰੋਜ਼ਾ ਵਰਕਸ਼ਾਪ
ਪਟਿਆਲਾ, 19 ਸਤੰਬਰ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸਮੁਦਾਇ ਸੇਵਾਵਾਂ ਵਿਭਾਗ ਵਲੋਂ ਭਾਈ ਗੁਰਦਾਸ ਚੇਅਰ ਦੇ ਸਹਿਯੋਗ ਨਾਲ “ਖੋਜ ਕਾਰਜ-ਵਿਧੀ ਨਾਲ ਸਬੰਧਤ ਮੁੱਦੇ“ ਵਿਸ਼ੇ ਤੇ ਅੱਜ ਇਥੇ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਸੈਮੀਨਾਰ ਹਾਲ ਵਿਖੇ ਸੱਤ ਰੋਜ਼ਾ ਵਰਕਸ਼ਾਪ ਆਰੰਭ ਹੋਈ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਇਸ ਮੌਕੇ ਤੇ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਿੱਖਿਆ ਸ਼ਾਸਤਰੀ ਡਾ. ਡੀ.ਐਨ. ਸੰਨਸਨਵਾਲ ਨੇ ਕੁੰਜੀਵਤ ਭਾਸ਼ਣ ਪ੍ਰਸਤੁਤ ਕੀਤਾ।
ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਇੰਟਰਨੈੱਟ ਤੇ ਭਾਰੀ ਮਾਤਰਾ ਵਿੱਚ ਸੂਚਨਾ-ਸਮੱਗਰੀ ਉਪਲੱਬਧ ਹੋਣ ਕਾਰਨ ਸਾਹਿਤਕ ਚੋਰੀ ਇੱਕ ਭਿਆਨਕ ਸਮੱਸਿਆ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਜਿਸ ਨਾਲ ਖੋਜ ਦੀ ਗੁਣਵੱਤਾ ਨੂੰ ਬਹੁਤ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀ ਸੂਚਨਾ-ਸਮੱਗਰੀ ਆਮ ਤੌਰ ਤੇ ਤੱਥਾਂ ਤੇ ਆਧਾਰਤ ਨਹੀਂ ਹੁੰਦੀ। ਡਾ. ਜਸਪਾਲ ਸਿੰਘ ਨੇ ਹੋਰ ਕਿਹਾ ਕਿ ਇਸ ਸੰਦਰਭ ਵਿੱਚ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਸਫਲਤਾ ਪੂਰਵਕ ਕੰਮ ਕਰ ਰਹੇ ਸਾਹਿਤਕ ਚੋਰੀ ਨੂੰ ਰੋਕਣ ਵਾਲੇ ਸਾਧਨਾਂ ਦੀ ਵਰਤੋਂ ਕਰਨੀ ਜਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਖੋਜ ਨਿਜੀ ਦਿਲਚਸਪੀ ਲੈ ਕੇ ਕੀਤੀ ਜਾਵੇ ਅਤੇ ਨਿਰਾ ਇੰਟਰਨੈੱਟ ਤੇ ਵੀ ਨਿਰਭਰ ਨਹੀਂ ਰਹਿਣਾ ਚਾਹੀਦਾ। ਇਸ ਮੌਕੇ ਤੇ ਡਾ. ਜਸਪਾਲ ਸਿੰਘ ਵਲੋਂ ਡਾ. ਡੀ.ਐਨ. ਸੰਨਸਨਵਾਲ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ। ਕੁੰਜੀਵਤ ਭਾਸ਼ਣ ਪੇਸ਼ ਕਰਦਿਆਂ ਡਾ. ਡੀ.ਐਨ. ਸੰਨਸਨਵਾਲ ਨੇ ਸਮਾਜਿਕ ਖੋਜ ਅਤੇ ਇਸ ਨਾਲ ਸਬੰਧਤ ਵੱਖ ਵੱਖ ਤੱਤਾਂ ਦੇ ਮਹੱਤਵ ਨੂੰ ਦਰਸਾਉਂਦੇ ਸੰਕਲਪਾਂ ਦਾ ਜ਼ਿਕਰ ਕੀਤਾ।
ਇਸ ਤੋਂ ਪਹਿਲਾਂ ਸਿੱਖਿਆ ਅਤੇ ਸਮੁਦਾਇ ਸੇਵਾਵਾਂ ਵਿਭਾਗ ਦੇ ਮੁਖੀ ਡਾ. ਕਿਰਨਦੀਪ ਕੌਰ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਵਰਕਸ਼ਾਪ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਭਾਈ ਗੁਰਦਾਸ ਚੇਅਰ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

