ਹਰਿਆਣਾ ਨੂੰ ਪੰਜਾਬ ਦੇ ਪਾਣੀਆਂ ਦੀ ਇਕ ਬੂੰਦ ਵੀ ਨਹੀਂ ਦੇਵਾਂਗੇ : ਸਿਮਰਜੀਤ ਬੈਂਸ
ਪਟਿਆਲਾ 23 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਤਲੁਜ ਯਮੁਨਾ ਲਿੰਕ ਨਹਿਰ ਦੀ ਖ਼ੁਦਾਈ ਕਰਨ ਲਈ ਇਨੈਲੋ ਵੱਲੋਂ ਪੰਜਾਬ ਵੱਲ ਕੂਚ ਕਰਨ ਦੀ ਚਿਤਾਵਨੀ ਦੇ ਚੱਲਦਿਆਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਵੱਡੀ ਗਿਣਤੀ ‘ਚ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਲੁਧਿਆਣਾ ਤੋਂ ਪਟਿਆਲਾ ਰਾਹੀਂ ਕਪੂਰੀ ਵੱਲ ਵਧੇ ਤਾਂ ਉਨ੍ਹਾਂ ਨੂੰ ਅਨਾਜ ਮੰਡੀ ਕੋਲ ਵੱਡੀ ਗਿਣਤੀ ‘ਚ ਪੁਲਿਸ ਫੋਰਸ ਨੇ ਅੱਗੇ ਨਾ ਜਾਣ ਦਿੱਤਾ।
ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਨੇ ਹੱਥਾਂ ‘ਚ ਡਾਗਾਂ ਫੜੀਆਂ ਹੋਈਆਂ ਸਨ, ਜੋ ਇਨੈਲੋ ਆਗੂਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਤਿਆਰ ਬਰ ਤਿਆਰ ਨਜ਼ਰ ਆਏ।
ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਕਾਰਨ ਉਨ੍ਹਾਂ ਨੂੰ ਕਪੂਰੀ ਵੱਲ ਵੱਧਣ ਨਾ ਦਿੱਤਾ ਗਿਆ। ਇਸ ਮੌਕੇ ਬੈਂਸ ਨੇ ਕਾਫੀ ਜੱਦੋ-ਜਹਿਦ ਕੀਤੀ, ਪ੍ਰੰਤੂ ਬਾਅਦ ‘ਚ ਉਨ੍ਹਾਂ ਨੇ ਸਮਰਥਕਾਂ ਨਾਲ ਧਰਨਾ ਲਗਾ ਦਿੱਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ‘ਤੇ ਹਰਿਆਣਾ ਦਾ ਕੋਈ ਹੱਕ ਨਹੀਂ ਹੈ, ਜਿਸ ਕਾਰਨ ਇਕ ਬੂੰਦ ਵੀ ਹਰਿਆਣਾ ਦੇ ਹਿੱਸੇ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪ ਵਲੰਟੀਅਰਾਂ ਤੇ ਲੋਕ ਇਨਸਾਫ ਪਾਰਟੀ ਦੇ ਕਾਰਕੁੰਨ ਕਿਸੇ ਵੀ ਕੀਮਤ ‘ਤੇ ਇਨੈਲੋ ਆਗੂਆਂ ਐਸਵਾਈਐਲ ਦੀ ਖੁਦਾਈ ਨਹੀਂ ਕਰਨ ਦੇਣਗੇ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਐਸਵਾਈਐਲ ਮਾਮਲੇ ਦਾ ਹੱਲ ਸਾਰਥਿਕ ਤਰੀਕੇ ਨਾਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਇਸ ਮਾਮਲੇ ਪ੍ਰਤੀ ਸੰਜੀਦਾ ਨਹੀਂ ਹਨ, ਜੋ ਇਨੈਲੋ ਆਗੂਆਂ ਨਾਲ ਮਿਲ ਕੇ ਨਹਿਰੀ ਮਾਮਲੇ ‘ਤੇ ਰਾਜਨੀਤੀ ਕਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਐਸਵਾਈਐਲ ਮਾਮਲਾ ਕਾਫੀ ਸੰਵੇਦਨਸ਼ੀਲ ਮੁੱਦਾ ਜਿਸ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਦੀ ਸਰਬਉਚ ਅਦਾਲਤ ਨੇ ਇਸ ਮਾਮਲੇ ‘ਤੇ ਫੈਸਲਾ ਸੁਣਾ ਦਿੱਤਾ, ਪ੍ਰੰਤੂ ਪੰਜਾਬ ਦੇ ਪਾਣੀਆਂ ‘ਤੇ ਕਿਸੇ ਨੂੰ ਵੀ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ।

