ਕੋਛੜ ਨੇ ਆਰ.ਕੇ. ਪੂਰਮ ਇਲਾਕੇ ਦੇ ਵੱਖ-ਵੱਖ ਸੈਕਟਰਾਂ ਵਿਖੇ ਘਰ-ਘਰ ਜਾ ਕੇ ਕੀਤਾ ਪ੍ਰਚਾਰ
ਦਿੱਲੀ, 24 ਫਰਵਰੀ (ਕੰਵਰ ਬੇਦੀ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ‘ਚ ਪ੍ਰਚਾਰ ਦੇ ਅੱਜ ਆਖ਼ਰੀ ਦਿਨ ਮਾਹੌਲ ਪੂਰਾ ਭਖਿਆ ਰਿਹਾ। ਹਰੇਕ ਪਾਰਟੀ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ।
ਇਸੇ ਕੜੀ ਤਹਿਤ ਵਾਰਡ ਨੰਬਰ 36 ਸਫਦਰਜੰਗ ਇਕਲੈਵ ਤੋਂ ਪੰਥਕ ਸੇਵਾ ਦਲ ਦੇ ਉਮੀਦਵਾਰ ਅਤੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਆਰ.ਕੇ. ਪੂਰਮ ਇਲਾਕੇ ਦੇ ਵੱਖ-ਵੱਖ ਸੈਕਟਰਾਂ ਵਿਖੇ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਜੀ.ਕੇ. ਅਤੇ ਸਰਨਾ ਵੱਲੋਂ ਇੱਕ-ਦੂਜੇ ‘ਤੇ ਲਗਾਏ ਜਾ ਰਹੇ ਦੋਸ਼ਾਂ ਤੋਂ ਜਾਪਦਾ ਹੈ ਕਿ ਇਹ ਲੋਕ ਸੇਵਾ ਕਰਨ ਲਈ ਨਹੀਂ ਬਲਕਿ ਆਪਣੀ ਚੌਧਰ ਲਈ ਪ੍ਰਬੰਧਕ ਕਮੇਟੀ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਸੇਵਾ ਭਾਵਨਾ ਵਾਲਾ ਮਾਹੌਲ ਖ਼ਤਮ ਕਰਕੇ ਸਿਆਸੀ ਮਾਹੌਲ ਨੂੰ ਬੜਾਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਗੁਰੂ ਦੀ ਗੋਲਕ ਦੇ ਲੁਟੇਰਿਆ ਨੂੰ ਭਾਜ ਦੇ ਕੇ ਗੁਰੂ ਘਰ ਦਾ ਪ੍ਰਬੰਧ ਨਿਰੋਲ ਪੰਥ ਦਰਦੀਆਂ ਦੇ ਹੱਥਾਂ ਵਿੱਚ ਦੇਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਚੋਣਾਂ ਵਿੱਚ ਸੰਗਤ ਵੱਲੋਂ ਤੀਜੇ ਧੜੇ ਦੀ ਘਾਟ ਬਹੁਤ ਹੀ ਡੂੰਘਾਈ ਨਾਲ ਮਹਿਸੂਸ ਕੀਤੀ ਜਾ ਰਹੀ ਤੇ ਸੰਗਤ ਨੂੰ ਬਾਦਲ ਤੇ ਸਰਨਾ ਵਿੱਚੋਂ ਇੱਕ ਨੂੰ ਚੁਨਣ ਦੀ ਮਜ਼ਬੂਰੀ ਬਣੀ ਹੋਈ ਸੀ। ਇਸ ਮੌਕੇ ਸ. ਕੌਛੜ ਨੇ ਦੱਸਿਆ ਕਿ ਮੈਨੂੰ ਵੱਖ-ਵੱਖ ਇਲਾਕਿਆਂ ਤੋਂ ਮਿਲ ਰਹੇ ਸਹਿਯੋਗ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸੰਗਤ ਬਾਦਲਾਂ ਅਤੇ ਸਰਨਾ ਧੜੇ ਤੋਂ ਅੱਕ ਚੁੱਕੀ ਹੈ ਅਤੇ ਤੀਜੀ ਧੀਰ ਪੰਥਕ ਸੇਵਾ ਦਲ ਨੂੰ ਸੇਵਾ ਦਾ ਮੌਕਾ ਦੇਵੇਗੀ। ਅੰਤ ਵਿੱਚ ਉਨ੍ਹਾਂ ਸੰਗਤ ਨੂੰ ਆਉਣ ਵਾਲੀ 26 ਫਰਵਰੀ ਨੂੰ ਚੋਣ ਨਿਸ਼ਾਨ ਕਿਸਾਨ ਡਰਾਈਵਿੰਗ ਟ੍ਰੈਕਟਰ ‘ਤੇ ਮੋਹਰ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਜਸਪਾਲ ਸਿੰਘ ਮਾਰਵਾ, ਸਰਬਜੀਤ ਕੌਰ ਕਾਲਰਾ, ਹਰਵਿੰਦਰ ਸਿੰਘ, ਜਾਨੇਸ਼ਵਰ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।

