ਪੰਜਾਬਪਟਿਆਲਾ

ਡੀਈਓ ਪਟਿਆਲਾ ਦੇ ਮਾੜੇ ਵਤੀਰੇ ਖਿਲਾਫ਼ ਅਧਿਆਪਕ ਜਥੇਬੰਦੀਆਂ ਨੇ ਧਰਨਾ ਠੋਕਿਆ

ਤਹਿਸੀਲਦਾਰ ਨੇ ਮੰਗ ਪੱਤਰ ਲੈ ਕੇ ਅਧਿਆਪਕਾਂ ਅਤੇ ਡੀਈਓ ‘ਚ ਕਰਵਾਈ ਸੁਲਾਹ
ਪਟਿਆਲਾ, 27 ਫਰਵਰੀ (ਕੰਵਰ ਬੇਦੀ): ਜਿਲ੍ਹਾ ਸਿੱਖਿਆ ਅਫ਼ਸਰ (ਸੀਨੀਅਰ ਸੈਕੰਡਰੀ) ਵਲੋਂ ਕੁੱਝ ਬਿਮਾਰ ਅਤੇ ਅਪਾਹਜ ਅਧਿਆਪਕਾਂ ਦੀਆਂ ਡਿਊਟੀਆਂ ਨੇੜਲੇ ਸਟੇਸ਼ਨਾਂ ‘ਤੇ ਨਾ ਲਗਾਉਣ ਅਤੇ ਅਧਿਆਪਕਾਂ ਨਾਲ ਕੀਤੇ ਮਾੜੇ ਵਤੀਰੇ ਖਿਲਾਫ਼ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਵਲੋਂ ਧਰਨਾ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਨੇ ਕਿਹਾ ਕਿ ਅਕਸਰ ਹੀ ਡੀਈਓ ਪਟਿਆਲਾ ਵਲੋਂ ਅਧਿਆਪਕਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਮਹਿਲਾਂ ਅਧਿਆਪਕਾਂ ਨਾਲ ਵੀ ਬਦਸਲੂਕੀ ਕੀਤੀ ਜਾਂਦੀ ਹੈ,ਜਿਸਨੂੰ ਅਧਿਆਪਕ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ।
ਆਗੂਆਂ ਨੇ ਕਿਹਾ ਕਿ ਬੋਰਡ ਦੀਆਂ ਪ੍ਰੀਖਿਆਵਾਂ ‘ਚ ਡਿਊਟੀਆਂ ਲਗਾਉਣ ਸਮੇਂ ਜਦੋਂ ਪੱਖਪਾਤ ਦੀ ਗੱਲ ਸਾਹਮਣੇ ਆਈ ਤਾਂ ਇਸ ਸਬੰਧੀ ਡੀਈਓ ਪਟਿਆਲਾ ਦੇ ਧਿਆਨ ‘ਚ ਮਾਮਲਾ ਲਿਆਂਦਾ ਗਿਆ, ਪਰੰਤੂ ਉਨ੍ਹਾਂ ਨੇ ਅਧਿਆਪਕਾਂ ਦੀ ਮੰਗ ਵਿਚਾਰਨ ਦੀ ਬਜਾਏ ਗਾਲੀ-ਗਲੋਚ ਕੀਤਾ ਅਤੇ ਬਦਸਲੂਕੀ ਕੀਤੀ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਡੀਈਓ ਪਟਿਆਲਾ ਅਧਿਆਪਕਾ ਨਾਲ ਨਾਦਰਸ਼ਾਹੀ ਵਤੀਰਾ ਅਪਣਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਧਰਨਾ ਦੇਣਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਡੀਈਓ ਪਟਿਆਲਾ ਆਪਣੇ ਮਾੜੇ ਵਤੀਰੇ ਦੇ ਮੁਆਫੀ ਨਹੀਂ ਮੰਗਦਾ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਧਰਨੇ ਦੌਰਾਨ ਅਧਿਆਪਕ ਆਗੂਆਂ ਨੇ ਤਹਿਸੀਲਦਾਰ ਗੁਰਦੇਵ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਦੌਰਾਨ ਤਹਿਸੀਲੀਦਾਰ ਨੇ ਅਧਿਆਪਕ ਜਥੇਬੰਦੀਆਂ ਅਤੇ ਡੀਈਓ ਪਟਿਆਲਾ ‘ਚ ਸੁਲਾਹ ਕਰਵਾਕੇ ਧਰਨਾ ਸਮਾਪਤ ਕਰਵਾਇਆ।
ਡੀਈਓ ਪਟਿਆਲਾ ਨੇ ਅਧਿਆਪਕ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਗਿਆ ਉਹ ਭਵਿੱਖ ‘ਚ ਅਧਿਆਪਕਾ ਨਾਲ ਮਾੜਾ ਵਿਵਹਾਰ ਜਾਂ ਬਦਸਲੂਕੀ ਨਹੀਂ ਕਰਨਗੇ ਅਤੇ ਜਿਨਾਂ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਦਾ ਸਵਾਲ ਉਨ੍ਹਾਂ ਨੂੰ ਵਿਚਾਰ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।
ਇਸ ਮੌਕੇ ਅਧਿਆਪਕ ਦਲ ਪੰਜਾਬ, ਗੌਰਮਿੰਟ ਅਧਿਆਪਕ ਯੂਨੀਅਨ ਪੰਜਾਬ, ਐਸੀਬੀਸੀ ਅਧਿਆਪਕ ਯੂਨੀਅਨ ਪੰਜਾਬ, ਏਡਿਡ ਸਕੂਲ ਅਧਿਆਪਕ ਯੂਨੀਅਨ ਪੰਜਾਬ, ਪ੍ਰੋਗਰੈਸਿਵ ਫਰੰਟ ਅਧਿਆਪਕ ਯੂਨੀਅਨ ਤੋਂ ਇਲਾਵਾ ਵੱਖ-ਵੱਖ ਅਧਿਆਪਕ ਆਗੂਆਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *