ਪੰਜਾਬਪਟਿਆਲਾ

ਪੰਜਾਬੀ ‘ਵਰਸਿਟੀ ‘ਚ ਸੱਭਿਆਚਾਰਕ ਵਿਰਸੇ ਦੀ ਪ੍ਰਤੀਕ ਅੰਤਰ ਖੇਤਰੀ ਲੋਕ ਮੇਲਾ ਆਰੰਭ

ਪਟਿਆਲਾ, 27 ਫਰਵਰੀ (ਕੰਵਰ ਬੇਦੀ/ਜਸਵਿੰਦਰ ਸਿੰਘ ਬਾਗੀ/ਮਧੂਸਾਰ ਬਿਊਰੋ)
ਪੰਜਾਬ ਦੇ ਸਭਿਆਚਾਰਕ ਵਿਰਸੇ ਦੀ ਨੁਮਾਇੰਦਗੀ ਦਾ ਪ੍ਰਤੀਕ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ-ਖੇਤਰੀ ਲੋਕ ਮੇਲਾ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਵਿੱਚ ਬਹੁਤ ਹੀ ਸ਼ਾਨਦਾਰ ਪੇਸ਼ਕਾਰੀਆਂ ਨਾਲ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤਾ।

ਇਸ ਮੌਕੇ ਤੇ ਬੋਲਦਿਆਂ ਡਾ. ਜਸਪਾਲ ਸਿੰਘ ਨੇ ਕਿਹਾ ਕਿ ਲੋਕ ਪਰੰਪਰਾ ਦੀ ਨਿਸ਼ਾਨਦੇਹੀ ਕਰਨਾ ਅਕਾਦਮਿਕ ਅਦਾਰਿਆਂ ਦਾ ਫਰਜ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਵਿਰਸੇ ਦੀਆਂ ਵੱਖ ਵੱਖ ਵੰਨਗੀਆਂ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਸਮੇਂ ਸਮੇਂ ਸਿਰ ਯੋਗ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਦਾ ਆਯੋਜਨ ਕਰਨਾ ਵੀ ਯੂਨੀਵਰਸਿਟੀ ਦੇ ਅਜਿਹੇ ਹੀ ਮਿਸ਼ਨ ਦਾ ਇਕ ਹਿੱਸਾ ਹੈ। ਇਸ ਮੌਕੇ ਤੇ ਡਾ. ਜਸਪਾਲ ਸਿੰਘ ਵਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ।
ਉਦਘਾਟਨੀ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਲੋਕ ਵਿਰਾਸਤ ਦੀ ਪੁਨਰ-ਸੁਰਜੀਤੀ ਲਈ ਆਪਣਾ ਯੋਗਦਾਨ ਪਾਉਣ। ਇਸ ਸੈਸ਼ਨ ਦੀ ਸਨਮਾਨਿਤ ਸ਼ਖ਼ਸੀਅਤ ਸ੍ਰ. ਗੁਰਭੇਜ ਸਿੰਘ ਗੁਰਾਇਆ, ਸਕੱਤਰ, ਪੰਜਾਬੀ ਅਕਾਦਮੀ, ਦਿੱਲੀ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਆਪਣੇ ਸਭਿਆਚਾਰਕ ਵਿਰਸੇ ਨਾਲ ਜੋੜਨ ਲਈ ਅਜਿਹੇ ਮੇਲੇ ਹੁੰਦੇ ਰਹਿਣੇ ਚਾਹੀਦੇ ਹਨ। ਇਸ ਮੌਕੇ ਤੇ ਡਾ. ਸੁਮਨ ਕੁਮਾਰ, ਡਿਪਟੀ ਸਕੱਤਰ, ਸੰਗੀਤ ਨਾਟਕ ਅਕਾਦਮੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਤੋਂ ਪਹਿਲਾਂ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗੁਰਸੇਵਕ ਲੰਬੀ ਨੇ ਆਏ ਮਹਿਮਾਨਾਂ ਲਈ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਮੇਲਾ ਛੇ ਸਥਾਨਾਂ ਤੇ ਚੱਲ ਰਿਹਾ ਹੈ ਜਿਸ ਵਿਚ ਦੋ ਦਿਨ 36 ਆਈਟਮਾਂ ਦੇ ਮੁਕਾਬਲਿਆਂ ਵਿਚ 5000 ਤੋਂ ਵਧੇਰੇ ਵਿਦਿਆਰਥੀ ਭਾਗ ਲੈਣਗੇ। ਕੀਤੇ। ਸਾਬਕਾ ਡਾਇਰੈਕਟਰ, ਯੁਵਕ ਭਲਾਈ ਡਾ. ਸਤੀਸ਼ ਕੁਮਾਰ ਵਰਮਾ ਵੱਲੋਂ ਧੰਨਵਾਦੀ ਸ਼ਬਦ ਸਾਂਝੇ ਕੀਤੇ ਗਏ। ਉਦਘਾਟਨੀ ਸਮਾਰੋਹ ਦੌਰਾਨ ਹੋਰਨਾਂ ਤੋਂ ਇਲਾਵਾ ਡਾ. ਯਸ਼ਪਾਲ ਸ਼ਰਮਾ, ਡਾ. ਨਵਜੋਤ ਕੌਰ ਕਸੇਲ, ਡਾ. ਕਿਰਨਦੀਪ ਕੌਰ, ਡਾ. ਅੰਮ੍ਰਿਤਪਾਲ ਕੌਰ, ਡਾ. ਕੁਲਬੀਰ ਸਿੰਘ ਢਿਲੋਂ ਅਤੇ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਤੇ ਯੁਵਕ ਭਲਾਈ ਵਿਭਾਗ ਵੱਲੋਂ ਪ੍ਰਕਾਸ਼ਿਤ ਨਵੀਂ ‘ਨਿਯਮਾਂਵਲੀ’ ਨੂੰ ਵੀ ਰਿਲੀਜ਼ ਕੀਤਾ ਗਿਆ।
ਦੋ ਦਿਨ ਚੱਲਣ ਵਾਲੇ ਇਸ ਲੋਕ ਮੇਲੇ ਦੇ ਪਹਿਲੇ ਦਿਨ ਸੰਮੀ, ਰਵਾਇਤੀ ਪਹਿਰਾਵਾ ਪ੍ਰਦਰਸ਼ਨੀ, ਲੋਕ ਸਾਜ਼, ਮਲਵਈ ਗਿੱਧਾ, ਰਵਾਇਤੀ ਲੋਕ ਗੀਤ, ਕਢਾਈ, ਪੱਖੀ ਬੁਣਨਾ, ਕਰੋਸ਼ੀਏ ਦੀ ਬੁਣਤੀ, ਪਰਾਂਦਾ ਬਣਾਉਣਾ, ਗੁੱਡੀਆਂ ਪਟੋਲੇ ਬਣਾਉਣਾ, ਲੂਣ ਮਿਆਣੀ, ਪਿੱਠੂ, ਰੱਸਾਕਸ਼ੀ ਦੇ ਨੁੱਕੜ ਨਾਟਕ ਅਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰਕ ਕੁਇਜ਼ ਦੇ ਮੁਕਾਬਲੇ ਕਰਵਾਏ ਗਏ।

Leave a Reply

Your email address will not be published. Required fields are marked *