ਪੰਜਾਬ

ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਹੁੱਲੜਬਾਜ਼ੀ ਵਿਰੁੱਧ ਵਿਦਿਆਰਥੀ ਧਿਰਾਂ ਚੁੱਪ ਕਿਉਂ?

ਚੰਡੀਗੜ੍ਹ: 28 ਫਰਵਰੀ (ਮਧੂਸਾਰ ਬਿਊਰੋ)
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੀ ਵਿਸ਼ੇਸ਼ ਮੀਟਿੰਗ ਸੱਦੀ ਗਈ, ਜਿਸ ਵਿਚ ਦਿੱਲੀ ਯੂਨੀਵਰਸਿਟੀ ਵਿਚ ਲਿਖਣ-ਬੋਲਣ ਅਤੇ ਵਿਚਾਰ ਵਿਮਰਸ਼ ਕਰਨ ਵਾਲੇ ਵਿਦਿਆਰਥੀ ਸਮੂਹਾਂ ਉਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਹਿੰਸਕ ਹਮਲਾ ਕਰਨ ਦੀ ਕਠੋਰ ਨਿੰਦਾ ਕੀਤੀ ਗਈ। ਸਿੰਘ ਸਭਾ ਇਨ੍ਹਾਂ ਹਿੰਸਕ ਧਿਰਾਂ ਨੂੰ ਯਾਦ ਕਰਾਉਣਾ ਚਾਹੁੰਦੀ ਹੈ ਕਿ ਸਿੱਖ ਪੰਥ ਨੇ ਬੀਤੇ ਸਮੇਂ ਵਿਚ ਹਮੇਸ਼ਾ ਵਿਚਾਰਾਂ ਦੀ ਆਜ਼ਾਦੀ ਲਈ ਆਵਾਜ਼ ਉਠਾਈ ਹੈ ਅਤੇ ਇਸ ਦੀ ਰਾਖੀ ਲਈ ਕੁਰਬਾਨੀਆਂ ਵੀ ਦਿੱਤੀਆਂ ਹਨ।

ਦਿੱਲੀ ਯੂਨੀਵਰਸਿਟੀ ਵਿਚ ਵਾਪਰੀ ਇਸ ਘਟਨਾ ਦਾ ਪ੍ਰਤੀਕਰਮ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੱਕ ਵੀ ਪਹੁੰਚਿਆ ਹੈ, ਜਿੱਥੇ ਪ੍ਰੀਸ਼ਦ ਵੱਲੋਂ ਦਿੱਲੀ ਵਾਲਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਦਾ ਸਖਸ਼ੀ ਆਜ਼ਾਦੀ ਦੇ ਹਿਮਾਇਤੀ ਵਿਦਿਆਰਥੀਆਂ ਵੱਲੋਂ ਪੁਰਜ਼ੋਰ ਵਿਰੋਧ ਹੋਇਆ ਹੈ।
ਗੁਰਮੇਹਰ ਕੌਰ ਦੀ ਪ੍ਰੇਸ਼ਾਨੀ ਅਤੇ ਉਸਨੂੰ ਮਿਲ ਰਹੀਆਂ ਹਿੰਸਕ ਧਮਕੀਆਂ ਵਿਰੁੱਧ ਸਿੱਖਾਂ ਦੀ ਪਾਰਲੀਮੈਂਟ ਕਹਾਉਣ ਵਾਲੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਸਰਪ੍ਰਸਤ ਅਕਾਲੀ ਦਲ ਬਾਦਲ ਨੂੰ ਆਵਾਜ਼ ਉਠਾਉਣੀ ਚਾਹੀਦੀ ਸੀ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸਮਝਦੀ ਹੈ ਕਿ ਬੀ.ਜੇ.ਪੀ. ਨਾਲ ਅਕਾਲੀ ਦਲ ਬਾਦਲ ਦੀ ਸਾਂਝ ਇਕ ਵੱਡੀ ਕਮਜ਼ੋਰੀ ਹੈ, ਜਿਸ ਕਰਕੇ ਗੁਰਮਿਹਰ ਕੌਰ ਦੇ ਹੱਕ ਵਿਚ ਇਨ੍ਹਾਂ ਨੇ ਕੋਈ ਜ਼ਿਕਰਯੋਗ ਆਵਾਜ਼ ਨਹੀਂ ਉਠਾਈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇੱਥੇ ਇਹ ਚੇਤੇ ਕਰਾਉਣਾ ਉਚਿਤ ਸਮਝਦੀ ਹੈ ਕਿ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਸੋਈ (SO9) ਪੰਜਾਬ ਯੂਨੀਵਰਸਿਟੀ ਵਿਚ ਵੈਸੇ ਬਹੁਤ ਸਰਗਰਮ ਹੈ ਅਤੇ ਵਿਦਿਆਰਥੀ ਚੋਣਾਂ ਵਿਚ ਵੀ ਭਾਗ ਲੈਂਦਾ ਹੈ। ਪਰ ਯੂਨੀਵਰਸਿਟੀ ਵਿਚ ਉਨ੍ਹਾਂ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਹੁੱਲੜਬਾਜ਼ੀ ਵਿਰੁੱਧ ਚੁੱਪ ਧਾਰੀ ਰੱਖੀ। ਸਿੱਖ ਸਟੂਡੈਂਟ ਫੈਡ੍ਰੇਸ਼ਨ ਅਤੇ ਅਜਿਹੀਆਂ ਵਿਦਿਆਰਥੀ ਜਥੇਬੰਦੀਆਂ ਦਾ ਇਹ ਰਵੱਈਆ ਬਹੁਤ ਹੀ ਮੰਦਭਾਗਾ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਗੁਰਮਿਹਰ ਕੌਰ ਨੂੰ ਨੁਕਾਸਨ ਪੁਚਾਉਣ ਹਿਤ ਧਮਕੀਆਂ ਦੇਣ ਵਾਲੀ ਵਿਦਿਆਰਥੀ ਪ੍ਰੀਸ਼ਦ ਦੀਆਂ ਕਾਰਵਾਈਆਂ ਦਾ ਸਖਤ ਨੋਟਿਸ ਲੈਂਦੀ ਹੈ ਅਤੇ ਚਿਤਾਵਨੀ ਦਿੰਦੀ ਹੈ ਕਿ ਜੇਕਰ ਇਹ ਅਨਸਰ ਆਪਣੀਆਂ ਘਿਨਾਉਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *