ਰਿਹਾਅ ਹੁੰਦਿਆਂ ਹੀ ਸੀ ਜੇ ਪੀ ਆਗੂਆਂ ਦੇ ਤਿੱਖੇ ਤੇਵਰ
ਨਵੀਂ ਦਿੱਲੀ 11 ਅਕਤੂਬਰ (ਮਧੂਸਾਰ ਬਿਊਰੋ) ਕੌਕਰੋਚ ਜਨਤਾ ਪਾਰਟੀ ਦੇ ਚੋਟੀ ਦੇ ਆਗੂਆਂ ਨੇ ਐਤਵਾਰ ਨੂੰ ਹਿਰਾਸਤ ਵਿੱਚੋਂ ਰਿਹਾਅ ਹੁੰਦਿਆਂ ਹੀ ਕੇਂਦਰ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਤਿੱਖੇ ਤੇਵਰ ਦਿਖਾਉਂਦਿਆਂ ਐਲਾਨ ਕੀਤਾ ਹੈ ਕਿ ਇਹ ਅੰਦੋਲਨ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੱਕ ਰੁਕਣ ਵਾਲਾ ਨਹੀਂ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (S9R) ਦੇ ਮੁੱਦੇ ’ਤੇ ਆਗੂਆਂ ਨੇ ਇਸ ਸੰਘਰਸ਼ ਨੂੰ ਸਿਰਫ਼ ਦਿੱਲੀ ਤੱਕ ਸੀਮਤ ਨਾ ਰੱਖ ਕੇ ਪੂਰੇ ਦੇਸ਼ ਵਿੱਚ ਫੈਲਾਉਣ ਦਾ ਅਹਿਦ ਲਿਆ।
ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੇ ਸਹਿ-ਕਨਵੀਨਰ ਆਸ਼ੂਤੋਸ਼ ਰੰਕਾ ਨੇ ਪੁਲੀਸ ਕਾਰਵਾਈ ’ਤੇ ਵਰ੍ਹਦਿਆਂ ਕਿਹਾ, “ਅਸੀਂ ਕੋਈ ਖ਼ਤਰਨਾਕ ਅਪਰਾਧੀ ਨਹੀਂ ਹਾਂ; ਅਸੀਂ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਦੇ ਘਰ ਪ੍ਰਦਰਸ਼ਨ ਕਰਨ ਨਹੀਂ ਜਾ ਰਹੇ। ਨਿਰਧਾਰਤ ਧਰਨਾ ਸਥਾਨ ’ਤੇ ਸ਼ਾਂਤਮਈ ਪ੍ਰਦਰਸ਼ਨ ਕਰਨਾ ਅਮਨ-ਕਾਨੂੰਨ ਭੰਗ ਕਰਨਾ ਨਹੀਂ ਹੁੰਦਾ।” ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਤੱਕ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਹੁਦਾ ਨਹੀਂ ਛੱਡਦੇ, ਸੰਘਰਸ਼ ਜਾਰੀ ਰਹੇਗਾ। ਰੰਕਾ ਨੇ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਨੂੰ, ਸੌਰਵ ਦਾਸ ਅਤੇ ਅਭਿਜੀਤ ਦਿਪਕੇ ਨੂੰ ਜਹਾਜ਼ ਦੇ ਅੰਦਰੋਂ ‘ਅਗਵਾ’ ਕੀਤਾ ਗਿਆ ਸੀ।
ਸੀ ਜੇ ਪੀ ਆਗੂ ਸੌਰਵ ਦਾਸ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਅੰਦਰ “ਐਮਰਜੈਂਸੀ ਵਰਗੇ ਹਾਲਾਤ” ਪੈਦਾ ਕਰ ਦਿੱਤੇ ਹਨ ਅਤੇ ਤਾਨਾਸ਼ਾਹੀ ਹਕੂਮਤ ਵਾਂਗ ਸਰਕਾਰ ਨੂੰ ਆਪਣੇ ਹੀ ਨਾਗਰਿਕਾਂ ਅਤੇ ਪੱਤਰਕਾਰਾਂ ਖ਼ਿਲਾਫ਼ ਖੜ੍ਹਾ ਕਰ ਦਿੱਤਾ ਹੈ।

