ਚੌਲ ਪਾਸ ਕਰਨ ਦੀ ਕੈਪੇਸਿਟੀ ਦੀ ਕਟੌਤੀ ਤੋਂ ਭੜਕੇ ਸੈਲ਼ਰ ਮਾਲਕ
– ਐਫ.ਸੀ.ਆਈ. ਦੇ ਏਰੀਆ ਮੈਨੇਜਰ ਦੀ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ
-ਏਰੀਆ ਮੈਨੇਜਰ ਦੀ ਤਾਨਾਸ਼ਾਹੀ ਦੇ ਕਾਰਨ 31 ਮਾਰਚ ਤੱਕ ਸਮੁੱਚੀ ਮਿਲਿੰਗ ਕਰਨੀ ਸੰਭਵ ਨਹੀਂ: ਚੀਮਾ, ਗੋਇਲ
ਪਟਿਆਲਾ 1 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਐਫ.ਸੀ.ਆਈ. ਵੱਲੋਂ ਚੌਲ ਪਾਸ ਕਰਨ ਦੀ ਕੈਪੇਸਿਟੀ ਦੀ ਵਿਚ ਕੀਤੀ ਗਈ ਕਟੌਤੀ ਤੋਂ ਭੜਕੇ ਸ਼ੈਲਰ ਮਾਲਕਾਂ ਨੇ ਅੱਜ ਇਸ ਨੂੰ ਐਫ.ਸੀ.ਆਈ ਦਾ ਤੁਗਲਕੀ ਫਰਮਾਨ ਕਰਾਰ ਦਿੰਦੇ ਹੋਏ ਏਰੀਆ ਮੈਨੇਜਰ ਡੀ.ਐਸ. ਰਾਜਪੁਤ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰ ਦਿੱਤੀ ਹੈ।
ਸ਼ੈਲਰ ਮਾਲਕਾਂ ਨੇ ਜਿਲਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਅਤੇ ਪਟਿਆਲਾ ਦੇ ਪ੍ਰਧਾਨ ਸ੍ਰੀ ਸੰਜੀਵ ਗੋਇਲ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਬੁਲਾ ਕੇ ਇਹ ਐਲਾਨ ਕੀਤਾ ਕਿ ਐਫ.ਸੀ.ਆਈ. ਦਾ ਤੁਗਲਕੀ ਫਰਮਾਨ ਕਿਸੇ ਵੀ ਕੀਮਤ ‘ਤੇ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਏਰੀਆ ਮੈਨੈਜਰ ਦੇ ਖਿਲਾਫ ਸੰਘਰਸ਼ ਦਾ ਐਲਾਨ ਤੱਕ ਕਰ ਦਿੱਤਾ। ਗੁਰਦੀਪ ਸਿੰਘ ਚੀਮਾ ਅਤੇ ਸ੍ਰੀ ਸੰਜੀਵ ਗੋਇਲ ਨੇ ਸਾਫ ਕਰ ਦਿੱਤਾ ਕਿ ਜਿਸ ਤਰ੍ਹਾਂ ਪਹਿਲੇ ਦਿਨ ਤੋਂ ਹੀ ਐਫ.ਸੀ.ਆਈ ਦੇ ਏਰੀਆ ਮੈਨੇਜਰ ਵੱਲੋਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਉਸ ਹਿਸਾਬ ਨਾਲ 31 ਮਾਰਚ ਤੱਕ ਮਿਲਿੰਗ ਹੋਣੀ ਸੰਭਵ ਹੀ ਨਹੀਂ ਹੈ ਅਤੇ ਇਸ ਦੇ ਲਈ ਸਿੱਧੇ ਤੌਰ ‘ਤੇ ਐਫ.ਸੀ.ਆਈ. ਏਰੀਆ ਮੈਨੇਜਰ ਦੀ ਜਿੰਮੇਵਾਰੀ ਹੋਣਗੇ। ਉਹਨਾਂ ਦੱਸਿਆ ਕਿ ਹੈਰਾਨ ਕਰ ਵਾਲੀ ਇਹ ਹੈ ਕਿ ਪਹਿਲਾਂ ਹੀ ਚੌਲਾਂ ਲਈ ਥਾਂ ਨਹੀਂ ਬਣ ਰਹੀ ਅਤੇ ਹੁਣ ਏਰੀਆ ਮੈਨੇਜਰ ਵੱਲੋਂ ਨਵਾਂ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਇੱਕ ਦਿਨ ਵਿਚ ਟੀ.ਏ.-1 ਰੋਜ਼ਾਨਾ 15 ਦੀ ਥਾਂ ‘ਤੇ 10 ਗੱਡੀਆ ਅਤੇ ਟੀ.ਏ-2 ਰੋਜ਼ਾਨਾ 10 ਦੀ ਥਾਂ ‘ਤੇ 5 ਗੱਡੀਆਂ ਪਾਸ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਜਿਲੇ ਵਿਚ ਪਹਿਲਾਂ ਹੀ ਮਿਲਿੰਗ ਐਫ.ਸੀ.ਆਈ. ਦੇ ਏਰੀਆਂ ਮੈਨੇਜਰ ਦੀ ਤਾਨਸ਼ਾਹੀ ਦੇ ਕਾਰਨ ਕਾਫੀ ਹੌਲੀ ਚੱਲ ਰਹੀ ਹੈ ਅਤੇ ਹੁਣ ਜਦੋਂ ਨਿਰਧਾਰਤ ਮਿਤੀ ਵਿਚ ਸਿਰਫ ਇੱਕ ਮਹੀਨਾ ਰਹਿ ਗਿਆ ਹੈ ਤਾਂ ਜਾਣ ਬੁਝ ਅਜਿਹੇ ਫਰਮਾਨ ਜਾਰੀ ਕਰਕੇ ਸ਼ੈਲਰ ਮਾਲਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ ਕਿ ਉਹ ਰਿਸ਼ਵਤ ਦੇਣ ਲਈ ਮਜਬੂਰ ਹੋਣ। ਰਾਈਸ ਮਿਲਰ ਆਗੁਆਂ ਨੇ ਦੱਸਿਆ ਕਿ ਪਟਿਆਲਾ ਜਿਲੇ ਵਿਚ ਸ਼ੈਲਰ ਮਾਲਕਾਂ ਵੱਲੋਂ ਇਸ ਵਾਰ ਕਿਸੇ ਤਰ੍ਹਾਂ ਦੀ ਵੀ ਰਿਸ਼ਵਤ ਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਏਰੀਆ ਮੈਨੇਜਰ ਖੁਦ ਮਨਮਾਨੀਆ ਵੀ ਕਰਦਾ ਹੈ, ਜਿਵੇਂ ਕਿ ਬਿਨ੍ਹਾਂ ਦੱਸੇ ਸਟੇਸ਼ਨ ਛੱਡ ਦੇਣਾ, ਜਾਣ ਬੁਝ ਕੇ ਬਾਹਰਲੇ ਸੈਂਟਰਾਂ ਦਾ ਮਾਲ ਪਟਿਆਲਾ ਦੇ ਆਰਡਰ ਕਰਨਾ ਅਤੇ ਪਟਿਆਲਾ ਦੇ ਮਿਲਰਾਂ ਦੇ ਆਰਡਰ ਦੂਜੇ ਸਟੇਸ਼ਨਾਂ ‘ਤੇ ਕਰਨਾ ਆਦਿ ਸ਼ਾਮਲ ਹਨ।
ਪ੍ਰਧਾਨ ਗੁਰਦੀਪ ਚੀਮਾ ਅਤੇ ਸੰਜੀਵ ਗੋਇਲ ਨੇ ਦੱਸਿਆ ਕਿ ਜੇਕਰ ਬਾਹਰਲੇ ਸੈਂਟਰਾਂ ਦੇ ਮਾਲ ਦੇ ਆਰਡਰ ਪਹਿਲਾਂ ਪਟਿਆਲਾ ਨਾ ਕੀਤੇ ਜਾਂਦੇ ਤਾਂ ਹੁਣ ਪਟਿਆਲਾ ਦੇ ਸ਼ੈਲਰਾਂ ਦੇ ਆਰਡਰ ਦੂਜੇ ਸੈਂਟਰਾਂ ‘ਤੇ ਨਾ ਕਰਨੇ ਪੈਂਦੇ। ਉਹਨਾਂ ਮੰਗ ਕੀਤੀ ਕਿ ਏਰੀਆ ਮੈਨੇਜਰ ਪਿਛਲੇ ਦੋ ਸਾਲਾਂ ਤੋਂ ਇੱਕੋ ਸਟੇਸ਼ਨ ‘ਤੇ ਬੈਠੇ ਹਨ ਅਤੇ ਉਹਨਾਂ ਦੇ ਕਾਰਜ਼ਕਾਲ ਵਿਚ ਵੱਡੇ ਘਪਲੇ ਹੋਏ ਹਨ ਲਿਹਾਜ਼ਾ ਏਰੀਆ ਮੈਨੇਜਰ ਦੀ ਇਥੋਂ ਬਦਲ ਕੇ ਉਹਨਾਂ ਦੀ ਸੀ.ਬੀ.ਆਈ ਜਾਂਚ ਕੀਤੀ ਜਾਵੇ, ਤਾਂ ਕਿ ਦੁਧ ਦਾ ਦੁਧ ਅਤੇ ਪਾਣੀ ਦਾ ਪਾਣੀ ਹੋ ਸਕੇ। ਇਸ ਮੌਕੇ ਨਾਭਾ ਦੇ ਪ੍ਰਧਾਨ ਅਸ਼ੋਕ ਬਾਂਸਲ, ਭਾਦਸੋਂ ਦੇ ਪ੍ਰਧਾਨ ਕਰਮ ਸਿੰਘ, ਮੇਘ ਰਾਜ ਪਾਤੜਾਂ, ਅਮਨ ਪੰਜਰਥ ਸਮਾਣਾ,ਫਕੀਰ ਚੰਦ ਬਾਂਸਲ ਰਾਜਪੁਰਾ, ਗੁਰਿੰਦਰ ਭੰਗੂ ਘੱਗਾ ਆਦਿ ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਪਹੂੰਚੇ ਹੋਏ ਸਨ।

