ਖ਼ਾਲਸਾ ਕਾਲਜ ਪਟਿਆਲਾ ਵਿਖੇ ਨਵੇਂ ਵਿਦਿਆਰਥੀਆਂ ਲਈ ਇੰਡਕਸ਼ਨ ਅਤੇ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਦੇ ਕੰਪਿਊਟੋਨਿਕ ਕਲੱਬ, ਪੋਸਟ ਗ੍ਰੈਜੂਏਟ ਕਮਿਸਟਰੀ ਵਿਭਾਗ ਦੇ ਨਾਨ-ਮੈਡੀਕਲ, ਮੈਡੀਕਲ ਅਤੇ ਬੀ.ਐੱਸ.ਸੀ ਆਨਰਜ਼ ਅਤੇ ਫਿਜ਼ਿਕਸ ਵਿਭਾਗ ਵੱਲੋਂ ਵਿਭਾਗੀ ਪੱਧਰ ‘ਤੇ ਨਵੇਂ ਵਿਦਿਆਰਥੀਆਂ ਲਈ ਸਟੂਡੈਂਟ ਇੰਡਕਸ਼ਨ ਕਮ ਵੈਲਕਮ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਵੱਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਤਕਨਾਲੋਜੀ ਨਾਲ ਜੁੜਨ ਅਤੇ ਨਿੱਤ ਨਵੇਂ ਹੋ ਰਹੇ ਤਕਨਾਲੋਜੀ ਵਿੱਚ ਵਿਕਾਸ ਨੂੰ ਸਿੱਖਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਾਲਜ ਹਮੇਸ਼ਾਂ ਹੀ ਆਪਣੇ ਬੁਨਿਆਦੀ ਢਾਂਚੇ ਅਤੇ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਅਜਿਹੇ ਪ੍ਰੋਗਰਾਮਾਂ ਰਾਹੀਂ ਜਾਣਕਾਰੀ ਦਿੰਦਾ ਰਹਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀ ਹਮੇਸ਼ਾ ਲਗਨ ਅਤੇ ਦ੍ਰਿੜ੍ਹ ਅਤੇ ਪੂਰਨ ਵਿਸ਼ਵਾਸ ਨਾਲ ਜੇਕਰ ਮਿਹਨਤ ਕਰਨ ਤਾਂ ਉਹ ਆਪਣੇ ਮਾਪਿਆਂ ਦੁਆਰਾ ਉਲੀਕੇ ਸੁਪਨਿਆਂ ਨੂੰ ਪੂਰਾ ਕਰਕੇ ਇੱਕ ਚੰਗਾ ਮੁਕਾਮ ਹਾਸਲ ਕਰ ਸਕਦੇ ਹਨ ।
ਇਸ ਮੌਕੇ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਦੇ ਮੁਖੀ ਡਾ. ਸੁਖਮੀਨ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਖ਼ਾਲਸਾ ਕਾਲਜ ਰੈਂਕਿੰਗ ਮੁਕਤ ਕਾਲਜ ਹੈ । ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਪ੍ਰਤੀ ਵੀ ਜਾਗਰੂਕ ਕੀਤਾ ਜਾਂਦਾ ਹੈ । ਕੰਪਿਊਟਰ ਵਿਭਾਗ ਦੇ ਕੰਪਿਊਟੋਨਿਕਸ ਕਲੱਬ ਦੀ ਕਨਵੀਨਰ ਪ੍ਰੋਫੈਸਰ ਇੰਦਰਬੀਰ ਕੌਰ ਨੇ ਸਟੇਜ ਸੰਚਾਲਨ ਕੀਤਾ ਅਤੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਲੱਬ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਿਹਾ ਹੈ। ਇਸ ਮੌਕੇ ਫਿਜ਼ਿਕਸ ਵਿਭਾਗ ਦੇ ਮੁਖੀ ਡਾ.ਅਰਵਿੰਦ ਸੱਭਰਵਾਲ ਨੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਵਜ਼ੀਫ਼ੇ ਦੇ ਆਧਾਰ ਤੇ ਉਚੇਰੀ ਪੜ੍ਹਾਈ ਕਰਨ ਦਾ ਮੌਕਾ ਪ੍ਰਾਪਤ ਕਰਨ ਵਾਲੇ ਪੁਰਾਣੇ ਵਿਦਿਆਰਥੀਆਂ ਦੀਆਂ ਉਦਾਹਰਨਾਂ ਦੇ ਕੇ ਵਿਗਿਆਨ ਵਿਸ਼ੇ ਦੇ ਪ੍ਰੈਕਟੀਕਲ ਗਿਆਨ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਕਮਿਸਟਰੀ ਵਿਭਾਗ ਦੇ ਮੁਖੀ ਡਾ. ਅੰਜੂ ਖੁੱਲਰ ਨੇ ਵਿਦਿਆਰਥੀਆਂ ਨੂੰ ਕਾਲਜ ਵਿਖੇ ਵੱਖ-ਵੱਖ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਅਤੇ ਹੋਰ ਵੱਖ-ਵੱਖ ਕਲੱਬਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਹਿਬਾਨ ਡਾ.ਸਰਬਜੀਤ ਸਿੰਘ ਭਾਟੀਆ, ਪ੍ਰੋ ਗੁਰਪਾਲ ਸਿੰਘ, ਪ੍ਰੋ.ਲਾਲ ਸਿੰਘ, ਪ੍ਰੋ.ਜਤਿੰਦਰ ਕੌਰ, ਪ੍ਰੋ.ਸਤਵੀਰ ਕੌਰ ,ਪ੍ਰੋ.ਜਸਪ੍ਰੀਤ ਸਿੰਘ, ਪ੍ਰੋ. ਪਰਮਜੀਤ ਸਿੰਘ ,ਪ੍ਰੋ.ਕਮਲਪ੍ਰੀਤ ਸਿੰਘ ,ਪ੍ਰੋ.ਗੁਰਦੀਪ ਕੌਰ ,ਡਾ. ਸਤਿੰਦਰ ਕੌਰ, ਪ੍ਰੋ .ਸੁਨੈਨਾ, ਪ੍ਰੋ.ਜਸਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

