ਸਮਾਜ ‘ਚ ਔਰਤਾਂ 70 ਫੀਸਦੀ ਹਿੰਸਾ ਦਾ ਸ਼ਿਕਾਰ : ਡਾ. ਹਰਸ਼ਿੰਦਰ ਕੌਰ
ਹਿਊਮਨ ਰਾਈਟਜ਼ ਓਰਗਨਾਈਜੇਸ਼ਨ ਨੇ ਇਨਫਿਡ ਦੇ ਸਹਿਯੋਗ ਨਾਲ ਵੂਮੈਨ-ਡੇ ਮਨਾਇਆ
ਪਟਿਆਲਾ 3 ਮਾਰਚ (ਕੰਵਰ ਬੇਦੀ) ਹਿਊਮਨ ਰਾਈਟਜ਼ ਓਰਗਨਾਈਜੇਸ਼ਨ ਵੱਲੋਂ ਇਨਫਿਡ ਦੇ ਸਹਿਯੋਗ ਨਾਲ ਵੂਮੈਨ-ਡੇ ਮਨਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਹਰਸ਼ਿੰਦਰ ਕੌਰ ਨੇ ਸ਼ਿਰਕਤ ਕੀਤੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਹਰਸ਼ਿੰਦਰ ਕੌਰ ਨੇ ਸਮਾਜ ‘ਚ ਔਰਤ ਦੀ ਦਸ਼ਾ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਅੱਜ ਵੀ ਸਮਾਜ ‘ਚ ਔਰਤਾਂ 70 ਫੀਸਦੀ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਯੂਐਨਓ ਰਿਪੋਰਟ ‘ਚ ਇਹ ਗੱਲ ਸਾਹਮਣੀ ਆਈ ਹੈ ਕਿ ਔਰਤਾਂ ਦੀ ਤਸਕਰੀ ਤੱਕ ਹੋ ਰਹੀ ਹੈ, ਜਿਸ ਦੀ ਰੋਕਥਾਮ ਲਈ ਸਾਨੂੰ ਹੋਰ ਵੀ ਵਧੇਰੇ ਜਾਗਰੂਕ ਹੋਣ ਦੇ ਨਾਲ-ਨਾਲ ਸੁਚਾਰੂ ਕਦਮ ਚੁੱਕਣੇ ਹੋਣਗੇ ਕਿਉਂਕਿ ਚੰਗੇ ਸਮਾਜ ਦੀ ਸਿਰਜਣਾ ‘ਚ ਔਰਤ ਦੀ ਵਿਸ਼ੇਸ਼ ਭੂਮਿਕਾ ਰਹੀ। ਉਨ੍ਹਾਂ ਕਿਹਾ ਕਿ ਸਮਾਜ ‘ਚ ਔਰਤਾਂ ਦੀ ਇੱਜ਼ਤ, ਭਰੂਣ ਹੱਤਿਆ ਦੀ ਰੋਕਥਾਮ, ਦਹੇਜ ਪ੍ਰਥਾ ਅਜਿਹੇ ਨਾਜ਼ੁਕ ਪਹਿਲੂ ਹਨ, ਜਿਨ੍ਹਾਂ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਅੱਜ ਦੇ ਤੇਜ਼ ਰਫਤਾਰ ਯੁੱਗ ‘ਚ ਔਰਤਾਂ ਅੱਗੇ ਆ ਕੇ ਅਹਿਮ ਭੂਮਿਕਾ ਨਿਭਾ ਤਾਂ ਰਹੀਆਂ ਹਨ, ਪ੍ਰੰਤੂ ਅਜੇ ਵੀ ਔਰਤ ਨੂੰ ਦਲੇਰੀ ਨਾਲ ਜਿਊਣ ਦਾ ਹੱਕ ਨਹੀਂ ਮਿਲਿਆ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਸੰਕਲਪ ਕਰਨ ਕੇ ਜ਼ਿੰਦਗੀ ਦੇ ਕਿਸੇ ਵੀ ਪੜਾਅ ‘ਚ ਹਰ ਮੁਸ਼ਕਲ ਦਾ ਸਾਹਮਣਾ ਡਟ ਕੇ ਕਰਨਗੀਆਂ। ਉਨ੍ਹਾਂ ਦਾਜ ਦੀ ਰੋਕਥਾਮ, ਭਰੂਣ ਹੱਤਿਆ ਦੇ ਖਾਤਮੇ ਤੋਂ ਇਲਾਵਾ ਸਮਾਜ ‘ਚ ਆਪਣੇ ਰੁਤਬੇ ਦੀ ਬਹਾਲੀ ਲਈ ਅਹਿਮ ਰੋਲ ਅਦਾ ਕਰਨਗੀਆਂ।
ਇਸ ਮੌਕੇ ਹਿਊਮਨ ਰਾਈਟਜ਼ ਓਰਗਨਾਈਜੇਸ਼ਨ ਵੱਲੋਂ ਸ਼ਾਇਨਾ ਕਪੂਰ ਚਾਈਲਡ ਪ੍ਰੋਟੈਕਸ਼ਨ ਅਫਸਰ, ਸਮਾਜ ਸੇਵੀ ਨੈਨਸੀ ਘੁੰਮਣ, ਪਰਮਿੰਦਰ ਕੌਰ ਨੂੰ ਉਚੇਚੇ ਤੌਰ ‘ਤੇ ਸਨਮਾਨਤ ਕੀਤਾ। ਇਹ ਸਮਾਗਮ ਆਈਐਨਐਫਡੀ ਦੇ ਸਹਿਯੋਗ ਨਾਲ ਕੀਤਾ ਗਿਆ।
ਇਸ ਦੌਰਾਨ ਸੰਸਥਾ ਦੇ ਲੀਗਲ ਅਡਵਾਈਜ਼ਰ ਮੋਨਿਕਾ ਕਥੂਰੀਆ, ਜਨਰਲ ਸਕੱਤਰ ਗੁਰ੍ਰਪ੍ਰੀਤ ਕੌਰ, ਡਾ. ਗੁਰਪਾਲ ਸਿੰਘ, ਹਰਪ੍ਰੀਤ ਕੌਰ, ਰੂਚਿਕਾ ਆਦਿ ਨੇ ਪ੍ਰੋਗਰਾਮ ਦੀ ਸਫਲਤਾ ਲਈ ਅਹਿਮ ਅਹਿਮ ਰੋਲ ਅਦਾ ਕੀਤਾ।

