ਪਟਿਆਲਾ

ਸਫ਼ਲ ਭਵਿੱਖ ਲਈ ਟੀਚਾ ਨਿਧਾਰਤ ਕਰਨਾ ਬਹੁਤ ਜ਼ਰੂਰੀ : ਰਾਕੇਸ਼ ਸ਼ਰਮਾ

ਨਹਿਰੂ ਯੁਵਾ ਕੇਂਦਰ ਵਲੋਂ ਟ੍ਰੇਨਿੰਗ ‘ਚ ਹਿੱਸਾ ਲੈਣ ਵਾਲੇ ਮੁੰਡੇ-ਕੁੜੀਆਂ ਨੂੰ ਸਰਟੀਫਿਕੇਟ ਵੰਡੇ
ਪਟਿਆਲਾ, 5 ਮਾਰਚ (ਕੰਵਰ ਬੇਦੀ)
‘ਯੂਥ ਲੀਡਰਸ਼ਿਪ ਕਮਿਊਨਿਟੀ ਡਿਵੈਲਮੈਂਟ’ ਵਿਸ਼ੇ ‘ਤੇ ਨਹਿਰੂ ਯੁਵਾ ਕੇਂਦਰ ਪਟਿਆਲਾ ਵਲੋਂ ਆਯੋਜਿਤ ਪੰਜ ਰੋਜ਼ਾ ਟਰੇਨਿੰਗ ਕੈਂਪ ਦੇ ਅੱਜ ਆਖਰੀ ਦਿਨ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਸ੍ਰੀ ਰਾਕੇਸ਼ ਕੁਮਾਰ ਸ਼ਰਮਾ, ਪੀ. ਪੀ. ਐਸ. ਵਾਇਸ ਪ੍ਰਿੰਸੀਪਲ ਪੰਜਾਬ ਜੇਲ੍ਹ ਟਰੇਨਿੰਗ ਸਕੂਲ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਵਲੋਂ ਟਰੇਨਿੰਗ ਵਿਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਵੰਡੇ ਗਏ। ਸ੍ਰੀ ਪਵਨ ਗੋਇਲ ਰਿਟਾ. ਚੀਫ ਮੈਨੇਜਰ ਲੀਡ ਬੈਂਕ, ਉਘੇ ਸਮਾਜ ਸੇਵੀ ਕਾਕਾ ਰਾਮ ਵਰਮਾ ਤੇ ਪ੍ਰਦੀਪ ਕੁਮਾਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਮਨੀਸ਼ ਮਿੱਤਲ ਵਲੋਂ ਮੁੱਖ ਮਹਿਮਾਨ, ਵਲੰਟੀਅਰਜ਼ ਤੇ ਹੋਰ ਸਖਸ਼ੀਅਤਾਂ ਦਾ ਸਵਾਗਤ ਕੀਤਾ। ਇਸ ਮੌਕੇ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਵਲੋਂ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਬਹੁਤ ਵਧੀਆ ਉਪਰਾਲਾ ਹੈ। ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਹੀ ਨਹੀਂ, ਬਲਕਿ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਕਰਨ ਦਾ ਵੀ ਯਤਨ ਹੈ। ਅਜਿਹੇ ਕੈਂਪਾਂ ਨਾਲ ਨੌਜਵਾਨਾਂ ਵਿਚ ਜਾਗਰੂਕਤਾ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਲਈ ਇਹ ਤੈਅ ਕਰਨਾ ਜ਼ਰੂਰੀ ਹੈ ਕਿ ਭਵਿੱਖ ‘ਚ ਕੀ ਕਰਨਾ ਹੈ। ਇਸ ਪ੍ਰਤੀ ਇਨ੍ਹਾਂ ਨੂੰ ਚੰਗੀ ਤਰ੍ਹਾਂ ਗਾਈਡ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਨੌਜਵਾਨ ਆਪਣਾ ਭਵਿੱਖ ਸਵਾਰ ਸਕਣ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਏਮ (ਟੀਚਾ) ਬਣਾਉਣਾ ਬਹੁਤ ਜ਼ਰੂਰੀ ਹੈ ਤੇ ਜੇਕਰ ਤੁਸੀਂ ਜ਼ਿੰਦਗੀ ਵਿਚ ਟੀਚਾ ਨਹੀਂ ਮਿਥੋਗੇ ਤਾਂ ਕਾਮਯਾਬ ਨਹੀਂ ਹੋਵੋਗੇ। ਸ੍ਰੀ ਸ਼ਰਮਾ ਨੇ ਕਿਹਾ ਕਿ ਜ਼ਿੰਦਗੀ ਵਿਚ ਚੈਲੰਜ ਨੂੰ ਸਵੀਕਾਰ ਕਰੋ। ਉਨ੍ਹਾਂ ਕਿਹਾ ਕਿ ਪੜ੍ਹਾਈ ਕਰਨ ਮਗਰੋਂ ਜਾਂ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਜੀਵਨ ਦੇ ਕੇਰੀਅਰ ਬਾਰੇ ਜ਼ਰੂਰ ਤੈਅ ਕਰਨਾ ਚਾਹੀਦਾ ਹੈ ਤੇ ਜੀਵਨ ‘ਚ ਸਫਲ ਹੋਣ ਲਈ ਕੋਚਿੰਗ ਲੈਣੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਯੂਥ ਨੂੰ ਅਪੀਲ ਕੀਤੀ ਕਿ ਪੜ੍ਹਨ ਦੀ ਆਦਤ ਪਾਓ, ਜਿਸ ਨਾਲ ਗਿਆਨ ਦਾ ਘੇਰਾ ਵਿਸ਼ਾਲ ਹੁੰਦਾ ਹੈ। ਇਥੇ ਜ਼ਿਕਰਯੋਗ ਹੈ ਕਿ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਨੂੰ ਰਾਸ਼ਟਰਪਤੀ ਐਵਾਰਡ ਦਾ ਸਨਮਾਨ ਮਿੱਲ ਚੁੱਕਾ ਹੈ।
ਰਾਕੇਸ਼ ਸ਼ਰਮਾ ਨੇ ਅੱਗੇ ਕਿਹਾ ਕਿ ਪਾਰਦਰਸ਼ਤਾ ਲਈ ਆਰ. ਟੀ. ਆਈ. ਐਕਟ ਬਹੁਤ ਵਧੀਆ ਹੈ, ਜਿਸ ਦੀ ਵਰਤੋਂ ਲੋਕ ਹਿੱਤ ਤੇ ਚੰਗੇ ਸੋਚ ਨਾਲ ਕਰੋ। ਆਰ. ਟੀ. ਆਈ. ਐਕਟ ਦੀ ਵਰਤੋਂ ਕਿਸੇ ਨੂੰ ਪ੍ਰੇਸ਼ਾਨ ਕਰਨ, ਕਿੜ ਕੱਢਣ ਜਾਂ ਦੁਰਵਰਤੋਂ ਕਰਨ ਲਈ ਕਦੇ ਵੀ ਨਾ ਕਰੋ। ਉਨ੍ਹਾਂ ਕਿਹਾ ਕਿ ਜਿਥੇ ਤੁਹਾਨੂੰ ਲਗਦਾ ਹੈ ਕਿ ਵਿਕਾਸ ‘ਚ ਲੱਗਣ ਵਾਲਾ ਪੈਸੇ ਦਾ ਸਹੀ ਇਸਤੇਮਾਲ ਨਹੀਂ ਹੋਇਆ ਤਾਂ ਇਸ ਦੀ ਸੂਚਨਾ ਲੈਣ ਲਈ ਆਰ. ਟੀ. ਆਈ. ਬਹੁਤ ਵਧੀਆ ਹੈ।
ਇਸ ਮਗਰੋਂ ਸ੍ਰੀ ਪਵਨ ਗੋਇਲ ਵਲੋਂ ਸਮਾਜ ਵਿਚਲੀਆਂ ਬੁਰਾਈਆਂ ਤੋਂ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਮੁੰਡੇ-ਕੁੜੀਆਂ ਤੋਂ ਇਲਾਵਾ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ੍ਰੀ ਮਨੀਸ਼ ਮਿੱਤਲ, ਸ੍ਰੀਮਤੀ ਅਮਰਜੀਤ ਕੌਰ ਲੇਖਾਕਾਰ, ਮਨਪ੍ਰੀਤ ਕੌਰ ਧਰਮਗੜ੍ਹ, ਇੰਦਰਪ੍ਰੀਤ ਸਿੰਘ, ਜਗਰੂਪ ਸਿੰਘ, ਸੁਖਵਿੰਦਰ ਕੌਰ ਤੇ ਅਮਨਦੀਪ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *