ਪ੍ਰੋ. ਬਡੂੰਗਰ ਵੱਲੋਂ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੀ ਲਾਇਬ੍ਰੇਰੀ ਲਈ ਪੁਸਤਕਾਂ ਭੇਂਟ
ਲਾਇਬ੍ਰੇਰੀ ਸੱਭਿਆਚਾਰ ਨੂੰ ਅਪਣਾਉਣਾ ਸਮੇਂ ਦੀ ਵੱਡੀ ਲੋੜ : ਪ੍ਰੋ. ਬਡੂੰਗਰ
ਪਟਿਆਲਾ 26 ਫਰਵਰੀ ()
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਅੱਜ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਦੀ ਅਕਾਲੀ ਕੌਰ ਸਿੰਘ ਜੀ ਲਾਇਬ੍ਰੇਰੀ ‘ਚ ਰੱਖਣ ਲਈ 100 ਦੇ ਕਰੀਬ ਧਾਰਮਿਕ ਅਤੇ ਸਾਹਿਤਕ ਪੁਸਤਕਾਂ ਭੇਂਟ ਕੀਤੀਆਂ ਗਈਆਂ। ਦੱਸਣਯੋਗ ਹੈ ਕਿ ਸਾਬਕਾ ਸ਼੍ਰੋਮਣੀ ਪ੍ਰਧਾਨ ਪ੍ਰੋ. ਬਡੂੰਗਰ ਵੱਲੋਂ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਲਈ ਹੁਣ ਤੱਕ 600 ਦੇ ਕਰੀਬ ਪੁਸਤਕਾਂ ਭੇਟ ਕੀਤੀਆਂ ਜਾ ਚੁੱਕੀਆਂ ਹਨ।
ਅੱਜ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੀ ਅਕਾਲੀ ਕੌਰ ਜੀ ਲਾਇਬ੍ਰੇਰੀ ਲਈ ਪ੍ਰੋ. ਬਡੂੰਗਰ ਵੱਲੋਂ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਨਾਭਾ ਨੂੰ 100 ਦੀ ਕਰੀਬ ਪੁਸਤਕਾਂ ਸੌਂਪੀਆਂ ਗਈਆਂ। ਪੁਸਤਕਾਂ ਲਾਇਬ੍ਰੇਰੀ ‘ਚ ਰੱਖੇ ਜਾਣ ਮੌਕੇ ਪ੍ਰੋ. ਬਡੂੰਗਰ ਨੇ ਕਿਹਾ ਕਿ ਪੁਸਤਕਾਂ ਗਿਆਨ ਦਾ ਸੋਮਾ ਹੁੰਦੀਆਂ ਹਨ, ਜਿਨ੍ਹਾਂ ਰਾਹੀਂ ਗਿਆਨ ਹਾਸਲ ਕਰਕੇ ਹਰ ਵਿਅਕਤੀ ਆਪਣੇ ਭਵਿੱਖ ਨੂੰ ਰੁਸ਼ਨਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦਵਾਨਾਂ, ਬੁੱਧਜੀਵੀਆਂ ਵੱਲੋਂ ਪੁਸਤਕਾਂ ਰਾਹੀਂ ਦਿੱਤਾ ਗਿਆਨ ਹਮੇਸ਼ਾ ਮਾਰਗ ਦਰਸ਼ਨ ਕਰਦਾ ਹੈ। ਉਨ੍ਹਾਂ ਕਿਹਾ ਕਿ ਪੁਸਤਕਾਂ ਵਿਚਲਾ ਇਕ ਇਕ ਸ਼ਬਦ ਜੀਵਨ ਦੀ ਕਾਇਆ ਕਲਪ ਕਰ ਦਿੰਦਾ ਹੈ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਆਧੁਨਿਕ ਦੌਰ ‘ਚ ਪੁਸਤਕ ਸੱਭਿਆਚਾਰ ਵਿਕਸਤ ਨਹੀਂ ਹੋ ਸਕਿਆ। ਉਨ੍ਹਾਂ ਅਪੀਲ ਕਰਦਿਆਂ ਕਿ ਲਾਇਬ੍ਰੇਰੀ ਸੱਭਿਆਚਾਰ ਨੂੰ ਬਚਾਉਣਾ ਅਤੇ ਅਪਣਾਉਣਾ ਸਮੇਂ ਦੀ ਲੋੜ ਹੈ।
ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਸੁਖਵਿੰਦਰ ਸਿੰਘ, ਅਮਰਪਾਲ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ, ਸਿਮਰਨਜੋਤ ਸਿੰਘ ਅਤੇ ਜਸਪਾਲ ਕੌਰ ਆਦਿ ਹਾਜ਼ਰ ਸਨ।

