ਪੰਜਾਬ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਕਾਦਮਿਕ ਪ੍ਰਬੰਧਨ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 7 ਮਾਰਚ (ਮਧੂਸਾਰ ਬਿਊਰੋ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ. ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ ਵੱਲੋਂ ਅਕਾਦਮਿਕ ਪ੍ਰਬੰਧਨ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਆਯੋਜਨ ਯੂਨੀਵਰਸਿਟੀ ਦੇ ਇੰਟਰਨਲ ਕੁਆਲਟੀ ਐਸ਼ੂਰੈਂਸ ਸੈੱਲ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਅਧਿਆਪਨ ਵਿਭਾਗਾਂ ਦੇ ੩੩ ਮੁਖੀਆਂ ਨੇ ਭਾਗ ਲਿਆ।

ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਐਨ.ਐਸ. ਤੁੰਗ ਨੇ ਕੀਤੀ। ਇੰਟਰਨਲ ਕੁਆਲਟੀ ਐਸ਼ੂਰੈਂਸ ਸੈੱਲ ਦੇ ਡਾਇਰੈਕਟਰ, ਪ੍ਰੋ. ਐਨ.ਐਸ. ਸੋਢੀ, ਵਰਕਸ਼ਾਪ ਕੋਆਰਡੀਨੇਟਰ ਨੇ ਵਰਕਸ਼ਾਪ ਅਤੇ ਕੇਂਦਰ ਬਾਰੇ ਜਾਣਕਾਰੀ ਦਿੱਤੀ।ਯੂ.ਜੀ.ਸੀ. ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ ਦੇ ਡਾਇਰੈਕਟਰ, ਪ੍ਰੋ. ਅਮਰਜੀਤ ਸਿੰਘ ਸਿੱਧੂ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਇਸ ਤੋਂ ਜ਼ਰੂਰ ਲਾਹਾ ਪ੍ਰਾਪਤ ਕਰਨਗੇ।
ਇਸ ਮੌਕੇ ਪ੍ਰੋ. ਤੁੰਗ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪ ਸਾਡੇ ਲਈ ਬਹੁਤ ਲਾਹੇਵੰਦ ਹੁੰਦੀਆਂ ਹਨ ਜਿਸ ਕਰਕੇ ਸਾਨੂੰ ਯੂਨੀਵਰਸਿਟੀ ਨਿਯਮਾਂ ਅਤੇ ਪ੍ਰਬੰਧਨ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਹੁੰਦੀ ਹੈ। ਯੂਨੀਵਰਸਿਟੀ ਪ੍ਰਬੰਧਨ ਦੇ ਇਤਿਹਾਸ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਯੂਨੀਵਰਸਿਟੀ ਪ੍ਰਬੰਧ ਵਿਚ ਬਹੁਤ ਸਾਰੀਆਂ ਕ੍ਰਾਂਤੀਕਾਰੀ ਤਬਦੀਲੀਆਂ ਹਨ ਅਤੇ ਯੂਨੀਵਰਸਿਟੀ ਨੇ ਵਿਕਾਸ ਨੂੰ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ। ਉਨਾਂ੍ਹ ਪਾਲਿਸੀ ਨਿਰਧਾਰਨ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਯੂਨੀਵਰਸਿਟੀ ਕੈਲੰਡਰ ਨੂੰ ਆਧਾਰ ਰੱਖਦੇ ਹੋਏ ਫੈਸਲੇ ਲੈਣੇ ਚਾਹੀਦੇ ਹਨ। ਯੂਨੀਵਰਸਿਟੀ ਦੇ ਵੱਖ-ਵੱਖ ਅਕਾਦਮਿਕ ਅਦਾਰਿਆਂ ਨੂੰ ਮਿਲ ਜੁਲ ਕੇ ਕਾਰਜ ਕਰਨਾ ਚਾਹੀਦਾ ਹੈ ਤਾਂ ਜੋ ਯੂਨੀਵਰਸਿਟੀ ਹੋਰ ਵਿਕਾਸ ਕਰ ਸਕੇ। ਉਨ੍ਹਾਂ ਕਿਹਾ ਕਿ ਬਦਲ ਰਹੇ ਸਮਾਜ ਨੂੰ ਮੱਦੇਨਜ਼ਰ ਰੱਖਦਿਆਂ ਸਮੇਂ-ਸਮੇਂ ਪਾਠਕ੍ਰਮ ਵਿਚ ਤਬਦੀਲੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿਚ ਅਧਿਆਪਕਾਂ ਨੂੰ ਆਪਣੇ ਗਿਆਨ ਦੇ ਘੇਰਿਆਂ ਨੂੰ ਵਿਸ਼ਾਲ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਯੂ.ਜੀ.ਸੀ. ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ ਅਤੇ ਇੰਟਰਨਲ ਕੁਆਲਟੀ ਐਸ਼ੂਰੈਂਸ ਸੈੱਲ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ।
ਅੱਜ ਹੋਏ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਡਾਇਰੈਕਟਰ ਖੋਜ, ਪ੍ਰੋ. ਟੀ.ਐਸ. ਬੇਨੀਪਾਲ ਨੇ ਕੀਤੀ। ਉਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਸੁਚਾਰੂ ਪ੍ਰਬੰਧਨ ਲਈ ਯੂਨੀਵਰਸਿਟੀ ਪਰਿਵਾਰ ਦੇ ਹਰ ਮੈਂਬਰ ਦਾ ਬਰਾਬਰ ਯੋਗਦਾਨ ਅਤੇ ਸਹਿਯੋਗ ਹੋਣਾ ਜਰੂਰੀ ਹੈ।

Leave a Reply

Your email address will not be published. Required fields are marked *