ਸ੍ਰੀ ਅਖੰਡ ਪਾਠ ਸਾਹਿਬ ਨਾ ਕਰਵਾਉਣ ਦਾ ਮਾਮਲਾ : ਪ੍ਰਿੰਸੀਪਲ ਨੇ ਮੁਆਫੀਨਾਮਾ ਬੰਦ ਲਿਫਾਫੇ ‘ਚ ਜਾਂਚ ਕਮੇਟੀ ਨੂੰ ਸੌਂਪਿਆ
ਮਾਮਲੇ ਦੀ ਜਾਂਚ ਲਈ ਗਠਿਤ ਕਮੇਟੀ ਬਿਕਰਮ ਕਾਲਜ ਪੁੱਜੀ
ਪਟਿਆਲਾ 18 ਮਾਰਚ (ਕੰਵਰ ਬੇਦੀ)
ਬਿਕਰਮ ਕਾਲਜ ਪ੍ਰਬੰਧਕਾਂ ਵੱਲੋਂ ਕਾਲਜ ‘ਚ ਸ੍ਰੀ ਅਖੰਡ ਪਾਠ ਸਾਹਿਬ ਨਾ ਕਰਵਾਉਣ ਨੂੰ ਲੈ ਕੇ ਵਿਦਿਆਰਥੀਆਂ ਅਤੇ ਪ੍ਰਿੰਸੀਪਲ ‘ਚ ਤਕਰਾਰ ਹੋਰ ਵਧ ਗਿਆ ਸੀ, ਕਿਉਂਕਿ ਵਿਦਿਆਰਥੀਆਂ ਨੇ ਪ੍ਰਿੰਸੀਪਲ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਨੂੰ ਲੈ ਕੇ ਅਪਮਾਨਜਨਕ ਸ਼ਬਦਾਂਵਾਲੀ ਵਾਲੀ ਵੀਡੀਓ ਵਾਇਰਲ ਕਰਕੇ ਇਹ ਸਾਰੇ ਮਾਮਲੇ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕਰ ਦਿੱਤੀ।
ਇਸ ਮਾਮਲਾ ਦਾ ਸੰਜੀਦਗੀ ਨਾਲ ਹੱਲ ਕੱਢਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਾਂਚ ਕਮੇਟੀ ਮਾਮਲੇ ਦੀ ਜਾਂਚ ਲਈ ਅੱਜ ਸਰਕਾਰੀ ਬਿਕਰਮ ਕਾਲਜ ਵਿਖੇ ਪੁੱਜੀ। ਜਾਂਚ ਕਮੇਟੀ ‘ਚ ਧਰਮ ਪ੍ਰਚਾਰ ਕਮੇਟੀ ਵੱਲੋਂ ਬਲਦੇਵ ਸਿੰਘ ਪ੍ਰਚਾਰਕ, ਸੁਖਬੀਰ ਸਿੰਘ ਅਤੇ ਲਖਵਿੰਦਰ ਸਿੰਘ ਅਜਰੌਰ, ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਭਾਈ ਪ੍ਰਣਾਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਅਤੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਾਲਜ ਪ੍ਰਿੰਸੀਪਲ ਹਰਮਿੰਦਰ ਕੌਰ ਨਾਲ ਮੁਲਾਕਾਤ ਕਰਕੇ ਦੋਵਾਂ ਧਿਰਾਂ ਦੀ ਰਾਏ ਸਹਿਮਤੀ ਲੈ ਕੇ ਮਾਮਲੇ ਦੇ ਹੱਲ ਕਰਨ ਨੂੰ ਤਰਜੀਹ ਦਿੱਤੀ।
ਇਸ ਮੌਕੇ ਕਾਲਜ ਪ੍ਰਿੰਸੀਪਲ ਹਰਮਿੰਦਰ ਕੋਰ ਨੇ ਜਾਂਚ ਕਮੇਟੀ ਅੱਗੇ ਆਪਣਾ ਪੱਖ ਰੱਖਦਿਆਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਪੂਰੀ ਸ਼ਰਧਾ ਤੇ ਸਤਿਕਾਰ ਰੱਖਦੀ ਹਾਂ, ਪ੍ਰੰਤੂ ਵਿਦਿਆਰਥੀਆਂ ਨੇ ਜਾਣ ਬੁੱਝ ਕੇ ਇਕ ਆਡਿਟ ਵੀਡੀਓ ਵਾਇਰਲ ਕਰਕੇ ਕਾਲਜ ਮੈਨੇਜਮੈਂਟ ਤੇ ਮੈਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਲਜ ‘ਚ ਵਿਦਿਅਕ ਸੈਸ਼ਨ ‘ਚ ਚੱਲਣ ਕਾਰਨ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਆਗਿਆ ਨਹੀਂ ਸੀ ਦਿੱਤੀ ਜਾ ਰਹੀ ਕਿਉਂਕਿ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਮੂੰਹੋਂ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਜੋ ਸ਼ਬਦਾਂਵਲੀ ਦੀ ਵਰਤੋਂ ਕੀਤੀ ਹੈ ਅਜਿਹਾ ਸਾਰਾ ਕੁਝ ਹੋਣਾ ਮੇਰੀ ਮਨਸ਼ਾ ਨਹੀਂ ਸੀ ਅਤੇ ਵਾਰ-ਵਾਰ ਵਿਦਿਆਰਥੀਆਂ ਵੱਲੋਂ ਮੇਰੇ ‘ਦੇ ਦਬਾਅ ਪੈਣ ਜਾਣ ਕਾਰਨ ਇਹ ਸਾਰਾ ਕੁਝ ਵਾਪਰਿਆ ਹੈ, ਜਿਸ ਲਈ ਮੈਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਭੁਲ ਬਖਾਉਣ ਲਈ ਤਿਆਰ ਹਾਂ ਅਤੇ ਮੁਆਫੀ ਵੀ ਮੰਗਦੀ ਹਾਂ।
ਜਾਂਚ ਕਮੇਟੀ ਨੇ ਕਾਲਜ ਪ੍ਰਿੰਸੀਪਲ ਤੇ ਸਟਾਫ ਤੋਂ ਮਾਮਲੇ ਦਾ ਪੱਖ ਹਾਸਲ ਕਰਨ ਤੋਂ ਬਾਅਦ ਕਿਹਾ ਜੇ ਪ੍ਰਿੰਸੀਪਲ ਆਪਣੀ ਗਲਤੀ ਲਿਖਤੀ ਰੂਪ ‘ਚ ਦੇਣ ਤਾਂ ਦੋਵਾਂ ਧਿਰਾਂ ‘ਚ ਸੁਲਾਹ ਵਾਲੇ ਪਾਸੇ ਪਹਿਲਕਦਮੀ ਕੀਤੀ ਜਾ ਸਕਦੀ ਹੈ। ਮਾਮਲੇ ਦੇ ਹੱਲ ਲਈ ਜਾਂਚ ਕਮੇਟੀ ਨੇ ਵਿਦਿਆਰਥੀਆਂ ਅਤੇ ਪ੍ਰਿੰਸੀਪਲ ਦਰਮਿਆਨ ਸਮਝੌਤਾ ਰਿਪੋਰਟ ਬਣਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਭੇਜਣ ਲਈ ਬੰਦ ਲਿਫਾਫਾ ਪ੍ਰਾਪਤ ਕੀਤਾ। ਜਾਂਚ ਕਮੇਟੀ ਨੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦੌਰਾਨ ਕਰਵਾਏ ਸਮਝੌਤੇ ਨੂੰ ਗੁਪਤ ਰੱਖਿਆ ਅਤੇ ਕੁਝ ਵੀ ਦੱਸਣ ਤੋ ਇਨਕਾਰ ਕਰ ਦਿੱਤਾ। ਜਾਂਚ ਕਮੇਟੀ ਦਾ ਕਹਿਣਾ ਸੀ ਕਿ ਅਸੀਂ ਤਾਂ ਜਾਂਚ ਰਿਪੋਰਟ ਬਣਾ ਕੇ ਭੇਜਣੀ ਹੈ ਅਤੇ ਮਾਮਲੇ ਦਾ ਸੰਜੀਦਗੀ ਨਾਲ ਹੱਲ ਕੱਢਣ ਲਈ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪੀ ਜਾਵੇਗੀ, ਜਿਨ੍ਹਾਂ ਵੱਲੋਂ ਜਾਂਚ ਰਿਪੋਰਟ ਮਾਮਲੇ ‘ਤੇ ਅੰਤਿਮ ਫੈਸਲਾ ਦਿੱਤਾ ਜਾਣਾ ਹੈ।
ਡੱਬੀ
ਬਿਕਰਮ ਕਾਲਜ ‘ਚ ਵਿਦਿਆਰਥੀਆਂ ਅਤੇ ਪ੍ਰਿੰਸੀਪਲ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਨੂੰ ਲੈ ਕੇ ਤਕਰਾਰ ਹੋਇਆ, ਜਿਸ ਕਾਰਨ ਵਿਦਿਆਰਥੀਆਂ ਨੇ ਧਰਨਾ ਲਗਾ ਕੇ ਸਕੂਲ ਪ੍ਰਬੰਧਕਾਂ ਖਿਲਾਫ਼ ਨਾਅਰੇਬੀ ਕੀਤੀ ਸੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਕਾਲਜ ‘ਚ ਸ੍ਰੀ ਆਖੰਡ ਪਾਠ ਸਾਹਿਬ ਕਰਵਾਉਣ ਦੀ ਆਗਿਆ ਨਾ ਦਿੱਤੀ ਅਤੇ ਪ੍ਰਿੰਸੀਪਲ ਨੇ ਇਕ ਟੁਕ ਜਵਾਬ ‘ਚ ਸ੍ਰੀ ਅਖੰਡ ਸਾਹਿਬ ਬਾਰੇ ਮਾੜੀ ਭੱਦੀ ਸ਼ਬਦਾਂਵਲੀ ਦੀ ਵਰਤੋਂ ਕਰਦਿਆਂ ਵਿਦਿਆਰਥੀਆਂ ਨੂੰ ਸੜਕ ‘ਤੇ ਸ੍ਰੀ ਅਖੰਡ ਪਾਠ ਕਰਵਾਉਣ ਲਈ ਆਖ ਦਿੱਤਾ ਸੀ, ਜਿਸ ਕਾਰਨ ਵਿਦਿਆਰਥੀਆਂ ਨੇ ਸਾਰਾ ਮਾਮਲਾ ਸ਼ਿਕਾਇਤ ਦੇ ਰੂਪ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਧਿਆਨ ‘ਚ ਲਿਆਂਦਾ ਅਤੇ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਭੇਜੀ ਸੀ।

