ਤ੍ਰਿਵੇਦਰਾ ਸਿੰਘ ਰਾਵਤ ਹੋਣਗੇ ਉਤਰਾਖੰਡ ਦੇ ਮੁੱਖ ਮੰਤਰੀ
ਨਵੀਂ ਦਿੱਲੀ 17 ਮਾਰਚ (ਏਜੰਸੀਆਂ) ਉਤਰਾਖੰਡ ‘ਚ ਤ੍ਰਿਵੇਦਰਾ ਸਿੰਘ ਰਾਵਤ ਨੂੰ ਮੁੱਖ ਮੰਤਰੀ ਅਹੁਦੇ ਦੇ ਲਈ ਚੁਣ ਲਿਆ ਗਿਆ ਹੈ। ਭਾਜਪਾ ਦੀ ਹੋਈ ਪ੍ਰਚੰਡ ਜਿੱਤ ਤੋਂ ਬਾਅਦ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ ਵਿਚ ਉਨ੍ਹਾਂ ‘ਦੇ ਨਾਮ ‘ਤੇ ਮੋਹਰ ਲਗਾ ਦਿੱਤੀ ਗਈ ਹੈ।
ਹਾਲਾਂਕਿ ਮੁੱਖ ਮੰਤਰੀ ਦੇ ਦੌੜ ਵਿਚ ਸੱਤਪਾਲ ਮਹਾਰਾਜ ਵੀ ਸਨ, ਪ੍ਰੰਤੂ ਆਖਰੀ ਦੌਰ ‘ਚ ਵਿਧਾਇਕ ਦਲ ਦੀ ਬੈਠਕ ਨੇ ਤ੍ਰਿਵੇਂਦਰ ਸਿੰਘ ਦੇ ਨਾਮ ‘ਤੇ ਮੋਹਰ ਲਗਾ ਦਿੱਤੀ। ਰਾਵਤ ਦੇ ਨਾਮ ਦਾ ਪ੍ਰਸਤਾਵ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਰਹੇ ਪ੍ਰਕਾਸ਼ ਪੰਤ ਅਤੇ ਸਤਪਾਲ ਮਹਾਰਾਜ ਨੇ ਰੱਖਿਆ, ਜਿਸ ਦਾ ਸਮਰਥਨ ਸਾਰੇ ਵਿਧਾਇਕਾਂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਰਾਵਤ ਦੀ ਅਗਵਾਈ ‘ਚ ਹੁਣ ਰਾਜਪਾਲ ਡਾ. ਕ੍ਰਿਸ਼ਨਕਾਂਤ ਪਾਲ ਦੇ ਕੋਲ ਜਾਏਗੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ।
ਉਤਰਾਖੰਡ ਮਾਮਲਿਆਂ ਦੇ ਪਾਰਟੀ ਪ੍ਰਭਾਰੀ ਸ਼ਿਆਮ ਜਾਜੂ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਸ਼ਨੀਵਾਰ ਨੂੰ ਸ਼ਾਮ ਪਰੇਡ ਗਰਾਊਂਡ ਵਿਚ ਹੋਵੇਗਾ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੋਂ ਇਲਾਵਾ ਕੇਂਦਰੀ ਮੰਤਰੀ ਹਿੱਸਾ ਲੈਣ ਦੀ ਉਮੀਦ ਹੈ।
ਮੁੱਖ ਮੰਤਰੀ ਵਜੋਂ ਨਾਮ ਸਾਹਮਣੇ ਆਉਣ ਤੋਂ ਬਾਅਦ ਰਾਵਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਅਮਿਤ ਸ਼ਾਹ ਤੋਂ ਇਲਾਵਾ ਪਾਰਟੀ ਸਹਿਯੋਗੀਆਂ ਅਤੇ ਕਾਰਕੁੰਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪ੍ਰਦੇਸ਼ ‘ਚ ਵਿਕਾਸ ਦੇ ਲਈ ਕੰਮ ਕਰਨਗੇ। ਭਾਜਪਾ ਨੇ ਸੂਬੇ ‘ਚ ਤਿੰਨ ਚੌਥਾਈ ਤੋਂ ਵੱਧ ਬਹੁਮਤ ਹਾਸਲ ਕਰਕੇ 70 ਤੋਂ 57 ਵਿਧਾਨ ਸੀਟਾਂ ‘ਤੇ ਆਪਣੇ ਨਾਮ ਕੀਤੀਆਂ ਹਨ। ਭਾਜਪਾ ਦੀ ਇਹ ਜਿੱਤ ਸੂਬੇ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ।

