ਪੰਜਾਬ

ਸਿੱਧੂ ਦੇ ਟੀ.ਵੀ. ਸ਼ੋਅ ‘ਤੇ ਕੋਈ ਇਤਰਾਜ਼ ਨਹੀਂ ਪਰ ਐਡਵੋਕੇਟ ਜਨਰਲ ਦੀ ਸਲਾਹ ਦੀ ਉਡੀਕ ਕਰਾਂਗਾ-ਕੈਪਟਨ ਅਮਰਿੰਦਰ ਸਿੰਘ

ਜੇਕਰ ਸੱਭਿਆਚਾਰ ਵਿਭਾਗ ਦਾ ਸਿੱਧੂ ਦੇ ਟੀ.ਵੀ. ਕੰਮਕਾਜ ਨਾਲ ਕੋਈ ਟਕਰਾਅ ਹੋਇਆ ਤਾਂ ਵਿਭਾਗ ਬਦਲ ਦਿੱਤਾ ਜਾਵੇਗਾ
ਨਵੀਂ ਦਿੱਲੀ, 22 ਮਾਰਚ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਕੀਤਾ ਕਿ ਜੇਕਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਟੈਲੀਵਿਜ਼ਨ ਸ਼ੋਅ ਜਾਰੀ ਰੱਖਣਾ ਸੰਵਿਧਾਨਕ ਤੌਰ ‘ਤੇ ਜਾਇਜ਼ ਹੈ ਤਾਂ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਇਸ ਉਪਰ ਕੋਈ ਇਤਰਾਜ਼ ਨਹੀਂ ਹੈ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਐਡਵੋਕੇਟ ਜਨਰਲ ਦੀ ਸਲਾਹ ਦੀ ਉਡੀਕ ਕਰਨਗੇ।

ਇੱਥੇ ਸੰਸਦ ਭਵਨ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦਾ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਸਿੱਧੂ ਇਕ ਬੁੱਧੀਮਾਨ ਅਤੇ ਸੂਝਵਾਨ ਇਨਸਾਨ ਹਨ ਅਤੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਟੀ.ਵੀ. ਸ਼ੋਅ ਵਿੱਚ ਕੰਮ ਕਰਨ ਦੇ ਮਾਮਲੇ ਵਿੱਚ ਸੰਵਿਧਾਨਕ ਤੇ ਕਾਨੂੰਨੀ ਸਥਿਤੀ ਦੀ ਜਾਂਚ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਸੰਵਿਧਾਨਕ ਸਥਿਤੀ ਬਾਰੇ ਉਹ ਨਿੱਜੀ ਤੌਰ ‘ਤੇ ਜਾਣੂੰ ਨਹੀਂ ਹਨ ਅਤੇ ਉਹ ਐਡਵੋਕੇਟ ਜਨਰਲ ਦੀ ਸਲਾਹ ਦੀ ਉਡੀਕ ਕਰਨਗੇ।
ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਸਿੱਧੂ ਦੇ ਸੱਭਿਆਚਾਰ ਵਿਭਾਗ ਦਾ ਉਨ੍ਹਾਂ ਦੇ ਟੈਲੀਵੀਜ਼ਨ ਕੰਮਕਾਜ ਨਾਲ ਟਕਰਾਅ ਪੈਦਾ ਹੁੰਦਾ ਹੈ ਤਾਂ ਇਸ ਵਿਭਾਗ ਨੂੰ ਬਦਲਿਆ ਜਾ ਸਕਦਾ ਹੈ।
ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ‘ਤੇ 24 ਮਾਰਚ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਵਫ਼ਦ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਤਜਵੀਜ਼ਤ ਮੀਟਿੰਗ ਬਾਰੇ ਪੁੱਛੇ ਸੁਆਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਅਦਾਲਤੀ ਸੁਣਵਾਈ ਅਧੀਨ ਹੈ ਅਤੇ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਪਾਣੀਆਂ ਦੇ ਹੱਕ ਦੀ ਰਾਖੀ ਲਈ ਕਾਨੂੰਨ ਤੌਰ ‘ਤੇ ਲੜਾਈ ਲੜ ਰਹੀ ਹੈ।
ਹਾਲ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਬਾਰੇ ਪੁੱਛੇ ਸੁਆਲ ਦੇ ਜੁਆਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਸੂਬੇ ਵਿੱਚ ਕਾਂਗਰਸ ਲਈ ਚੋਣ ਜਿੱਤਣ ਦੀ ਰਣਨੀਤੀ ਘੜਨ ਵਿੱਚ ਸਹਾਈ ਹੋਇਆ ਹੈ।

Leave a Reply

Your email address will not be published. Required fields are marked *