ਕੀ ਤੁਸੀਂ ਮੰਤਰੀਆਂ ਨੂੰ ਭ੍ਰਿਸ਼ਟ ਬਣਾਉਣਾ ਚਾਹੁੰਦੇ ਹੋ?
ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਟੀ.ਵੀ. ਸ਼ੋਅ ਦੇ ਮਾਮਲੇ ‘ਤੇ ਦਿੱਤਾ ਪ੍ਰਤੀਕਰਮ
ਚੰਡੀਗੜ੍ਹ, 23 ਮਾਰਚ (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਟੀ.ਵੀ. ਸ਼ੋਅ ਵਿੱਚ ਹਿੱਸਾ ਲੈਣ ਦੇ ਮਾਮਲੇ ‘ਤੇ ਕੋਈ ਵਿਵਾਦ ਹੋਣ ਦੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ।
ਇਕ ਟੀ.ਵੀ. ਚੈਨਲ ਨਾਲ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਮਹਿਸੂਸ ਕਰਦੇ ਹਨ ਕਿ ਜੇਕਰ ਸ੍ਰੀ ਸਿੱਧੂ ਦੀ ਆਮਦਨ ਦਾ ਮੁੱਖ ਵਸੀਲਾ ਹੀ ਟੀ.ਵੀ. ਸ਼ੋਅ ਹਨ ਤਾਂ ਉਨ੍ਹਾਂ ਨੂੰ ਆਪਣੀ ਇਹ ਕਮਾਈ ਕਰਨਲਈ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਕੋਈ ਵਿਅਕਤੀ ਢੁਕਵੀਂ ਆਮਦਨ ਤੋਂ ਬਿਨਾਂ ਜੀਵਨ ਕਿਵੇਂ ਬਸਰ ਕਰੇ? ਉਨ੍ਹਾਂ ਕਿਹਾ,”ਕੀ ਇਹ ਲੋਕ ਸਿੱਧੂ ਦੇ ਟੀ.ਵੀ ਸ਼ੋਅ ਦਾ ਵਿਰੋਧ ਕਰਕੇ ਮੰਤਰੀਆਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਤੋਂ ਰੋਕ ਕੇ ਭ੍ਰਿਸ਼ਟ ਬਣਾਉਣਾ ਚਾਹੁੰਦੇ ਹਨ?
ਮੁੱਖ ਮੰਤਰੀ ਨੇ ਕਿਹਾ ਕਿ Àਹ ਇਸ ਮਾਮਲੇ ‘ਤੇ ਕਾਨੂੰਨੀ ਸਥਿਤੀ ਤੋਂ ਜਾਣੂੰ ਨਹੀਂ ਹਨ ਪਰ ਉਹ ਇਸ ਬਾਰੇ ਸੂਬੇ ਦੇ ਐਡਵੋਕੇਟ ਜਨਰਲ ਦੀ ਰਿਪੋਰਟ ਦੀ ਉਡੀਕ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਇਸ ਮਾਮਲੇ ਵਿੱਚ ਹਿੱਤਾਂ ਦੇ ਟਕਰਾਅ ਬਾਰੇ ਨਹੀਂ ਸੋਚਦੇ ਜਿਹਾ ਕਿ ਭਾਰਤ ਦੇ ਅਟਾਰਨੀ ਜਨਰਲ ਨੇ ਇਕ ਟੀ.ਵੀ. ਇੰਟਰਵਿਊ ਵਿੱਚ ਆਖਿਆ ਹੈ।
ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਕਿ ਸ੍ਰੀ ਸਿੱਧੂ ਵੱਲੋਂ ਟੈਲੀਵੀਜ਼ਨ ਸ਼ੋਅ ਜਾਰੀ ਰੱਖਣ ‘ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇਕਰ ਟੀ.ਵੀ. ਸ਼ੋਅ ਨਾਲ ਟਕਰਾਅ ਦੀ ਕੋਈ ਸਥਿਤੀ ਪੈਦਾ ਹੁੰਦੀ ਹੈ ਤਾਂ ਉਨ੍ਹਾਂ ਦਾ ਸੱਭਿਆਚਾਰ ਵਿਭਾਗ ਬਦਲ ਦਿੱਤਾ ਜਾਵੇਗਾ।

