ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਬਜਟ ਇਜਲਾਸ ਤੋਂ ਪਹਿਲਾਂ-ਮੁੱਖ ਮੰਤਰੀ
ਮੰਤਰੀਆਂ ਦੀ ਚੋਣ ਵੇਲੇ ਸੀਨੀਆਰਤਾ ਤੇ ਖੇਤਰ ਨੂੰ ਸਾਹਮਣੇ ਰੱਖਿਆ ਜਾਵੇਗਾ
ਚੰਡੀਗੜ੍ਹ, 23 ਮਾਰਚ (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੂਨ ਵਿੱਚ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਬਜਟ ਸਮਾਗਮ ਤੋਂ ਪਹਿਲਾਂ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨ ਦੇ ਸੰਕੇਤ ਦਿੱਤੇ ਹਨ।
ਅੱਜ ਇੱਕ ਟੀ.ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਆਪਣੇ ਮੰਤਰੀ ਮੰਡਲ ਦੀ ਚੋਣ ਕਰਨ ਲਈ ਪੂਰੀ ਆਜ਼ਾਦੀ ਦਿੱਤੀ ਸੀ ਅਤੇ ਉਨ੍ਹਾਂ ਨੇ ਸੀਨੀਆਰਤਾ, ਤਜਰਬੇ ਅਤੇ ਇਲਾਕੇ ਸਬੰਧੀ ਇਕਸਾਰਤਾ ਨੂੰ ਚੋਣ ਪ੍ਰਕਿਰਿਆ ਦਾ ਮੁੱਖ ਮਾਪਦੰਡ ਬਣਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਅੱਗੇ ਵੀ ਇਹ ਯਕੀਨੀ ਬਣਾਉਣਗੇ ਕਿ ਸੂਬਾ ਕੈਬਨਿਟ ਵਿੱਚ ਸਾਰੇ ਖਿੱਤਿਆਂ ਨੂੰ ਬਣਦੀ ਨੁਮਾਇੰਦਗੀ ਮਿਲੇ ਤਾਂ ਜੋ ਸੂਬੇ ਦਾ ਇਕਸਾਰ ਵਿਕਾਸ ਹੋ ਸਕੇ ਅਤੇ ਕੋਈ ਵੀ ਇਲਾਕਾ ਵਿਕਾਸ ਦੀ ਪ੍ਰਗਤੀ ਤੋਂ ਬਾਹਰ ਨਾ ਰਹੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੰਤਰੀ ਮੰਡਲ ਦਾ ਵਿਸਥਾਰ ਸਾਲ 2017-18 ਦਾ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਸਰਕਾਰ ਕੇਵਲ ਲੇਖਾ ਅਨੁਦਾਨ ਹੀ ਪੇਸ਼ ਕਰੇਗੀ। ਵਿਧਾਨ ਸਭਾ ਦਾ ਪਲੇਠਾ ਸਮਾਗਮ ਨਵੀਂ ਸੂਬਾ ਵਿਧਾਨ ਸਭਾ ਗਠਿਤ ਕਰਨ ਲਈ ਸ਼ੁਕਰਵਾਰ ਤੋਂ ਸੱਦਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਫਸਰਸ਼ਾਹਾਂ ਅਤੇ ਹੋਰ ਅਧਿਕਾਰੀਆਂ ਸਣੇ ਸਾਰੀਆਂ ਮਹੱਤਵਪੁਰਨ ਨਿਯੁਕਤੀਆਂ ਲਈ ਤਜਰਬੇ ਅਤੇ ਪੇਸ਼ੇਵਰ ਮੁਹਾਰਤ ਨੂੰ ਮਹੱਤਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਡੀ.ਜੀ.ਪੀ. ਸੁਰੇਸ਼ ਅਰੋੜਾ ਦੀਆਂ ਸੇਵਾਵਾਂ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਇਕ ਪੇਸ਼ੇਵਰ ਅਧਿਕਾਰੀ ਹੈ। ਮੁੱਖ ਸਕੱਤਰ ਨੂੰ ਤਬਦੀਲ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਦੀ ਪਿਛਲੀ ਸੱਤਾ ਨਾਲ ਨੇੜੇ ਦੀ ਸਾਂਝ ਸੀ।

