ਸਿੱਖਿਆ ਮੰਤਰੀ ਦੇ ਹੱਕ ‘ਚ ਨਿੱਤਰੇ ਦਲਿਤ ਸੰਗਠਨ
ਸ਼੍ਰੀਮਤੀ ਚੌਧਰੀ ‘ਤੇ ਦਬਾਅ ਬਣਾਉਣ ਲਈ ਬੇਲੋੜੀਆਂ ਗੱਲਾਂ ਨੂੰ ਦਿੱਤਾ ਜਾ ਰਿਹਾ ਤੂਲ
ਪਤੀ ਅਸ਼ੋਕ ਚੌਧਰੀ ਨੇ ਕੰਮ ‘ਚ ਹੱਥ ਵਟਾ ਕੇ ਨਹੀਂ ਕੀਤਾ ਕੋਈ ਅਪਰਾਧ
ਪੰਜਾਬੀਆਂ ਨੇ ਬੰਨ੍ਹਿਆਂ ਹੈ ‘ਪੰਜਾਬਣ’ ਸਿਰ ਤਿੰਨ ਵਾਰ ਜਿੱਤ ਦਾ ਸਿਹਰਾ
ਗੁਰਦਾਸਪੁਰ, 26 ਮਾਰਚ (ਸਰਬਜੀਤ ਸਾਗਰ)
ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਦੀ ਕਮਜ਼ੋਰ ਪੰਜਾਬੀ ਜ਼ੁਬਾਨ ਨੂੰ ਮੁੱਦਾ ਬਣਾ ਕੇ ਉਨ੍ਹਾਂ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਦੀ ਧਾਰ ਨੂੰ ਖੁੰਡਾ ਕਰਨ ਲਈ ਵਿਧਾਨ ਸਭਾ ਹਲਕਾ ਦੀਨਾਨਗਰ, ਭੋਆ ਅਤੇ ਪਠਾਨਕੋਟ ਦੇ ਵੱਖ-ਵੱਖ ਦਲਿਤ ਸੰਗਠਨ ਸ਼੍ਰੀਮਤੀ ਚੌਧਰੀ ਦੇ ਹੱਕ ਵਿੱਚ ਨਿੱਤਰ ਆਏ ਹਨ। ਇਨ੍ਹਾਂ ਸੰਗਠਨਾਂ ਨੇ ਇੱਕ ਸੁਰ ਹੋ ਕੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਪਹਿਲਾਂ ਸਿੱਖਿਆ ਮੰਤਰੀ ਨੂੰ ਘੱਟੋ-ਘੱਟ ਇੱਕ ਸਾਲ ਤੱਕ ਖ਼ੁਦਮੁਖਤਾਰੀ ਨਾਲ ਕੰਮ ਕਰਨ ਦਿੱਤਾ ਜਾਵੇ ਅਤੇ ਜੇਕਰ ਉਨ੍ਹਾਂ ਦੇ ਕੰਮ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਫਿਰ ਉਨ੍ਹਾਂ ਦਾ ਵਿਭਾਗ ਬਦਲਣ ਬਾਰੇ ਵਿਚਾਰ ਕਰਨ ।
ਅੰਬੇਦਕਰ ਸ਼ਕਤੀ ਸੈਨਾ ਦੇ ਚੀਫ਼ ਆਰਗੇਨਾਈਜ਼ਰ ਵੀਕੇ ਨਰੋਟੀਆ ਨੇ ਕਿਹਾ ਕਿ ਇੱਕ ਦਲਿਤ ਮਹਿਲਾ ਨੂੰ ਸਿੱਖਿਆ ਮੰਤਰੀ ਬਣਾਏ ਜਾਣ ਦੀ ਗੱਲ ਕੁਝ ਸਿਆਸਤਦਾਨਾਂ ਨੂੰ ਹਜ਼ਮ ਨਹੀਂ ਹੋ ਰਹੀ । ਜਿਸ ਕਾਰਨ ਉਨ੍ਹਾਂ ਵਿਰੁੱਧ ਭਾਸ਼ਾ ਨੂੰ ਲੈ ਕੇ ਝੂਠਾ ਪ੍ਰਚਾਰ ਕਰਕੇ ਉਨ੍ਹਾਂ ਦੇ ਬੇਦਾਗ਼ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖਿਆ ਮੰਤਰੀ ਵੱਲੋਂ ਦੋ ਨੰਬਰ ਵਿੱਚ ਪੱਤਰਕਾਰੀ ਦਾ ਕੰਮ ਕਰ ਰਹੇ ਅਧਿਆਪਕਾਂ ਨੂੰ ਨੁਕੇਲ ਪਾਉਣ ਉੱਤੇ ਵਿਚਾਰ ਕੀਤਾ ਜਾ ਰਿਹਾ ਸੀ। ਪਰ ਜਿਹੜੀ ਅਖ਼ਬਾਰ ਵਿਸ਼ੇਸ਼ ਤੌਰ ‘ਤੇ ਸ਼੍ਰੀਮਤੀ ਚੌਧਰੀ ਵਿਰੁੱਧ ਖ਼ਬਰਾਂ ਅਤੇ ਹੋਰ ਸਮੱਗਰੀ ਪਲਾਂਟ ਕਰ ਰਹੀ ਹੈ, ਅਕਾਲੀ ਸਰਕਾਰ ਦੇ ਆਸ਼ੀਰਵਾਦ ਨਾਲ ਉਸਦੇ 200 ਤੋਂ ਵੱਧ ਅਧਿਆਪਕ ਇਸ ਅਖ਼ਬਾਰ ਲਈ ਮੁਫ਼ਤ ਪੱਤਰਕਾਰੀ ਦੀ ਸੇਵਾ ਕਰ ਰਹੇ ਹਨ । ਇਸ ਲਈ ਸ਼੍ਰੀਮਤੀ ਚੌਧਰੀ ‘ਤੇ ਦਬਾਅ ਬਣਾਉਣ ਲਈ ਬੇਲੋੜੀਆਂ ਗੱਲਾਂ ਨੂੰ ਤੂਲ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਅਸ਼ੋਕ ਚੌਧਰੀ ਦਾ ਉਨ੍ਹਾਂ ਦੇ ਕੰਮ ਵਿੱਚ ਹੱਥ ਵਟਾਉਣਾ ਕਿਸੇ ਤਰ੍ਹਾਂ ਗ਼ਲਤ ਨਹੀਂ ਹੈ ਅਤੇ ਉਨ੍ਹਾਂ ਕੋਈ ਗਬਨ ਨਹੀਂ ਕੀਤਾ ਹੈ ਜਿਸ ਕਾਰਨ ਹੰਗਾਮਾ ਖੜਾ ਕੀਤਾ ਜਾ ਰਿਹਾ ਹੈ ।
ਆਰਟੀਆਈ ਐਕਟੀਵਿਸਟ ਫ਼ਰੰਟ ਦੇ ਪ੍ਰਧਾਨ ਅਤੇ ਹਲਕਾ ਭੋਆ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਡਾ. ਵਿਨੋਦ ਕੁਮਾਰ ਨੇ ਕਿਹਾ ਕਿ ਇੱਕ ਦਲਿਤ ਮਹਿਲਾ ਨੂੰ ਸਿੱਖਿਆ ਮੰਤਰੀ ਬਣਾਏ ਜਾਣ ਦੀ ਗੱਲ ਕੁਝ ਕਾਰੋਬਾਰੀ ਲੋਕਾਂ ਨੂੰ ਰਾਸ ਨਹੀਂ ਆ ਰਹੀ । ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸ਼੍ਰੀਮਤੀ ਚੌਧਰੀ ਦੀ ਤੁਲਨਾ ਅਕਾਲੀ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨਾਲ ਕਰ ਰਹੇ ਹਨ, ਉਨ੍ਹਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਜੇਕਰ ਸ. ਚੀਮਾ ਦੇ ਕੰਮ ਏਨੇ ਹੀ ਵਧੀਆ ਸਨ ਤਾਂ ਉਹ ਵਿਧਾਨ ਸਭਾ ਚੋਣਾਂ ਵਿੱਚ ਤੀਸਜੀ ਪੁਜ਼ੀਸ਼ਨ ‘ਤੇ ਕਿਉਂ ਚਲੇ ਗਏ?
ਦਲਿਤ ਆਗੂ ਤੇ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਲਾਲ ਬਨੌਤਰਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀ ਦੇ ਮੁੱਦਈ ਲੋਕਾਂ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਪਿਛਲੇ ਦੱਸ ਸਾਲਾਂ ਦੌਰਾਨ ਅਸਲ ‘ਚ ਕਿੰਨੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਵਾਈ ਗਈ ਹੈ । ਪੰਜਾਬੀ ਦੇ ਮੁਕਾਬਲੇ ਹਿੰਦੀ ਅਖ਼ਬਾਰਾਂ ਤੇ ਕਿਤਾਬਾਂ ਕਿਉਂ ਵੱਧ ਛੱਪ ਰਹੀਆਂ ਹਨ ਅਤੇ ਦੱਸ ਸਾਲਾਂ ਦੌਰਾਨ ਪੰਜਾਬੀ ਦਾ ਬੇੜਾ ਕਿਸ ਨੇ ਗਰਕ ਕੀਤਾ ਹੈ । ਉਨ੍ਹਾਂ ਸੁਆਲ ਕੀਤਾ ਕਿ ਮੁਸ਼ਾਇਰਿਆਂ ਵਿੱਚ ਅੱਜ ਵੀ ਪੰਜਾਬੀ ਭਾਸ਼ਾ ਦੇ ਸ਼ਾਇਰਾਂ ਨਾਲੋਂ ਹਿੰਦੀ ਦੇ ਸ਼ਾਇਰਾਂ ਦਾ ਮੇਹਨਤਾਨਾ ਵੱਧ ਕਿਉਂ ਹੈ?
ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਰਮੇਸ਼ ਕੁਮਾਰ ਅਤੇ ਐਸਸੀਬੀਸੀ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਲੁਭਾਇਆ ਰਾਮ ਨੇ ਕਿਹਾ ਕਿ ਸ਼੍ਰੀਮਤੀ ਚੌਧਰੀ ਨੂੰ ਸਿਰਫ਼ ਦਲਿਤ ਹੋਣ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਉਨ੍ਹਾਂ ਦੇ ਸਿੱਖਿਆ ਮੰਤਰੀ ਬਣਨ ਨਾਲ ਦਲਿਤ ਭਾਈਚਾਰੇ ਦਾ ਸਿਰ ਉੱਚਾ ਹੋਇਆ ਹੈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਦਲਿਤ ਸਮਾਜ ਇਹ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਕਿ ਸ਼੍ਰੀਮਤੀ ਚੌਧਰੀ ਦੇ ਕੰਮ ਵਿੱਚ ਖਲਲ ਪਾਇਆ ਜਾਵੇ ਅਤੇ ਉਨਾਂ ਦਾ ਅਕਸ ਖ਼ਰਾਬ ਕਰਕੇ ਉਨ੍ਹਾਂ ਦਾ ਵਿਭਾਗ ਬਦਲਿਆ ਜਾਵੇ ।
ਨਾਭਾ ਦਾਸ ਮਹਾਸ਼ਾ ਮਹਾਂਸਭਾ ਪੰਜਾਬ ਦੇ ਚੇਅਰਮੈਨ ਸੂਰਜ ਪ੍ਰਕਾਸ਼ ਨੇ ਕਿਹਾ ਕਿ ਸ਼੍ਰੀਮਤੀ ਚੌਧਰੀ ਪੂਰੀ ਤਰ੍ਹਾਂ ਪੰਜਾਬੀ ਹੈ ਅਤੇ ਪਿਛਲੇ 40 ਸਾਲ ਤੋਂ ਉਨ੍ਹਾਂ ਪੰਜਾਬੀ ਜ਼ੁਬਾਨ ਤੇ ਪੰਜਾਬੀ ਸੱਭਿਆਚਾਰ ਨੂੰ ਅਪਣਾਇਆ ਹੈ। ਇਸ ਲਈ ਦਲਿਤ ਸਮਾਜ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਦਲਿਤ ਹੋਣ ਕਾਰਨ ਉਨ੍ਹਾਂ ਨੂੰ ਨਿਗੂਣੀਆਂ ਗੱਲਾਂ ਦੀ ਆੜ ਹੇਠ ਬਲੀ ਦਾ ਬੱਕਰਾ ਬਣਾਇਆ ਜਾਵੇ। ਇਸੇ ਤਰ੍ਹਾਂ ਦਰਜਨ ਤੋਂ ਵੱਧ ਹੋਰ ਦਲਿਤ ਜਥੇਬੰਦੀਆਂ ਨੇ ਆਪਣੇ-ਆਪਣੇ ਢੰਗ ਨਾਲ ਸ਼੍ਰੀਮਤੀ ਚੌਧਰੀ ਦੇ ਮੁੱਦੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਉਨ੍ਹਾਂ ਲੋਕਾਂ ਦੀ ਆਲੋਚਨਾਂ ਵੀ ਕੀਤੀ ਹੈ ਜੋ ਸ਼੍ਰੀਮਤੀ ਚੌਧਰੀ ਖ਼ਿਲਾਫ਼ ਨਿੱਜੀ ਹਿੱਤਾਂ ਕਾਰਨ ਮੋਰਚਾ ਖੋਲ੍ਹ ਕੇ ਉਨ੍ਹਾਂ ਦਾ ਅਕਸ ਬਿਗਾੜਨ ਦਾ ਯਤਨ ਕਰ ਰਹੇ ਹਨ ।

