ਪੰਜਾਬਪਟਿਆਲਾ

ਗੁਰਬਾਣੀ ਤੇ ਭਗਤੀ ‘ਤੇ ਵਿਵਾਦ : ਸੰਤ ਢੱਡਰੀਆਂ ਵਾਲਿਆਂ ਦੇ ਨਾ ਆਉਣ ਕਾਰਨ ਗੱਲਬਾਤ ਰਹੀ ਬੇਸਿੱਟਾ

‘ਟਾਕ-ਟੇਬਲ’ ਨਹੀਂ ਕਰਾਂਗਾ, ਸੰਗਤ ਨੂੰ ਜਵਾਬਦੇਹ ਹਾਂ : ਸੰਤ ਰਣਜੀਤ ਸਿੰਘ ਢੱਡਰੀਆਂ
ਗੁਰਬਾਣੀ ਨੂੰ ਤੋੜ ਮਰੋੜ ਕੇ ਸੰਗਤਾਂ ਅੱਗੇ ਪੇਸ਼ ਕਰਨਾ ਗਲਤ, ਬਰਦਾਸ਼ਤ ਨਹੀਂ ਕਰਾਂਗੇ : ਅਮਰੀਕ ਸਿੰਘ ਅਜਨਾਲਾ
ਪਟਿਆਲਾ 27 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ੍ਰੀ ਗ੍ਰੰਥ ਸਾਹਿਬ ਬਾਣੀ ਦੀਆਂ ਤੁਕਾਂ ਅਤੇ ਬਾਬਾ ਬਕਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਵੱਲੋਂ ਕੀਤੀ ਭਗਤੀ ਨੂੰ ਲੈ ਕੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵੱਲੋਂ ਕਈ ਪ੍ਰਕਾਰ ਦੇ ਸ਼ੰਕੇ ਪੈਦਾ ਕੀਤੇ ਜਾਣ ਕਾਰਨ ਦਮਦਮੀ ਟਕਸਾਲ ਦੇ ਆਗੂ ਅਮਰੀਕ ਸਿੰਘ ਅਜਨਾਲਾ ‘ਚ ਮਾਮਲੇ ਨੂੰ ਸੁਲਝਾਉਣ ਲਈ ਪੁਲਿਸ ਪ੍ਰਸ਼ਾਸਨ ਨੇ ਦੋਵੇਂ ਧਿਰਾਂ ‘ਚ ਰਾਏ ਸਹਿਮਤੀ ਬਣਾਉਣ ਲਈ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਬੁਲਾਇਆ, ਪ੍ਰੰਤੂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾ ਆਉਣ ਅਤੇ ਕੋਈ ਵੀ ਨੁਮਾਇੰਦਾ ਭੇਜਣ ਕਾਰਨ ਮਾਮਲੇ ‘ਤੇ ਵਿਵਾਦ ਲਟਕਕੇ ਰਹਿ ਗਿਆ ਕਿਉਂਕਿ ਢੱਡਰੀਆਂ ਵਾਲਿਆਂ ਵੱਲੋਂ ਸੱਦੇ ਨੂੰ ਪ੍ਰਵਾਨ ਨਾ ਕਰਦਿਆਂ ਟਾਕ-ਟੇਬਲ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ।

ਦੂਜੇ ਪਾਸੇ ਅਮਰੀਕ ਸਿੰਘ ਅਜਨਾਲਾ ਆਪਣੇ ਸਿੰਘ ਸਾਥੀਆਂ ਨਾਲ ਦਿੱਤੇ ਗਏ ਸਮੇਂ ‘ਤੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਪਹੁੰਚ ਗਏ, ਜਿਥੇ ਉਨ੍ਹਾਂ ਸਭ ਤੋਂ ਪਹਿਲਾਂ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬਾਅਦ ‘ਚ ਉਹ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉਡੀਕ ਕਰਦੇ ਰਹੇ। ਇਸ ਮੌਕੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਪੁਲਿਸ ਵੱਡੀ ਗਿਣਤੀ ‘ਚ ਮੌਜੂਦ ਰਹੀ ਅਤੇ ਪੁਲਿਸ ਪ੍ਰਸ਼ਾਸਨ ਨੇ ਦੋਵੇਂ ਧਿਰਾਂ ਦਰਮਿਆਨ ਟਕਰਾਅ ਨੂੰ ਟਾਲਣ ਲਈ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹੋਏ ਸਨ। ਦੋਵਾਂ ਧਿਰਾਂ ‘ਚ ਸੁਲਾਹ ਸਹਿਮਤੀ ਕਰਵਾਉਣ ਲਈ ਐਸਐਸਪੀ ਪਟਿਆਲਾ ਡਾ. ਐਸ ਭੂਪਤੀ, ਐਸਡੀਐਮ ਪੂਜਾ ਸਿਆਲ ਸਮੇਤ ਕਈ ਉਚ ਪੁਲਿਸ ਅਧਿਕਾਰੀ ਦੁਪਹਿਰ ਤੱਕ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਬੈਠੇ ਰਹੇ।
ਇਸ ਦੌਰਾਨ ਦੁਪਹਿਰ ਤੱਕ ਜਦੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾ ਆਉਣ ਦੀ ਖ਼ਬਰ ਅਮਰੀਕ ਸਿੰਘ ਅਜਨਾਲਾ ਤੱਕ ਪੁੱਜੀ ਤਾਂ ਉਹ ਉਥੇ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਧਿਰਾਂ ‘ਚ ਸ਼ੰਕਿਆਂ ਨੂੰ ਦੂਰ ਕਰਨ ਲਈ ਪ੍ਰਸ਼ਾਸਨ ਨੇ ਬੁਲਾਇਆ ਸੀ, ਪ੍ਰੰਤੂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾ ਆਉਣ ਕਾਰਨ ਸਾਡੇ ਸਵਾਲ ਉਥੇ ਹੀ ਖੜੇ ਹਨ। ਉਨ੍ਹਾਂ ਕਿਹਾ ਕਿ ਭਰੋਸਾ ਮਿਲਣ ਤੋਂ ਸਾਡੇ ਮਸਲੇ ਦੇ ਹੱਲ ਲਈ ਆਪਸੀ ਗੱਲਬਾਤ ਵਾਲਾ ਰਾਹ ਫੜਿਆ ਸੀ, ਪ੍ਰੰਤੂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੋਸ਼ਲ ਮੀਡੀਏ ਰਾਹੀਂ ਗੁਰਬਾਣੀ ਪ੍ਰਤੀ ਕੋਈ ਟਿੱਪਣੀ ਕੀਤੇ ਜਾਣ ਤੋਂ ਸਾਫ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਨੂੰ ਤੋੜ ਮਰੋੜ ਕੇ ਸੰਗਤਾਂ ਅੱਗੇ ਪੇਸ਼ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਦੋਵੇਂ ਧਿਰਾਂ ਨੂੰ ਬੁਲਾ ਕੇ ਕੋਈ ਮਸਲੇ ਦਾ ਹੱਲ ਕੱਢਣ ‘ਚ ਦਿਲਚਸਪੀ ਰੱਖਦਾ ਹੈ ਤਾਂ ਅਸੀਂ ਮੁੜ ਬੈਠ ਕੇ ਮਸਲਾ ਨਜਿੱਠਣ ਲਈ ਤਿਆਰ ਹਾਂ।
ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਗੱਲਬਾਤ ਨੂੰ ਤਰਜੀਹ ਨਾ ਦਿੰਦਿਆਂ ਉਨ੍ਹਾਂ ਇਕ ਵੀਡੀਓ ਵਾਇਰਲ ਕਰਦਿਆਂ ਸੰਦੇਸ਼ ਦਿੱਤਾ ਕਿ ਉਹ ਸਮੂਹ ਸੰਗਤ ਨੂੰ ਜਵਾਬ ਦੇਹ ਹਨ ਅਤੇ ਕਿਸੇ ਵੀ ਧਿਰ ਨਾਲ ਬੈਠ ਕੇ ਉਹ ਕਿਸੇ ਵੀ ਤਰ੍ਹਾਂ ਦਾ ਸਪੱਸ਼ਟੀਕਰਨ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਦੇ ਨਾ ਆਉਣ ‘ਤੇ ਜਦੋਂ ਗੱਲਬਾਤ ਲਈ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਸੇਵਾਦਾਰ ਨੇ ਕਿਹਾ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜੋ ਕਹਿਣਾ ਸੀ ਉਹ ਇਕ ਵੀਡੀਓ ਰਾਹੀਂ ਸੰਦੇਸ਼ ਰੂਪ ‘ਚ ਸਪੱਸ਼ਟ ਕਰ ਦਿੱਤਾ ਗਿਆ ਇਸ ਲਈ ਸਾਡੇ ਵੱਲੋਂ ਕੋਈ ਵੀ ਨੁਮਾਇੰਦਾ ਜਾਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਖ਼ੁਦ ਨਾ ਆਉਣਗੇ ਅਤੇ ਨਾ ਆਉਣਾ ਠੀਕ ਸਮਝਦੇ ਹਨ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀਡੀਓ ਰਾਹੀਂ ਸਪੱਸ਼ਟ ਕੀਤਾ ਕਿ ਉਹ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕ ਹਨ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਉਨ੍ਹਾਂ ਦਾ ਮੰਤਵ ਹੈ। ਉਨ੍ਹਾਂ ਕਿਹਾ ਕਿ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਭਗਤੀ ਨੂੰ ਲੈ ਕੇ ਕਦੇ ਵੀ ਵਿਵਾਦਤ ਟਿੱਪਣੀ ਨਹੀਂ ਕੀਤੀ ਅਤੇ ਨਾ ਹੀ ਸੰਗਤਾਂ ਨੂੰ ਗੁੰਮਰਾਹ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਿਰਫ ਸੰਗਤ ਨੂੰ ਜਵਾਬ ਦੇ ਹਨ ਅਤੇ ਕਿਸੇ ਧਿਰ ਵੱਲੋਂ ਪੈਦਾ ਕੀਤੇ ਸ਼ੰਕਿਆਂ ਦਾ ਜਵਾਬ ਦੇਣ ਨੂੰ ਪ੍ਰਵਾਨ ਨਹੀਂ ਕਰਦੇ।
ਟਕਰਾਅ ਦੇ ਚੱਲਦਿਆਂ ਗੁਰਦੁਆਰਾ ਦੁਖਨਿਵਾਰਨ ਸਾਹਿਬ ਦਫਤਰ ਕੀਤਾ ਸੀਲ
ਪੁਲਿਸ ਪ੍ਰਸ਼ਾਸਨ ਵੱਲੋਂ ਮਸਲੇ ਦੇ ਹੱਲ ਲਈ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਸੰਤ ਰਣਜੀਤ ਸਿੰਘ ਢੱਡਰੀਆਂ ਅਤੇ ਦਮਦਮੀ ਟਕਸਾਲੀ ਦੇ ਅਮਰੀਕ ਸਿੰਘ ਅਜਨਾਲਾ ਨੂੰ ਬੁਲਾਇਆ ਗਿਆ ਸੀ, ਪ੍ਰੰਤੂ ਦੋਵੇਂ ਧਿਰਾਂ ‘ਚ ਬਣਦੇ ਟਕਰਾਅ ਨੂੰ ਵੇਖਦੇ ਹੋਏ ਗੁਰਦੁਆਰਾ ਦੁਖਨਿਵਾਰਨ ਸਾਹਿਬ ਦਫਤਰ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਅਤੇ ਕਿਸੇ ਨੂੰ ਅੰਦਰ-ਬਾਹਰ ਜਾਣ ਦੀ ਇਜ਼ਾਜਤ ਨਹੀਂ ਸੀ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾ ਆਉਣ ਅਤੇ ਅਮਰੀਕ ਸਿੰਘ ਅਜਨਾਲਾ ਵੱਲੋਂ ਚਲੇ ਜਾਣ ਤੋਂ ਬਾਅਦ ਹੀ ਦਫਤਰ ਨੂੰ ਖੋਲ੍ਹਿਆ ਗਿਆ।

Leave a Reply

Your email address will not be published. Required fields are marked *